ਕੀ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਦਾ ਸਮਰਥ ਹੋਵੇਗਾ ਕਿਸਾਨ ਸੰਘਰਸ਼?


ਐਸ ਏ ਐਸ ਨਗਰ, 18 ਨਵੰਬਰ (ਸ.ਬ.) ਪੰਜਾਬ ਵਿੱਚ ਇਸ ਸਮੇਂ ਚੱਲ ਰਿਹਾ ਕਿਸਾਨ ਸੰਘਰਸ਼ ਜਿਥੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗਲਬਾਤ ਕਰਨ ਲਈ ਮਜਬੂਰ ਕਰ ਚੁਕਿਆ ਹੈ ਉਥੇ ਦੂਜੇ ਪਾਸੇ ਕਿਸਾਨ ਸੰਘਰਸ਼ ਕਾਰਨ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਕੁਝ ਹੱਦ ਤਕ ਬਦਲਦੀ ਨਜਰ ਆ ਰਹੀ ਹੈ| ਭਾਵੇਂ ਕਿ ਇਹ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਇਹ ਗਲਬਾਤ ਅਜੇ ਤਕ ਬੇਸਿੱਟਾ ਰਹੀ ਹੈ ਪਰੰਤੂ ਪੰਜਾਬ ਦੀ ਸਿਆਸੋਤ ਤੇ ਕਿਸਾਨ ਸੰਘਰਸ਼ ਦਾ ਅਸਰ ਸਾਫ ਨਜਰ ਆ ਰਿਹਾ ਹੈ| 
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਸੀਜਣ ਹੋਣ ਦੇ ਬਾਵਜੂਦ ਜਿੱਥੇ ਕਿਸਾਨਾਂ ਦੇ ਧਰਨਿਆਂ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲ ਰਹੀ ਹੈ, ਉਥੇ ਇਸ ਸੰਘਰਸ਼ ਨੂੰ ਆਮ ਲੋਕਾਂ ਦਾ ਵੀ ਕਾਫੀ ਸਮਰਥਨ ਮਿਲ ਰਿਹਾ ਹੈ| ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਨੇ ਵੱਖ ਵੱਖ ਰਾਜਸੀ ਪਾਰਟੀਆਂ ਨੂੰ ਵੀ ਸਮਰਥਣ ਦੇਣ ਲਈ ਮਜਬੂਰ ਕਰ ਦਿਤਾ ਹੈ| ਹਾਲਾਤ ਇਹ ਹਨ ਕਿ ਜਿਹੜੀਆਂ ਰਾਜਸੀ ਪਾਰਟੀਆਂ ਕਿਸਾਨ ਮਸਲਿਆਂ ਪ੍ਰਤੀ ਅਕਸਰ ਅਵੇਸਲੀਆਂ ਨਜਰ ਆਉਂਦੀਆਂ ਸਨ, ਉਹ ਵੀ ਕਿਸਾਨਾਂ ਦੀ ਹਮਦਰਦੀ ਲੈਣ ਲਈ ਯਤਨ ਕਰਦੀਆ ਲਜਰ ਆ ਰਹੀਆਂ ਹਨ| 
ਅਸਲ ਵਿੱਚ ਰਾਜਸੀ ਪਾਰਟੀਆਂ ਵਲੋਂ ਕਿਸਾਨਾਂ ਦੇ ਸੰਘਰਸ ਦਾ ਸਮਰਥਨ ਕਰਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ| ਇਹ ਗੱਲ ਹੋਰ ਹੈ ਕਿ ਕਿਸਾਨਾਂ ਦੀ ਏਕਤਾ ਕਾਰਨ ਇਹ ਤਮਾਮ ਸਿਆਸੀ ਪਾਰਟੀਆਂ ਆਪਣੇ ਇਸ ਟੀਚੇ ਨੂੰ ਹਾਸਿਲ ਕਰਦੀਆਂ ਨਹੀਂ ਦਿਖਦੀਆਂ ਪਰ ਕਿਸਾਨਾਂ ਦੇ ਸੰਘਰਸ਼ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣ ਲਈ ਮਜਬੂਰ ਕਰ ਦਿਤਾ ਹੈ| 
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਥੇ ਵੱਡੀ ਗਿਣਤੀ ਲੋਕਾਂ ਦਾ ਕੰਮ ਧੰਦਾ ਖੇਤੀ ਜਾਂ ਖੇਤੀ ਤੇ ਆਧਾਰਿਤ ਕੰਮਕਾਜ ਹਨ| ਪੰਜਾਬ ਵਿਚ ਅਜਿਹੇ ਵੱਡੀ ਗਿਣਤੀ  ਹੋਰ ਕੰਮ ਹਨ ਜੋ ਕਿ ਖੇਤੀਬਾੜੀ ਨਾਲ ਜੁੜੇ ਹੋਏ ਹਨ| ਆੜਤੀਏ, ਲੋਹਾਰ, ਤਰਖਾਣ, ਰੇਹ, ਖਾਦਾਂ, ਬੀਜ, ਖੇਤੀ ਦੀਆਂ ਦਵਾਈਆਂ, ਕੀੜੇਮਾਰ ਦਵਾਈਆਂ ਅਤੇ ਹੋਰ ਕਈ ਕੰਮ ਅਜਿਹੇ ਹਨ ਜਿਹੜੇ ਖੇਤੀ ਤੇ ਹੀ ਨਿਰਭਰ ਹਨ ਅਤੇ ਇਹ ਕੰਮ ਤਾਂ ਹੀ ਚਲਦੇ ਹਨ, ਜੇ ਕਿਸਾਨਾਂ ਦੀ ਫਸਲ ਚੰਗੀ ਹੋਵੇ| 
ਇਹਨਾਂ ਸਾਰਿਆਂ ਦੀ ਰੋਜੀ ਰੋਟੀ ਵੀ ਕਿਸਾਨਾਂ ਦੀ ਫਸਲ ਤੋਂ ਹੋਣ ਵਾਲੀ ਆਮਦਨ ਤੇ ਹੀ ਨਿਰਭਰ ਹੈ| ਨਵੀਂ ਫਸਲ ਆਉਣ ਨਾਲ ਹੋਣ ਵਾਲੀ ਆਮਦਨੀ ਨਾਲ ਜਿਥੇ ਕਿਸਾਨਾਂ ਵਲੋਂ ਆੜਤੀਆਂ ਦਾ ਪਿਛਲਾ ਹਿਸਾਬ ਕਲੀਅਰ ਕੀਤਾ ਜਾਂਦਾ ਹੈ, ਉਥੇ ਕਿਸਾਨਾਂ ਵਲੋਂ ਬਾਕੀ ਕੰਮਾਂ ਧੰਧਿਆਂ ਵਾਲਿਆਂ ਦੀ ਅਦਾਇਗੀ ਵੀ ਹਾੜੀ ਸਾਉਣੀ ਹੀ ਹੁੰਦੀ ਹੇ| 
ਇਹ ਸਾਰੇ ਵਰਗ ਕਿਸਾਨਾਂ ਦੇ ਹੱਕ ਵਿੱਚ ਇਸ ਸਮੇਂ ਕਿਸਾਨ ਸੰਘਰਸ਼ ਦੌਰਾਨ ਚਲ ਰਹੇ ਹਨ| ਜਿਸ ਕਰਕੇ ਕਿਸਾਨਾਂ  ਅਤੇ ਖੇਤੀ ਨਾਲ ਸਬੰਧਿਤ ਕੰਮ ਕਰਨ ਵਾਲਿਆਂ ਦੀਆਂ ਵੋਟਾਂ ਦੀ ਗਿਣਤੀ ਸਭ ਤੋਂ ਵੱਧ ਹੋ ਜਾਂਦੀ ਹੈ| ਕਿਸਾਨਾਂ ਦੇ ਨਾਲ ਮਜਦੂਰ ਵਰਗ ਸ਼ਾਮਲ ਹੁੰਦਾ ਹੈ| ਇਸ ਕਰਕੇ ਕੋਈ ਵੀ ਰਾਜਸੀ ਪਾਰਟੀ ਹੁਣ ਕਿਸਾਨਾਂ ਮਜਦੂਰਾਂ ਨੂੰ ਨਾਰਾਜ ਕਰਨ ਦਾ ਹੀਆ ਨਹੀਂ ਕਰ ਸਕਦੀ| 
ਕਿਸਾਨ ਸੰਘਰਸ਼ ਕਾਰਨ ਹੁਣ ਹਰ ਰਾਜਸੀ ਪਾਰਟੀ ਨੂੰ ਜਿਥੇ ਕਿਸਾਨਾਂ ਨੂੰ ਸਮਰਥਣ ਦੇਣ ਲਈ ਮਜਬੂਰ ਹੋਣਾ ਪਿਆ ਹੈ, ਉਥੇ ਭਾਜਪਾ ਹੁਣੈ ਵੀ ਖੇਤੀ ਕਾਨੂੰਨਾਂ ਦੇ ਪੱਖ ਵਿਚ ਖੜੀ ਹੈ ਅਤੇ ਕਿਸਾਨ  ਅੰਦੋਲਨ ਦੇ ਵਿਰੁੱਧ ਭੁਗਤ ਰਹੀ ਹੈ| ਇਸ ਦੌਰਾਨ ਭਾਜਪਾ ਦੇ ਕਿਸਾਨ ਵਿੰਗ ਦੇ ਕੁੱਝ ਆਗੂਆਂ ਵਲੋਂ ਪਾਰਟੀ ਤੋਂ ਅਸਤੀਫੇ ਵੀ ਦੇ ਦਿੱਤੇ ਗਏ ਹਨ ਅਤੇ ਦੂਜੇ ਪਾਸੇ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ| 
ਕਿਸਾਨ ਸੰਘਰਸ਼ ਦੇ ਲੰਮਾਂ ਚੱਲਣ ਕਾਰਨ ਅਤੇ ਕਿਸਾਨ ਸੰਘਰਸ ਨੂੰ ਮਿਲ ਰਹੇ ਚੰਗੇ ਹੁੰਗਾਰੇ ਕਾਰਨ ਰਾਜਸੀ ਪਾਰਟੀਆਂ ਸੋਚੀ ਪੈ ਗਈਆਂ ਹਨ ਅਤੇ ਹੁਣ ਲਗਭਗ ਸਾਰੀਆਂ ਪਾਰਟੀਆਂ ਕਿਸਾਨਾਂ ਮਜਦੂਰਾਂ ਦੀਆਂ ਵੋਟਾਂ ਪੱਕੀਆਂ ਕਰਨ ਨੂੰ ਮੁੱਖ ਰੱਖ ਕੇ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਰਣਨੀਤੀ ਬਣਾ ਰਹੀਆਂ ਹਨ ਜਿਸ ਕਾਰਨ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਬਦਲਦੀ ਪ੍ਰਤੀਤ ਹੋ ਰਹੀ ਹੈ| ਪਰੰਤੂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਕਿਸਾਨ ਸੰਘਰਸ਼ ਕਾਰਨ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਕਿੰਨੀ ਕੁ ਬਦਲਦੀ ਹੈ|

Leave a Reply

Your email address will not be published. Required fields are marked *