ਕੀ ਭਾਜਪਾ ਅਗਵਾਈ ਵਾਲੀ ਸਰਕਾਰ ਆਉਣ ਵਾਲੀਆਂ ਲੋਕਸਭਾ ਚੋਣਾਂ ਲਈ ਤਿਆਰ ਹੈ?

ਦੇਸ਼ ਵਿੱਚ ਖੇਤਰੀ ਪਾਰਟੀਆਂ ਫਿਰ ਤੋਂ ਜੜ੍ਹਾਂ ਜਮਾਉਣ ਲੱਗੀਆਂ ਹਨ| ਭਾਜਪਾ ਦੇ ਰਾਸ਼ਟਰੀ ਪੱਧਰ ਤੇ ਉਭਾਰ ਤੋਂ ਬਾਅਦ ਲੱਗਣ ਲੱਗਿਆ ਸੀ ਕਿ ਹੁਣ ਖੇਤਰੀ ਪਾਰਟੀਆਂ ਦਾ ਜਮਾਨਾ ਲੱਦ ਗਿਆ ਹੈ| ਕਰਨਾਟਕ ਚੋਣਾਂ ਦੇ ਨਤੀਜਿਆਂ ਨੇ ਸਾਫ ਕਰ ਦਿੱਤਾ ਕਿ ਅਜਿਹਾ ਸੋਚਣਾ ਗਲਤ ਹੋਵੇਗਾ ਕਿ ਇਹਨਾਂ ਪਾਰਟੀਆਂ ਦੀ ਲੋਕਪ੍ਰਿਅਤਾ ਘੱਟ ਹੋਈ ਹੈ| ਮਹਾਰਾਸ਼ਟਰ ਦੇ ਭੰਡਾਰਾ ਦੀ ਲੋਕ ਸਭਾ ਸੀਟ ਐਨਸੀਪੀ ਨੇ ਜਿੱਤ ਲਈ ਅਤੇ ਪਾਲਘਰ ਦੀ ਸੀਟ ਤੇ ਸ਼ਿਵ ਸੈਨਾ ਨੇ ਭਾਜਪਾ ਨੂੰ ਸਖਤ ਟੱਕਰ ਦਿੱਤੀ| 2019 ਦੀਆਂ ਚੋਣਾਂ ਵਿੱਚ ਸੱਤਾ ਦੀ ਕੁੰਜੀ ਖੇਤਰੀ ਦਲਾਂ ਦੇ ਕੋਲ ਹੋਵੇਗੀ|
ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ ਕਈ ਰਾਜਾਂ ਵਿੱਚ ਖੇਤਰੀ ਪਾਰਟੀਆਂ ਭਾਜਪਾ ਨੂੰ ਟੱਕਰ ਦੇ ਰਹੀਆਂ ਹਨ| ਕੁੱਝ ਰਾਜਾਂ ਵਿੱਚ ਤਾਂ ਉਨ੍ਹਾਂ ਦੀ ਇੰਨੀ ਤਾਕਤ ਹੈ ਕਿ ਉਹ ਰਾਸ਼ਟਰੀ ਪਾਰਟੀਆਂ ਨੂੰ ਗਿਣਤੀ ਵਿੱਚ ਵੀ ਨਹੀਂ ਲੈਂਦੀਆਂ ਹਨ| ਇਸ ਵਿੱਚ ਮਮਤਾ ਬੈਨਰਜੀ ਅਤੇ ਨਵੀਨ ਪਟਨਾਇਕ ਦੀ ਪਾਰਟੀ ਦੇ ਨਾਮ ਤਾਂ ਲਏ ਹੀ ਜਾਣਗੇ| ਲਾਲੂ ਪ੍ਰਸਾਦ, ਚੰਦਰ ਬਾਬੂ ਅਤੇ ਨੀਤੀਸ਼ ਕੁਮਾਰ ਦੀਆਂ ਪਾਰਟੀਆਂ ਦੇ ਨਾਮ ਵੀ ਆਉਣਗੇ | ਬਿਹਾਰ ਵਿੱਚ ਰਾਮਵਿਲਾਸ ਪਾਸਵਾਨ ਅਤੇ ਉਪੇਂਦਰ ਕੁਸ਼ਵਾਹਾ ਦੀਆਂ ਪਾਰਟੀਆਂ ਵੀ ਭਾਜਪਾ ਨੂੰ ਅੱਖਾਂ ਦਿਖਾ ਰਹੀ ਹੈ| ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਅਤੇ ਮਾਇਆਵਤੀ ਦੀਆਂ ਪਾਰਟੀਆਂ ਹੀ ਨਹੀਂ, ਅਜੀਤ ਸਿੰਘ ਦੀ ਪਾਰਟੀ ਵੀ ਕਰਤਬ ਵਿਖਾਉਣ ਦੇ ਮੂਡ ਵਿੱਚ ਹੈ| ਤਮਿਲਨਾਡੂ ਵਿੱਚ ਤਾਂ ਰਾਸ਼ਟਰੀ ਪਾਰਟੀਆਂ ਦਾ ਟਿਕਟ ਕਾਫੀ ਪਹਿਲਾਂ ਕਟ ਚੁੱਕਿਆ ਹੈ| ਚੋਣਾਂ ਦੇ ਨੇੜੇ ਆਉਣ ਤੋਂ ਬਾਅਦ ਆਰਐਸਐਸ ਅਤੇ ਭਾਜਪਾ ਦੀ ਰਣਨੀਤੀ ਵਿੱਚ ਆਏ ਬਦਲਾਵਾਂ ਤੇ ਗੌਰ ਕਰਨ ਦੀ ਜ਼ਰੂਰਤ ਹੈ| ਦੋਵਾਂ ਨੇ ਆਪਣਾ ਧਿਆਨ ਬਦਲ ਲਿਆ ਹੈ| ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇਸ਼ ਦੇ ਨਾਮੀ ਲੋਕਾਂ ਨੂੰ ਮਿਲਣ ਲਈ ਦੇਸ਼ ਦੇ ਦੌਰੇ ਤੇ ਨਿਕਲ ਪਏ ਹਨ| ਇਹਨਾਂ ਵਿੱਚ ਖੇਤਰੀ ਦਲਾਂ ਦੇ ਨੇਤਾਵਾਂ ਦੇ ਨਾਮ ਵੀ ਸ਼ਾਮਿਲ ਹਨ| ਸ਼ਿਵ ਸੈਨਾ ਦੀ ਰਾਜਨੀਤਿਕ ਬਦਸਲੂਕੀ ਨੂੰ ਨਜਰ ਅੰਦਾਜ ਕਰਕੇ ਉਹ ਉੱਧਵ ਠਾਕਰੇ ਨੂੰ ਮਿਲ ਆਏ| ਸ਼ਾਇਦ ਇਸ ਰਣਨੀਤੀ ਦੇ ਤਹਿਤ ਆਰਐਸਐਸ ਮੁੱਖੀ ਮੋਹਨ ਭਾਗਵਤ ਨੇ ਵੀ ਕਹਿ ਦਿੱਤਾ ਕਿ ਦੂਸਰਿਆਂ ਦੀ ਵਿਵਿਧਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ| ਉਨ੍ਹਾਂ ਦੀ ਇਹ ਘੋਸ਼ਣਾ ਉਨ੍ਹਾਂ ਸੰਗਠਨਾਂ ਤੋਂ ਸਹਿਯੋਗ ਲੈਣ ਲਈ ਹੈ, ਜੋ ਵਿਵਿਧਤਾ ਵਿੱਚ ਭਰੋਸਾ ਰੱਖਦੇ ਹਨ| ਇਹ ਨਾ ਤਾਂ ਆਪਣੀ ਪੁਰਾਣੀ ਨੀਤੀ ਨੂੰ ਤਿਆਗਣ ਲਈ ਹੈ ਅਤੇ ਨਾ ਹੀ ਵਿਵਿਧਤਾ ਦੇ ਦਰਸ਼ਨ ਨੂੰ ਅਪਣਾਉਣ ਲਈ ਹੈ| ਸੰਘ ਨੇ ਸਮੇਂ-ਸਮੇਂ ਤੇ ਅਜਿਹੇ ਕਦਮ ਚੁੱਕੇ ਹਨ ਜਦੋਂ ਉਸਨੂੰ ਆਪਣੇ ਲਈ ਸੰਭਾਵਨਾਵਾਂ ਦਿਖੀਆਂ ਹਨ| ਕਈ ਲੋਕਾਂ ਨੂੰ ਲੱਗ ਸਕਦਾ ਹੈ ਕਿ ਭਾਜਪਾ ਆਪਣੀ ਲੋਕਪ੍ਰਿਅਤਾ ਦੇ ਸ਼ਿਖਰ ਤੇ ਪਹੁੰਚ ਕੇ ਅਜਿਹਾ ਕਿਉਂ ਕਰ ਰਹੀ ਹੈ? ਪਿਛਲੇ ਦਿਨੀਂ ਹੋਈਆਂ ਚੋਣਾਂ ਅਤੇ ਦੇਸ਼ ਦੀ ਆਰਥਿਕ ਹਾਲਤ ਤੇ ਵੀ ਗੌਰ ਕਰਨ ਤੇ ਸਵਾਲ ਦਾ ਜਵਾਬ ਆਸਾਨੀ ਨਾਲ ਮਿਲ ਸਕਦਾ ਹੈ| ਲੋਕ ਸਭਾ ਦੀਆਂ ਜਿਆਦਾਤਰ ਉਪਚੋਣਾਂ ਭਾਜਪਾ ਨੇ ਹਾਰੀਆਂ ਹਨ| ਰਾਜ ਦੀਆਂ ਕਈ ਚੋਣਾਂ ਵਿੱਚ ਉਸਨੂੰ ਤਿਕੜਮ ਦੀ ਜਿੱਤ ਹੀ ਹਾਸਲ ਹੋਈ ਹੈ| ਉਸਨੇ ਭ੍ਰਿਸ਼ਟ ਲੋਕਾਂ ਨੂੰ ਵੀ ਵੱਡੇ ਪੱਧਰ ਤੇ ਪਾਰਟੀ ਵਿੱਚ ਆਯਾਤ ਕੀਤਾ ਹੈ| ਇਸਦੇ ਬਾਵਜੂਦ ਵੋਟਾਂ ਦੇ ਫੀਸਦੀ ਵਿੱਚ ਉਹ 2014 ਦੀ ਲੋਕਪ੍ਰਿਅਤਾ ਕਾਇਮ ਨਹੀਂ ਰੱਖ ਪਾਈ ਅਤੇ ਜਿੱਥੇ ਵੀ ਵਿਰੋਧੀ ਏਕਤਾ ਹੋ ਗਈ ਉੱਥੇ ਉਸਨੂੰ ਹਾਰ ਦਾ ਮੂੰਹ ਵੇਖਣਾ ਪਿਆ| ਇਸ ਏਕਤਾ ਨੂੰ ਤੋੜਨ ਲਈ ਇਹ ਜਰੂਰੀ ਹੋ ਗਿਆ ਹੈ ਕਿ ਸੰਘ ਪਰਿਵਾਰ ਆਪਣਾ ਚਿਹਰਾ ਨਰਮ ਕਰੇ ਤਾਂ ਕਿ ਸਹਿਯੋਗੀ ਦਲ ਉਸਦੇ ਨਾਲ ਰਹਿ ਸਕਣ|
ਲੋਕਾਂ ਨੂੰ ਆਪਣੇ ਨਾਲ ਬੰਨ ਕੇ ਰੱਖਣ ਦਾ ਫਿਰਕੂ ਫਾਰਮੂਲਾ ਵੀ ਚੱਲ ਨਹੀਂ ਪਾ ਰਿਹਾ ਹੈ| ਇਸਨੂੰ ਘੱਟ ਤੋਂ ਘੱਟ ਉੱਤਰ ਪ੍ਰਦੇਸ਼ ਦੀਆਂ ਉਪਚੋਣਾਂ ਨੇ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ| ਭਾਜਪਾ ਅਤੇ ਸੰਘ ਨੂੰ ਇਹ ਲੱਗਣ ਲੱਗਿਆ ਹੈ ਕਿ ਨਰਿੰਦਰ ਮੋਦੀ ਇਕੱਲੇ ਦਮ ਤੇ ਚੋਣਾਂ ਦੀ ਕਿਸ਼ਤੀ ਪਾਰ ਨਹੀਂ ਲਗਾ ਸਕਦੇ ਹਨ| ਅਜਿਹੇ ਵਿੱਚ ਮੋਦੀ ਅਤੇ ਭਾਜਪਾ ਦੇ ਸਾਹਮਣੇ ਖੇਤਰੀ ਪਾਰਟੀਆਂ ਦੇ ਨਾਲ ਜਾਣ ਤੋਂ ਇਲਾਵਾ ਕੋਈ ਉਪਾਅ ਨਹੀਂ ਹੈ| ਕਾਂਗਰਸ ਅਤੇ ਰਾਹੁਲ ਗਾਂਧੀ ਨੇ ਖੇਤਰੀ ਤਾਕਤਾਂ ਨੂੰ ਪਛਾਣਨ ਵਿੱਚ ਜ਼ਿਆਦਾ ਦੇਰੀ ਨਹੀਂ ਕੀਤੀ|
ਗੁਜਰਾਤ ਵਿੱਚ ਰਾਹੁਲ ਨੇ ਜਿਗਨੇਸ਼ ਮੇਵਾਨੀ ਅਤੇ ਹਾਰਦਿਕ ਪਟੇਲ ਵਰਗੀਆਂ ਸਥਾਨਕ ਸ਼ਕਤੀਆਂ ਨੂੰ ਨਾਲ ਲੈ ਕੇ ਹੀ ਭਾਜਪਾ ਨੂੰ ਸਖਤ ਟੱਕਰ ਦਿੱਤੀ| ਚੋਣਾਂ ਤੋਂ ਬਾਅਦ ਕਰਨਾਟਕ ਵਿੱਚ ਉਨ੍ਹਾਂ ਨੇ ਜੇਡੀਐਸ ਨਾਲ ਹੱਥ ਮਿਲਾਉਣ ਵਿੱਚ ਵੀ ਦੇਰੀ ਨਹੀਂ ਕੀਤੀ| ਆਂਧਰ ਪ੍ਰਦੇਸ਼ ਵਿੱਚ ਚੰਦਰਬਾਬੂ ਨਾਇਡੂ ਅਤੇ ਤੇਲੰਗਾਨਾ ਵਿੱਚ ਟੀਆਰਐਸ ਵਰਗੀਆਂ ਪਾਰਟੀਆਂ ਹਨ, ਜਿਹੜੀਆਂ ਹੁਣ ਕਾਂਗਰਸ ਅਤੇ ਭਾਜਪਾ ਨੂੰ ਤਗੜੀ ਟੱਕਰ ਦੇਣ ਦੀਆਂ ਸਮਰਥ ਹਨ|
ਉੜੀਸਾ ਦੇ ਨਵੀਨ ਪਟਨਾਇਕ ਫਿਲਹਾਲ ਮਿਲੇ-ਜੁਲੇ ਸੰਕੇਤ ਦੇ ਹੀ ਰਹੇ ਹੈ| ਪਰ ਉਨ੍ਹਾਂ ਦਾ ਭਾਜਪਾ ਦੇ ਨਾਲ ਆਉਣਾ ਸੰਭਵ ਨਹੀਂ ਹੈ| ਉਹ ਭਾਜਪਾ ਅਤੇ ਕਾਂਗਰਸ ਤੋਂ ਇਕੋ ਜਿਹੀ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ| ਪੱਛਮ ਬੰਗਾਲ ਵਿੱਚ ਮਮਤਾ ਬਨਰਜੀ ਲਈ ਭਾਜਪਾ ਇੱਕ ਸਹਿਜ ਪਸੰਦ ਹੋ ਸਕਦੀ ਸੀ| ਫਿਲਹਾਲ, ਮਮਤਾ ਲਈ ਭਾਜਪਾ ਨੰਬਰ ਇੱਕ ਦੁਸ਼ਮਨ ਹੈ| ਉਸਦੇ ਲਈ ਇਹ ਆਸਾਨ ਗੱਲ ਵੀ ਹੈ ਕਿਉਂਕਿ ਇਸ ਨਾਲ ਮੁਸਲਮਾਨਾਂ ਨੂੰ ਸਮਰਥਨ ਉਸ ਦੇ ਲਈ ਪੱਕਾ ਹੋ ਜਾਂਦਾ ਹੈ |
ਅਨਿਲ ਸਿੰਨਹਾ

Leave a Reply

Your email address will not be published. Required fields are marked *