ਕੀ ਯੂ ਪੀ ਵਾਂਗ  ਪੰਜਾਬ ਦੇ ਕਿਸਾਨਾਂ ਦਾ ਕਰਜਾ ਵੀ ਹੋਵੇਗਾ ਮਾਫ? ਅਮੀਰ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਤੇ ਉਠਦੇ ਨੇ ਸਵਾਲ

ਜਗਮੋਹਨ ਸਿੰਘ
ਐਸ ਏ ਐਸ ਨਗਰ, 5 ਅਪ੍ਰੈਲ

ਯੂ ਪੀ ਵਿੱਚ ਨਵੀਂ ਬਣੀ ਯੋਗੀ ਸਰਕਾਰ ਨੇ ਯੂ ਪੀ ਵਿੱਚ ਰਹਿੰਦੇ ਕਿਸਾਨਾਂ ਦਾ ਕਰਜਾ ਮਾਫ ਕਰ ਦਿਤਾ ਹੈ, ਇਸਦੇ ਨਾਲ ਹੀ ਪੰਜਾਬ ਵਿੱਚ ਵੀ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਮੰਗ ਤੇਜ ਹੋ ਰਹੀ ਹੈ| ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ  ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨਾਲ ਗਲਬਾਤ ਕਰ ਚੁਕੇ ਹਨ ਅਤੇ ਇਹ ਵੀ ਸਚਾਈ ਹੈ ਕਿ ਪ੍ਰਧਾਨਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ|
ਜਦੋਂ ਕਰਜੇ ਸਬੰਧੀ ਵੱਖ ਵੱਖ ਕਿਸਾਨਾਂ ਨਾਲ ਗਲਬਾਤ ਕੀਤੀ ਗਈ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ              ਖੇਤੀ ਹੁਣ ਬਹੁਤ ਮਹਿੰਗੀ ਹੋ ਗਈ ਹੈ ਅਤੇ ਖੇਤੀ ਵਿੱਚ ਜੋ ਲਾਗਤ ਹੁੰਦੀ ਹੈ ਫਸਲ ਵੇਚ ਕੇ ਉਹ ਵੀ ਨਹੀਂ ਮੁੜਦੀ|  ਕਿਸਾਨਾਂ ਦਾ ਕਹਿਣਾ ਸੀ ਕਿ ਅੱਜ ਕਲ ਕਣਕ ਦੀ ਫਸਲ ਪੱਕ ਜਾਣ ਉਪਰੰਤ ਕਟਾਈ ਲਈ ਤਿਆਰ ਖੜੀ ਹੈ ਪਰ ਪੂਰੇ ਪੰਜਾਬ ਵਿੱਚ ਪੈ ਰਹੀ ਬਰਸਾਤ ਕਾਰਨ ਕਣਕ ਦੀ ਫਸਲ ਖਰਾਬ ਹੋਣ ਦਾ ਖਤਰਾ ਬਣ ਗਿਆ ਹੈ| ਬਰਸਾਤ ਕਾਰਨ ਕਣਕ ਦੇ ਦਾਣੇ ਬਦਰੰਗ ਹੋ ਜਾਂਦੇ ਹਨ ਅਤੇ ਉਸਦਾ ਮੰਡੀ ਵਿੱਚ ਪੂਰਾ ਭਾਅ ਨਹੀਂ ਮਿਲਦਾ| ਅਜਿਹਾ ਹਰ ਸੀਜਣ ਵਿੱਚ ਹੀ ਹੁੰਦਾ ਹੈ| ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਸੰਦ ਵੀ ਬਹੁਤ ਮਹਿੰਗੇ ਹੋ ਗਏ ਹਨ| ਇਕ ਟ੍ਰੈਕਟਰ ਦੀ ਹੀ ਕੀਮਤ 4 ਲੱਖ ਤੋਂ ਉਪਰ ਚਲੀ ਗਈ ਹੈ| ਇਸ ਤੋਂ ਇਲਾਵਾ ਹੋਰ ਖੇਤੀ  ਖਰਚੇ ਬਹੁਤ ਹਨ| ਹਰ ਵਾਰ ਹੀ ਕਿਸਾਨਾਂ ਨੂੰ ਮਹਿੰਗਾ ਬੀਜ ਮੁੱਲ ਲੈ ਕੇ ਫਸਲ ਬੀਜਣੀ ਪੈਂਦੀ ਹੈ ਪਰ ਕਦੇ ਫਸਲ ਨੂੰ ਸੋਕਾ ਮਾਰ ਜਾਂਦਾ ਹੈ ਅਤੇ ਕਦੇ ਪੱਕੀ ਪਕਾਈ ਫਸਲ ਉਪਰ ਬਰਸਾਤ ਪੈਣ ਕਾਰਨ ਫਸਲ ਹੀ ਖਰਾਬ ਹੋ ਜਾਂਦੀ ਹੈ| ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਕਲ ਪੈ ਰਹੀ ਬਰਸਾਤ ਕਾਰਨ ਅਤੇ ਚਲ ਰਹੀ ਹਨੇਰੀ ਕਾਰਨ ਕਣਕ ਦੀ ਫਸਲ ਖੇਤਾਂ ਵਿੱਚ ਹੀ ਵਿਛ ਗਈ ਹੈ| ਜਿਸ ਕਾਰਨ ਕਿਸਾਨਾਂ ਨੂੰ ਹੁਣ ਇਸ ਫਸਲ ਦਾ ਸਹੀ ਭਾਅ ਨਹੀਂ ਮਿਲੇਗਾ ਅਤੇ ਕਿਸਾਨਾਂ ਸਿਰ ਚੜਿਆ ਕਰਜਾ ਹੋਰ ਵੱਧ              ਜਾਵੇਗਾ| ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ  ਕਿਸਾਨਾਂ ਨੂੰ ਆਪਣੇ ਧੀਆਂ ਪੁੱਤਾਂ ਦੇ ਵਿਆਹ ਵੀ ਕਰਜਾ ਚੁੱਕ ਕੇ ਕਰਨੇ ਪੈ ਰਹੇ ਹਨ, ਜਿਸ ਕਰਕੇ ਕਿਸਾਨਾਂ ਸਿਰ ਚੜੇ ਕਰਜੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ| ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਈ ਸਰਕਾਰ ਨੂੰ ਕਿਸਾਨਾਂ ਦਾ ਕਰਜਾ ਮਾਫ ਕਰਨਾ ਚਾਹੀਦਾ ਹੈ|
ਦੂਜੇ ਪਾਸੇ ਕੁਝ ਬੁੱਧੀਜੀਵੀ ਅਤੇ ਸ਼ਹਿਰੀ ਵਰਗ ਨਾਲ ਸਬੰਧਿਤ ਲੋਕ  ਇਹ ਕਹਿੰਦੇ ਹਨ ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਦੀ ਸਹੁਲਤ ਮਿਲ ਰਹੀ ਹੈ, ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਉਪਰ ਨਾ ਤਾਂ ਇਨਕਮ ਟੈਕਸ ਪੈਂਦਾ ਹੈ ਨਾ ਹੀ ਕਿਸਾਨਾਂ ਨੂੰ ਕੋਈ ਹੋਰ ਟੈਕਸ ਦੇਣਾ ਪੈਂਦਾ ਹੈ| ਵੱਡੀ ਗਿਣਤੀ ਕਿਸਾਨਾਂ ਕੋਲ ਆਪਣੇ ਟ੍ਰੈਕਟਰ ਟਰਾਲੀਆਂ ਦੇ ਨਾਲ ਨਾਲ ਕੰਬਾਇਨਾਂ ਵੀ ਹਨ ਅਤੇ ਵੱਡੀ ਗਿਣਤੀ ਕਿਸਾਨਾਂ ਕੋਲ ਕਾਰਾਂ ਅਤੇ ਜੀਪਾਂ ਵੀ ਹਨ| ਬੁਧੀਜੀਵੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੇ ਖਰਚ ਕੁਝ ਹੱਦ ਤਕ ਖੁਦ ਵੀ ਵਧਾਏ ਹੋਏ ਹਨ| ਕਈ ਕਿਸਾਨ ਆਪਣੇ ਧੀਆਂ ਪੁੱਤਾਂ ਦੇ ਵਿਆਹ ਮੈਰਿਜ ਪੈਲਿਸਾਂ ਵਿੱਚ ਲੱਖਾਂ ਰੁਪਏ ਲਾ ਕੇ ਕਰਦੇ ਹਨ ਅਤੇ ਵਿਆਹਾਂ ਵਿੱਚ ਮੋਟਾ ਦਾਜ          ਦਹੇਜ ਦਿਤਾ ਜਾਂਦਾ ਹੈ|  ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਕਾਕੇ ਵੱਡੀਆਂ ਅਤੇ ਮਹਿੰਗੀਆਂ ਗੱਡੀਆਂ ਵਿੱਚ ਸਾਰਾ ਦਿਨ ਘੁੰਮਦੇ ਰਹਿੰਦੇ ਹਨ ਤੇ ਉਹ ਕੋਈ ਕੰਮ ਕਰਕੇ ਹੀ ਰਾਜੀ ਨਹੀਂ| ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਕਾਕੇ ਹਰ ਦਿਨ ਹੀ ਰਾਜਿਆਂ ਵਾਂਗ ਸ਼ਾਹੀ ਖਰਚ ਕਰਦੇ ਹਨ, ਜਿਸ ਕਰਕੇ ਕਿਸਾਨਾਂ ਦਾ ਆਰਥਿਕ ਪੱਧਰ ਕਮਜੋਰ ਹੋ ਰਿਹਾ ਹੈ| ਕੁਝ ਲੋਕ ਕਿਸਾਨਾਂ ਨੂੰ ਮਿਲਦੀਆਂ ਮੁਫਤ ਬਿਜਲੀ ਪਾਣੀ ਦੀਆਂ ਸਹੂਲਤਾਂ ਉਪਰ ਵੀ ਇਤਰਾਜ ਕਰਦੇ ਹਨ, ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਬਿਜਲੀ ਅਤੇ ਪਾਣੀ ਦੀ ਦੁਰਵਰਤੋ ਬਹੁਤ ਹੋ ਰਹੀ ਹੈ ਅਤੇ ਕਿਸਾਨਾਂ ਦੀ ਬਿਜਲੀ ਦਾ ਖਰਚਾ ਸਹਿਰੀ ਵਰਗ ਨੂੰ ਦਿੱਤੀ ਜਾਂਦੀ ਬਿਜਲੀ ਮਹਿੰਗੀ ਕਰਕੇ ਵਸੂਲਿਆ ਜਾ ਰਿਹਾ ਹੈ|
ਇਸ ਤਰਾਂ ਹੁਣ ਕਿਸਾਨਾਂ ਦੇ ਕਰਜੇ ਦੀ ਮਾਫੀ ਉਪਰ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ| ਕੁਝ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਕਰਜਾ ਸਿਰਫ ਉਹਨਾਂ ਕਿਸਾਨਾਂ ਦਾ ਹੀ ਮਾਫ ਹੋਵੇ ਜਿਹਨਾਂ ਕੋਲ ਪੰਜ ਏਕੜ ਜਾਂ ਉਸਤੋਂ ਵੀ ਘੱਟ ਜਮੀਨ ਹੋਵੇ | ਵੱਡੇ ਜਿੰਮੀਦਾਰਾਂ ਦਾ ਕਰਜਾ ਮਾਫ ਕਰਨ ਦੀ ਕੋਈ ਤੁਕ ਨਹੀਂ ਬਣਦੀ| ਇਸ ਤਰਾਂ ਕਿਸਾਨਾ ਦੀ ਕਰਜਾ ਮਾਫੀ ਦੀ ਮੰਗ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ|

Leave a Reply

Your email address will not be published. Required fields are marked *