ਕੁਈਨਜ਼ਲੈਂਡ ਵਿੱਚ ਲਾਪਤਾ ਹੋਈ ਔਰਤ ਸੁਰੱਖਿਅਤ ਮਿਲੀ

ਕੁਈਨਜ਼ਲੈਂਡ, 15 ਜੂਨ (ਸ.ਬ.)  ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਲਾਪਤਾ ਹੋਈ 20 ਸਾਲਾ ਔਰਤ ਸੁਰੱਖਿਅਤ ਮਿਲ ਗਈ ਹੈ, ਜਿਸ ਨੂੰ ਅਗਵਾ ਕਰ ਲਿਆ ਗਿਆ ਸੀ| ਜੈਸਿਕਾ ਹੈਮਿਲ ਨਾਂ ਦੀ 20 ਸਾਲਾ ਔਰਤ ਅੱਧੀ ਰਾਤ ਨੂੰ ਕੁਈਨਜ਼ਲੈਂਡ ਦੇ ਸ਼ਹਿਰ ਪੋਰਟ ਡਗਲਸ ਵਿੱਚ ਆਪਣੇ ਘਰ ਵਿੱਚੋਂ ਲਾਪਤਾ ਹੋ ਗਈ ਸੀ| ਪੁਲੀਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਜੈਸਿਕਾ ਨੂੰ ਉਸ ਦੀ ਇੱਛਾ ਵਿਰੁੱਧ ਆਪਣੇ ਨਾਲ ਲੈ ਗਿਆ ਸੀ|
ਪੁਲੀਸ ਨੇ ਜੈਸਿਕਾ ਦੀ ਭਾਲ ਲਈ ਜਨਤਕ ਅਪੀਲ ਕੀਤੀ ਸੀ| ਜਿਸ ਤੋਂ ਬਾਅਦ ਪੁਲੀਸ ਨੂੰ ਬੀਤੀ ਸ਼ਾਮ ਕੁਰਾਂਡਾ ਰੇਂਜ ਵਿੱਚੋਂ ਦੋਹਾਂ ਦੇ ਹੋਣ ਦਾ ਪਤਾ ਲੱਗਾ| ਥੋੜ੍ਹੀ ਦੇਰ ਬਾਅਦ ਪੁਲੀਸ ਨੂੰ ਪਤਾ ਲੱਗਾ ਕਿ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਕਾਰ ਸੰਘਣੇ ਜੰਗਲੀ ਖੇਤਰ ਵਿੱਚ ਮਿਲੀ| ਹੈਮਿਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਕਿਉਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ| ਇਸ ਤੋਂ ਬਾਅਦ ਪੁਲੀਸ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕਾਇਮ ਕੀਤਾ| ਕੁਈਨਜ਼ਲੈਂਡ ਦੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਹਸਪਤਾਲ ਵਿੱਚ ਹੈ ਪਰ ਸੁਰੱਖਿਅਤ ਹੈ| ਇਹ ਖਬਰ ਸੁਣ ਕੇ ਜੈਸਿਕਾ ਦਾ ਪਰਿਵਾਰ ਖੁਸ਼ ਹੈ| ਇਸ ਘਟਨਾ ਦੇ ਸੰਬੰਧ ਵਿੱਚ ਪੁਲੀਸ ਨੇ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ|

Leave a Reply

Your email address will not be published. Required fields are marked *