ਕੁਦਰਤੀ ਖੇਤੀ ਨੂੰਵਧੇਰੇ ਉਤਸ਼ਾਹਿਤ ਕਰਨ ਦੀ ਲੋੜ

ਕਣਕ ਦੀ ਕਟਾਈ ਦਾ ਸੀਜਨ ਚਲ ਰਿਹਾ ਹੈ ਅਤੇ ਵੇਖਣ ਵਿੱਚ ਇਹ ਕਣਕ ਭਾਵੇਂ ਕਾਫੀ ਸੋਹਣੀ ਨਜ਼ਰ ਆ ਰਹੀ ਹੈ ਪਰ ਇਸਦੇ ਨਾਲ ਅਸਲੀਅਤ ਇਹ ਵੀ ਹੈ ਕਿ ਕਣਕ ਦੀ ਇਸ ਫਸਲ ਵਿੱਚ ਸਮੇਂ ਸਮੇਂ ਕਿਸਾਨਾਂ ਵਲੋਂ ਕੀਤੇ ਗਏ ਭਾਰੀ ਗਿਣਤੀ ਕੀਟਨਾਸਕਾਂ ਅਤੇ ਹੋਰ ਜਹਿਰਾਂ ਦੇ ਸਪ੍ਰੇਅ ਦਾ ਅਸਰ ਵੀ ਮੌਜੂਦ ਹੈ| ਹਾਲ ਇਹ ਹੋ ਚੁੱਕਿਆ ਹੈ ਕਿ ਕਣਕ ਦੀ ਫਸਲ ਲਈ ਕੀਤੀ ਜਾਂਦੀ ਰਸਾਇਨਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕਈ ਲੋਕਾਂ ਨੂੰ ਕਣਕ ਤੋਂ ਹੀ ਐਲਰਜੀ ਹੋ ਗਈ ਹੈ| ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੀਟਨਾਸ਼ਕ ਜਹਿਰਾਂ ਦੇ ਅਸਰ ਵਾਲੀ ਅਤੇ ਰਸਾਇਨਿਕ ਖਾਦਾਂ ਨਾਲ ਪਲੀ ਕਣਕ ਖਾਣੀ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੋ ਚੁੱਕੀ ਹੈ|
ਹਾਲਾਤ ਇਹ ਹਨ ਕਿ ਸਾਡੇ ਖੇਤਾਂ ਵਿੱਚ ਹੋਣ ਵਾਲੀਆਂ ਤਮਾਮ ਫਸਲਾਂ ਉੱਪਰ ਕਿਸਾਨਾਂ ਵਲੋਂ ਭਾਰੀ ਮਾਤਰਾ ਵਿੱਚ ਕੀਟ ਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ| ਕਈ ਵਾਰ ਤਾਂ ਫਸਲਾਂ ਦੇ ਬੀਜਾਂ ਤਕ ਨੂੰ ਕੀਟਨਾਸ਼ਕਾਂ ਵਿੱਚ ਡੁਬੋ ਕੇ ਧਰਤੀ ਵਿੱਚ ਬੀਜਿਆ ਜਾਂਦਾ ਹੈ| ਜਿਸ ਕਾਰਨ ਇਨਾਂ ਫਸਲਾਂ ਨੂੰ ਕੀਟ ਮਕੌੜੇ ਤਾਂ ਘੱਟ ਲੱਗਦੇ ਹਨ ਪਰ ਇਹ ਫਸਲਾਂ ਪੂਰੀ ਤਰ੍ਹਾਂ ਜਹਿਰੀਲੀਆਂ ਹੋ ਜਾਂਦੀਆਂ ਹਨ| ਜਿਹੜੇ ਕਿਸਾਨ ਦਾਲਾਂ ਅਤੇ ਸਬਜੀਆਂ ਦੀ ਖੇਤੀ ਕਰਦੇ ਹਨ ਉਹ ਵੀ ਦਾਲਾਂ ਅਤੇ ਸਬਜੀਆਂ ਦਾ ਵੱਧ ਝਾੜ ਲੈਣ ਅਤੇ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਬਹੁਤ ਭਾਰੀ ਮਾਤਰਾ ਵਿੱਚ ਇਹਨਾਂ ਉਪਰ ਕੀੜੇਮਾਰ ਦਵਾਈਆਂ ਛਿੜਕਦੇ ਹਨ ਅਤੇ ਰਸਾਇਨਿਕ ਖਾਦਾਂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਹ ਹਰੀਆ ਸਬਜੀਆਂ ਤੇ ਦਾਲਾਂ ਵੀ ਜਹਿਰੀਲੀਆਂ ਹੋ ਜਾਂਦੀਆਂ ਹਨ| ਜਦੋਂ ਇਹ ਸਬਜੀਆਂ ਤੇ ਦਾਲਾਂ ਮਨੁੱਖ ਖਾਂਦਾ ਹੈ ਤਾਂ ਉਸ ਉੱਪਰ ਵੀ ਇਹਨਾਂ ਵਿਚਲੇ ਜਹਿਰੀਲੇ ਤੱਤਾਂ ਦਾ ਅਸਰ ਹੁੰਦਾ ਹੈ ਅਤੇ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ|
ਖੇਤਾਂ ਵਿੱਚ ਫਸਲਾਂ ਲਈ ਵਰਤੇ ਜਾਂਦੇ ਕੀਟਨਾਸ਼ਕ ਦਾ ਅਸਰ ਮਿੱਟੀ ਉਪਰ ਵੀ ਹੁੰਦਾ ਹੈ| ਖੇਤਾਂ ਵਿਚਲੀ ਮਿੱਟੀ ਵੀ ਪੂਰੀ ਤਰ੍ਹਾਂ ਜਹਿਰੀਲੀ ਹੋ ਗਈ ਹੈ| ਪਹਿਲਾਂ ਕਿਸੇ ਦੇ ਕੋਈ ਸੱਟ ਲੱਗਣ ਤੇ ਜੇਕਰ ਉਹ ਮਿੱਟੀ ਦਾ ਲੇਪ ਕਰ ਲੈਂਦਾ ਸੀ ਤਾਂ ਵੀ ਉਸਦਾ ਦਰਦ ਘੱਟ ਹੋ ਜਾਂਦਾ ਸੀ ਪਰ ਜੇ ਅੱਜ ਕੱਲ੍ਹ ਦੇ ਖੇਤਾਂ ਦੀ ਜਹਿਰੀਲੀ ਮਿੱਟੀ ਸੱਟ ਲੱਗੀ ਹੋਈ ਥਾਂ ਉੱਪਰ ਲਾ ਲਈ ਜਾਵੇ ਤਾਂ ਦਰਦ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਜਾਂਦਾ ਹੈ| ਖੇਤਾਂ ਵਿੱਚ ਪਾਏ ਕੀਟਨਾਸ਼ਕਾਂ ਦੇ ਜਹਿਰੀਲੇ ਤੱਤ ਮਿੱਟੀ ਵਿੱਚ ਰਲ ਕੇ ਧਰਤੀ ਹੇਠਲੇ ਪਾਣੀ ਵਿੱਚ ਵੀ ਪਹੁੰਚ ਰਹੇ ਹਨ ਅਤੇ ਇਸ ਕਾਰਨ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ| ਕਿਸਾਨਾਂ ਵਲੋਂ ਵਰਤੇ ਜਾਂਦੇ ਕੀਟਨਾਸ਼ਕਾਂ ਅਤੇ ਹੋਰ ਜਹਿਰਾਂ ਦਾ ਅਸਰ ਪੰਛੀਆਂ ਅਤੇ ਜਾਨਵਰਾਂ ਉਪਰ ਵੀ ਹੋਇਆ ਹੈ| ਕੀਟਨਾਸ਼ਕਾਂ ਦੇ ਛਿੜਕਾਓ ਕਾਰਨ ਜਹਿਰੀਲੀਆਂ ਹੋਈਆਂ ਫਸਲਾਂ ਦੇ ਫਲ, ਬੀਜ ਅਤੇ ਪੱਤੇ ਖਾ ਕੇ ਪੰਛੀ ਅਤੇ ਜਾਨਵਰ ਵੀ ਬਿਮਾਰ ਹੋ ਜਾਂਦੇ ਹਨ ਜਾਂ ਫਿਰ ਮਰ ਜਾਂਦੇ ਹਨ| ਇਹੀ ਕਾਰਨ ਹੈ ਕਿ ਪੰਜਾਬ ਵਿਚੋਂ ਚਿੜੀਆਂ ਸਮੇਤ ਪੰਛੀਆਂ ਦੀਆਂ ਕਈ ਕਿਸਮਾਂ ਅਲੋਪ ਹੀ ਹੋ ਗਈਆਂ ਹਨ|
ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਔਰਤਾਂ ਦੇ ਅੰਗਹੀਣ ਬੱਚੇ ਪੈਦਾ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ, ਜਿਸ ਦਾ ਇੱਕ ਕਾਰਨ ਜਹਿਰੀਲੀ ਕਣਕ ਅਤੇ ਹੋਰ ਦਾਲਾਂ ਸਬਜੀਆਂ ਨੂੰ ਵੀ ਮੰਨਿਆ ਗਿਆ ਹੈ ਅਤੇ ਕਿਸਾਨਾਂ ਵਲੋਂ ਖੇਤਾਂ ਵਿੱਚ ਕੀਤੀ ਜਾਂਦੀ ਕੀਟਨਾਸ਼ਕਾਂ ਦੀ ਅੰਨੀ ਵਰਤੋਂ ਦੇ ਬਹੁਤ ਹੀ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ| ਕਈ ਇਲਾਕਿਆਂ ਵਿੱਚ ਤਾਂ ਕੈਂਸਰ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਵੀ ਆਪਣੇ ਪੈਰ ਬਹੁਤ ਦੂਰ ਤਕ ਪਸਾਰ ਲਏ ਹਨ, ਜਿਸ ਦਾ ਵੀ ਮੁੱਖ ਕਾਰਨ ਖੇਤਾਂ ਵਿੱਚ ਫਸਲਾਂ ਉਪਰ ਵਰਤੀਆਂ ਜਾਂਦੀਆਂ ਕੀਟਨਾਸ਼ਕ ਜਹਿਰਾਂ ਨੂੰ ਹੀ ਸਮਝਿਆ ਜਾਂਦਾ ਹੈ| ਕੀਟਨਾਸ਼ਕਾਂ ਦੀ ਅਤੇ ਰਸਾਣਿਇਕ ਖਾਦਾਂ ਦੀ ਵਰਤੋਂ ਕਰਕੇ ਪੱਕੀਆਂ ਫਸਲਾਂ ਤੇ ਸਬਜੀਆਂ ਭਾਵੇਂ ਵੇਖਣ ਵਿੱਚ ਸੋਹਣੀਆਂ ਹੁੰਦੀਆਂ ਹਨ ਪਰ ਇਹਨਾਂ ਵਿੱਚ ਜਹਿਰੀਲੇ ਤੱਤ ਬਹੁਤ ਵੱਡੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ|
ਇਸੇ ਦੌਰਾਨ ਕੁੱਝ ਖੇਤਰਾਂ ਵਿੱਚੋਂ ਚੰਗੀ ਖਬਰ ਵੀ ਆਈ ਹੈ ਕਿ ਕੁੱਝ ਕਿਸਾਨਾਂ ਨੇ ਆਪਣੀਆਂ ਫਸਲਾਂ ਉਪਰ ਕੀਟ ਨਾਸ਼ਕਾਂ ਤੇ ਰਸਾਇਨਿਕ ਖਾਦਾਂ ਦੀ ਵਰਤੋਂ ਕਰਨ ਦੀ ਥਾਂ ਕੁਦਰਤੀ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ| ਇਹ ਕਿਸਾਨ ਆਪਣੇ ਖੇਤਾਂ ਵਿੱਚ ਦੇਸੀ ਖਾਦ ਦੀ ਹੀ ਵਰਤੋਂ ਕਰਨ ਲੱਗ ਪਏ ਹਨ| ਭਾਵੇਂ ਇਹਨਾਂ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਹਨਾਂ ਕਿਸਾਨਾਂ ਨੇ ਨਵੀਂ ਪਿਰਤ ਸ਼ੁਰੂ ਕੀਤੀ ਹੈ| ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵੀ ਸਮੇਂ ਸਮੇਂ ਕਿਸਾਨਾਂ ਨੂੰ ਖੇਤਾਂ ਵਿੱਚ ਫਸਲਾਂ ਉੱਪਰ ਕੀਟਨਾਸ਼ਕਾਂ ਅਤੇ ਹੋਰ ਜਹਿਰਾਂ ਦੀ ਘਟ ਵਰਤੋਂ ਕਰਨ ਅਤੇ ਸਿਰਫ ਲੋੜ ਪੈਣ ਉੱਪਰ ਹੀ ਵਰਤੋਂ ਕਰਨ ਲਈ ਸੁਝਾਅ ਦਿੱਤੇ ਜਾਂਦੇ ਹਨ ਪਰ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਦਿੱਤੇ ਜਾਂਦੇ ਇਹਨਾਂ ਸੁਝਾਅ ਉਪਰ ਕਿਸਾਨ ਘੱਟ ਹੀ ਅਮਲ ਕਰਦੇ ਹਨ| ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਫਸਲਾਂ ਉਪਰ ਕੀੜੇਮਾਰ ਦਵਾਈਆਂ ਦੀ ਵਰਤੋਂ ਘਟਾਈ ਜਾਵੇ|

Leave a Reply

Your email address will not be published. Required fields are marked *