ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਸਰਕਾਰ

ਪੰਜਾਬ ਨੂੰ ਇੱਕ ਖੇਤੀ ਪ੍ਰਧਾਨ ਸੂਬੇ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਦੀ ਆਬਾਦੀ ਦਾ ਵੱਡਾ ਹਿੱਸਾ ਅਜਿਹਾ ਹੈ ਜਿਹੜਾ ਖੇਤੀ ਅਤੇ ਖੇਤੀ ਨਾਲ ਜੁੜੇ ਕੰਮ ਧੰਦੇ ਕਰਦਾ ਹੈ| ਪੰਜਾਬ ਵਿੱਚ ਜਿੱਥੇ ਦੋਵੇਂ ਮੁੱਖ ਫਸਲਾਂ ਕਣਕ ਅਤੇ ਝੋਨੇ ਦੀ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਉੱਥੇ ਇਸਦੇ ਨਾਲ ਨਾਲ ਸੂਬੇ ਦੇ ਕਈ ਖੇਤਰਾਂ ਵਿੱਚ ਹੋਰ ਫਸਲਾਂ ਤੇ ਨਾਲ ਹੀ ਸਬਜੀਆਂ ਦੀ ਕਾਸਤ ਵੀ ਕੀਤੀ ਜਾਂਦੀ ਹੈ| ਤ੍ਰਾਸਦੀ ਇਹ ਹੈ ਕਿ ਕਣਕ, ਝੋਨੇ ਅਤੇ ਸਬਜੀਆਂ ਦੀ ਕਾਸਤ ਲਈ ਪੰਜਾਬੀ ਕਿਸਾਨ ਰਸਾਇਨਿਕ ਖਾਦਾਂ ਅਤੇ ਜਹਿਰੀਲੇ ਕੀਟ ਨਾਸ਼ਕਾਂ ਦੀ ਬਹੁਤ ਜਿਆਦਾ ਵਰਤੋਂ ਕਰਦੇ ਹਨ ਜਿਸਦੇ ਅਸਰ ਨਾਲ ਸਾਡੀਆਂ ਫਸਲਾਂ ਵੀ ਜਹਿਰੀਲੀਆਂ ਹੋ ਗਈਆਂ ਹਨ| ਹਾਲਾਂਕਿ ਕੁੱਝ ਕਿਸਾਨ ਅਜਿਹੇ ਵੀ ਹਨ ਜਿਹਨਾਂ ਵਲੋਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਨੂੰ ਮੁੱਖ ਰੱਖਦਿਆਂ ਕੁਦਰਤੀ ਖੇਤੀ ਵੱਲ ਪਰਤਣੇ ਸ਼ੁਰੂ ਹੋ ਗਏ ਹਨ ਪਰੰਤੂ ਇਹਨਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਇਸ ਵਿੱਚ ਵਾਧਾ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਹਨਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਉਤਸਾਹਿਤ ਕੀਤਾ ਜਾਵੇ|
ਪੰਜਾਬ ਵਿਚ ਅਨਾਜ ਦੀ ਕੁਲ ਪੈਦਾਵਾਰ 294.52 ਲੱਖ ਟਨ (ਲਗਭਗ) ਸਾਲਾਨਾ ਹੈ| ਪੰਜਾਬ ਦੇ ਕੁਲ ਰਕਬੇ ਵਿਚੋਂ 83 ਰਕਬਾ ਬਿਜਾਈ ਹੇਠ ਹੈ ਅਤੇ ਬਿਜਾਈ ਹੇਠਲੇ ਰਕਬੇ ਵਿਚ ਪ੍ਰਤੀ ਹੈਕਟੇਅਰ ਖਾਦ ਦੀ ਖਪਤ 250 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ| ਪੰਜਾਬ ਵੱਲੋਂ ਕੇਂਦਰੀ ਪੂਲ ਵਿਚ ਕਣਕ ਦਾ 50-60 ਫੀਸਦੀ ਚਾਵਲ ਦਾ 30 ਤੋਂ 35 ਫੀਸਦੀ ਯੋਗਦਾਨ ਪਾਇਆ ਜਾਂਦਾ ਹੈ| ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਅਤੇ ਮੱਕੀ ਦੀ ਕਾਸਤ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਾਲ ਪਹਿਲਾਂ ਨਵਾਂ ਸ਼ਹਿਰ ਅਤੇ ਸੈਲਾਖੁਰਦ ਵਿਖੇ ਮੱਕੀ ਸੁਕਾਈ ਕੇਂਦਰ ਸਥਾਪਤ ਕੀਤੇ ਗਏ ਸਨ| ਇਸਤੋਂ ਬਾਅਦ ਅਜਿਹੇ 5 ਹੋਰ ਘੱਟ ਸਮਰਥਾ ਵਾਲੇ ਮੱਕੀ ਸੁਕਾਈ ਕੇਂਦਰ ਵੱਖ ਵੱਖ ਥਾਵਾਂ ਤੇ ਸਥਾਪਤ ਕੀਤੇ ਗਏ ਪਰੰਤੂ ਸਰਕਾਰ ਦੇ ਇਹਨਾਂ ਯਤਨਾਂ ਦੇ ਬਾਵਜੂਦ ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੇ ਇਸ ਚੱਕਰ ਵਿੱਚੋਂ ਨਹੀਂ ਨਿਕਲ ਪਾ ਰਹੇ ਹਨ|
ਸਮੱਸਿਆ ਇਹ ਹੈ ਕਿ ਸਾਡੇ ਕਿਸਾਨ ਖੇਤੀ ਉਪਜ ਵਧਾਉਣ ਲਈ ਖੇਤਾਂ ਵਿਚ ਦੇਸੀ ਖਾਦ ਦੀ ਥਾਂ ਰਸਾਨਿਕ ਖਾਂਦਾ ਦੀ ਵਰਤੋਂ ਤਾਂ ਕਰਦੇ ਹੀ ਹਨ, ਫਸਲਾਂ ਉਪਰ ਕੀੜੇਮਾਰ ਦਵਾਈਆਂ ਦੀ ਵੀ ਬਹੁਤ ਜਿਆਦਾ ਵਰਤੋਂ ਕੀਤੀ ਜਾਂਦੀ ਹੈ| ਇਹਨਾਂ ਕੀੜੇਮਾਰ ਦਵਾਈਆਂ ਦਾ ਅਸਰ ਫਸਲਾਂ ਤੇ ਸਬਜੀਆਂ ਉਪਰ ਵੀ ਹੁੰਦਾ ਹੈ ਅਤੇ ਜਦੋਂ ਅਸੀਂ ਇਹ ਕਣਕ ਅਤੇ ਸਬਜੀਆਂ ਖਾਂਦੇ ਹਾਂ ਤਾਂ ਇਹਨਾਂ ਕੀੜੇਮਾਰ ਦਵਾਈਆਂ ਦਾ ਅਸਰ ਸਾਡੇ ਸਰੀਰ ਵਿੱਚ ਵੀ ਪਹੁੰਚਦਾ ਹੈ| ਸਿਹਤ ਮਾਹਿਰਾਂ ਵੱਲੋਂ ਪੰਜਾਬ ਦੇ ਮਾਲਵਾ ਖੇਤਰ ਵਿਚ ਵੱਡੀ ਪੱਧਰ ਤੇ ਫੈਲੀ ਕੈਂਸਰ ਦੀ ਬਿਮਾਰੀ ਦਾ ਮੁੱਖ ਕਾਰਨ ਜਹਿਰੀਲੀ ਖੇਤੀ ਨੂੰ ਵੀ ਦਸਿਆ ਜਾਂਦਾ ਰਿਹਾ ਹੈ|
ਸਿਰਫ ਫਸਲ ਅਤੇ ਸਬਜੀਆਂ ਹੀ ਨਹੀਂ ਬਲਕਿ ਫਲਾਂ ਉਪਰ ਵੀ ਜਹਿਰੀਲੇ ਕੀਟਨਾਸਕਾਂ ਅਤੇ ਜਹਿਰੀਲੇ ਮਸਾਲਿਆਂ ਦਾ ਭਾਰੀ ਅਸਰ ਹੁੰਦਾ ਹੈ| ਇਸਤੋਂ ਇਲਾਵਾ ਫਲ ਵੇਚਣ ਵਾਲਿਆਂ ਵਲੋਂ ਕੱਚੇ ਫਲਾਂ ਨੂੰ ਮਸਾਲਿਆਂ ਨਾਲ ਪਕਾਉਣ ਦੀ ਕਾਰਵਾਈ ਆਮ ਹੈ ਜੋ ਬਹੁਤ ਜਹਿਰੀਲੇ ਹੁੰਦੇ ਹਨ| ਕੁੱਝ ਲੋਕ ਤਾਂ ਫਲਾਂ ਨੂੰ ਪਕਾਉਣ ਲਈ ਵੀ ਕੈਮੀਕਲਾਂ ਦੀ ਵਰਤੋਂ ਕਰਦੇ ਹਨ| ਇਹਨਾਂ ਲੋਕਾਂ ਵਲੋਂ ਕੇਲੇ ਨੂੰ ਪਕਾਉਣ ਲਈ ਪਾਣੀ ਦੇ ਟੱਬ ਵਿਚ ਕੈਮੀਕਲ ਘੋਲ ਲਿਆ ਜਾਂਦਾ ਹੈ ਅਤੇ ਕੇਲੇ ਦੇ ਗੁੱਛਿਆਂ ਨੂੰ ਇਸ ਪਾਣੀ ਵਿਚ ਡੁਬਾ ਕੇ ਪਕਾ ਲਿਆ ਜਾਂਦਾ ਹੈ|
ਅਜਿਹੇ ਮਾਹੌਲ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾ ਵਲੋਂ ਕੁਦਰਤੀ ਖੇਤੀ ਵੱਲ ਪਰਤਣ ਦੇ ਰੁਝਾਨ ਦਾ ਸੁਆਗਤ ਕਰਨਾ ਬਣਦਾ ਹੈ| ਇਹ ਕਿਸਾਨ ਆਪਣੇ ਖੇਤਾਂ ਵਿਚ ਦੇਸੀ ਖਾਦ ਦੀ ਵਰਤੋ ਕਰਦੇ ਹਨ| ਕੁਦਰਤੀ ਢੰਗ ਨਾਲ ਉਗਾਈਆਂ ਜਾ ਰਹੀਆਂ ਫਸਲਾਂ ਅਤੇ ਸਬਜੀਆਂ ਦੀ ਕੀਮਤ ਥੋੜ੍ਹੀ ਮਹਿੰਗੀ ਜਰੂਰ ਪੈਂਦੀ ਹੈ ਪਰ ਇਹ ਫਸਲ ਅਤੇ ਸਬਜੀਆਂ ਸਿਹਤ ਲਈ ਬਹੁਤ ਲਾਭਦਾਇਕ ਹਨ| ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਉਤਸ਼ਾਹਿਤ ਕਰੇ ਅਤੇ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਦੇ ਖਰਚੇ ਪੂਰੇ ਕਰਨ ਲਈ ਵਿਸ਼ੇਸ ਸਬਸਿਡੀ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਪਾਸੇ ਮੁੜਣ ਅਤੇ ਸੂਬੇ ਦੀ ਜਨਤਾ ਨੂੰ ਕੁਦਰਤੀ ਢੰਗ ਨਾਲ ਉਗਾਈਆਂ ਫਸਲਾਂ, ਸਬਜੀਆਂ ਅਤੇ ਫਲ ਹਾਸਿਲ ਹੋਣ|

Leave a Reply

Your email address will not be published. Required fields are marked *