ਕੁਦਰਤੀ ਗੈਸ ਦੀ ਕੀਮਤ ਦੇ ਵਾਧੇ ਦਾ ਅਸਰ

ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਕੁਦਰਤੀ ਗੈਸ ਦੀ ਕੀਮਤ ਬਹੁਤ ਮਾਇਨੇ ਨਹੀਂ ਰੱਖਦੀ ਸੀ ਅਤੇ ਬਾਜ਼ਾਰ ਤੇ ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਸੀ| ਜੋ ਵੀ ਰੌਲਾ ਪੈਂਦਾ ਹੁੰਦਾ ਸੀ ਉਹ ਪੈਟਰੋਲ-ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਹੀ ਹੁੰਦਾ ਸੀ| ਪਰ ਹੁਣ ਟ੍ਰਾਂਸਪੋਰਟ ਤੋਂ ਲੈ ਕੇ ਰਸੋਈ, ਬਿਜਲੀ ਅਤੇ ਯੂਰੀਆ ਉਤਪਾਦਨ ਆਦਿ ਦੀ ਲਾਗਤ ਕੁਦਰਤੀ ਗੈਸ ਦੀ ਕੀਮਤ ਨਾਲ ਪ੍ਰਭਾਵਿਤ ਹੁੰਦੀ ਹੈ| ਇਸ ਲਈ ਇਸਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ| ਇਸ ਸੰਦਰਭ ਵਿੱਚ ਜਿਕਰਯੋਗ ਹੈ ਕਿ ਸਰਕਾਰ ਨੇ ਦੇਸ਼ ਵਿੱਚ ਉਤਪਾਦਿਤ ਹੋਣ ਵਾਲੀ ਕੁਦਰਤੀ ਗੈਸ ਦੀ ਕੀਮਤ ਇੱਕ ਅਪ੍ਰੈਲ ਤੋਂ ਛੇ ਫੀਸਦੀ ਵਧਾ ਦਿੱਤੀ ਹੈ| ਇਸ ਨਾਲ ਜਿੱਥੇ ਸੀਐਨਜੀ ਅਤੇ ਪਾਈਪ ਦੇ ਜਰੀਏ ਘਰਾਂ ਵਿੱਚ ਪੁੱਜਣ ਵਾਲੀ ਰਸੋਈ ਗੈਸ ਮਹਿੰਗੀ ਹੋਵੇਗੀ, ਉਥੇ ਹੀ ਯੂਰੀਆ ਦੀ ਉਤਪਾਦਨ ਲਾਗਤ ਵੀ ਵਧੇਗੀ| ਭਾਰਤ ਵਿੱਚ ਬਿਜਲੀ ਉਤਪਾਦਨ ਵਿੱਚ ਗੈਸ ਆਧਾਰਿਤ ਬਿਜਲੀ ਪਲਾਂਟਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ, ਇਸ ਲਈ ਤਾਜ਼ਾ ਫੈਸਲੇ ਦਾ ਬਿਜਲੀ ਦੀਆਂ ਦਰਾਂ ਤੇ ਕੋਈ ਖਾਸ ਪ੍ਰਭਾਵ ਸ਼ਾਇਦ ਨਾ ਪਵੇ|
ਛੇ ਫੀਸਦੀ ਵਾਧੇ ਦੇ ਨਾਲ ਗੈਸ ਦੀ ਕੀਮਤ ਦੋ ਸਾਲ ਦੇ ਉਚ ਪੱਧਰ ਤੇ ਪਹੁੰਚ ਗਈ ਹੈ ਅਤੇ ਇਹ ਛੇ ਮਹੀਨੇ ਲਈ ਲਾਗੂ ਰਹੇਗੀ| ਇੱਕ ਯੂਨਿਟ ਗੈਸ ਦਾ ਮੁੱਲ 2.89 ਡਾਲਰ ਤੋਂ 3.06 ਡਾਲਰ ਤੈਅ ਕੀਤਾ ਗਿਆ ਹੈ| ਡੂੰਘੇ ਸਮੁੰਦਰ ਅਤੇ ਬਹੁਤ ਜ਼ਿਆਦਾ ਤਾਪਮਾਨ – ਬਹੁਤ ਜ਼ਿਆਦਾ ਦਬਾਅ ਵਾਲੀਆਂ ਥਾਵਾਂ ਤੋਂ ਕੱਢੀ ਜਾਣ ਵਾਲੀ ਗੈਸ ਦੀ ਕੀਮਤ 6.30 ਡਾਲਰ ਤੋਂ ਵਧਾ ਕੇ 6.78 ਡਾਲਰ ਪ੍ਰਤੀ ਯੂਨਿਟ ਤੈਅ ਕੀਤੀ ਗਈ ਹੈ|
ਦਰਅਸਲ, ਮੋਦੀ ਸਰਕਾਰ ਨੇ ਸੱਤਾ ਤੇ ਕਾਬਿਜ ਹੋਣ ਦੇ ਕੁੱਝ ਮਹੀਨੇ ਬਾਅਦ ਹੀ ਅਮਰੀਕਾ, ਰੂਸ, ਕਨੇਡਾ ਵਰਗੇ ਗੈਸ ਖੁਸ਼ਹਾਲ ਦੇਸ਼ਾਂ ਵਿੱਚ ਔਸਤ ਦਰਾਂ ਦੇ ਆਧਾਰ ਤੇ ਗੈਸ ਦੀ ਕੀਮਤ ਦੇ ਨਿਰਧਾਰਣ ਦਾ ਜੋ ਫਾਰਮੂਲਾ ਤੈਅ ਕੀਤਾ ਸੀ, ਉਸਦੇ ਤਹਿਤ ਨਿਰਧਾਰਤ ਕੀਤੀ ਗਈ ਦਰ ਛੇ ਮਹੀਨੇ ਤੱਕ ਹੀ ਲਾਗੂ ਰਹਿੰਦੀ ਹੈ| ਉਸ ਤੋਂ ਬਾਅਦ ਸਰਕਾਰ ਉਸ ਵਿੱਚ ਸੋਧ ਕਰ ਸਕਦੀ ਹੈ| ਅਕਤੂਬਰ 2014 ਵਿੱਚ ਤੈਅ ਕੀਤੇ ਗਏ ਫਾਰਮੂਲੇ ਦੇ ਸਬੰਧ ਵਿੱਚ ਗੈਸ ਉਤਪਾਦਕ ਕੰਪਨੀਆਂ ਅਸੰਤੁਸ਼ਟ ਰਹੀਆਂ ਹਨ, ਕਿਉਂਕਿ ਇਹ ਫਾਰਮੂਲਾ ਤੈਅ ਹੋਣ ਤੋਂ ਬਾਅਦ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬੈਂਚਮਾਰਕ ਕੀਮਤ ਵਿੱਚ ਲਗਾਤਾਰ ਗਿਰਾਵਟ ਦੇ ਕਾਰਨ ਗੈਸ ਦੀ ਕੀਮਤ ਢਲਾਨ ਤੇ ਰਹੀ| ਉਦੋਂ ਤੋਂ ਗੈਸ ਉਤਪਾਦਕ ਕੰਪਨੀਆਂ ਕੀਮਤ ਨੂੰ ਲੈ ਕੇ ਬਰਾਬਰ ਅਸੰਤੋਸ਼ ਜਾਹਿਰ ਕਰਦੀਆਂ ਰਹੀਆਂ ਹਨ| ਦੂਜੇ ਪਾਸੇ, ਸਰਕਾਰ ਤੇ ਇਲਜ਼ਾਮ ਲੱਗਿਆ ਕਿ ਉਸਨੇ ਜੋ ਫਾਰਮੂਲਾ ਤੈਅ ਕੀਤਾ ਉਸਦੇ ਪਿੱਛੇ ਇੱਕ ਨਿਜੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਚਾਹਤ ਮੁੱਖ ਸੀ| ਬਹਿਰਹਾਲ, ਤਿੰਨ ਸਾਲ ਵਿੱਚ ਪਹਿਲੀ ਵਾਰ ਗੈਸ ਦੀ ਬੈਂਚਮਾਰਕ ਕੀਮਤ ਵਿੱਚ ਵਾਧਾ ਪਿਛਲੇ ਸਾਲ ਅਕਤੂਬਰ ਵਿੱਚ ਕੀਤਾ ਗਿਆ ਸੀ, ਪੰਜ ਵਾਰ ਦੀਆਂ ਕਟੌਤੀਆਂ ਤੋਂ ਬਾਅਦ|
ਸਰਕਾਰ ਦੇ ਤਾਜ਼ਾ ਫੈਸਲੇ ਨਾਲ ਜਿੱਥੇ ਗੈਸ ਦੇ ਖਪਤਕਾਰਾਂ ਨੂੰ ਚਪਤ ਲੱਗੇਗੀ, ਉਥੇ ਹੀ ਜਨਤਕ ਖੇਤਰ ਦੀ ਕੰਪਨੀ ਓਐਨਜੀਸੀ ਅਤੇ ਨਿਜੀ ਖੇਤਰ ਦੀ ਰਿਲਾਇੰਸ ਇੰਡਸਟਰੀਜ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ| ਇੱਕ ਮੋਟੇ ਅਨੁਮਾਨ ਦੇ ਮੁਤਾਬਕ ਓਐਨਜੀਸੀ ਦੀ ਸਾਲਾਨਾ ਕਮਾਈ ਵੱਧ ਕੇ 41 ਸੌ ਕਰੋੜ ਤੇ ਪਹੁੰਚ ਜਾਵੇਗੀ| ਦੇਸ਼ ਵਿੱਚ ਰੋਜਾਨਾ ਨੌ ਕਰੋੜ ਘਨ ਮੀਟਰ ਕੁਦਰਤੀ ਗੈਸ ਦਾ ਉਤਪਾਦਨ ਹੁੰਦਾ ਹੈ| ਇਸਵਿੱਚ 70 ਫੀਸਦੀ ਉਤਪਾਦਨ ਭਾਰਤ ਦੀ ਸਭ ਤੋਂ ਵੱਡੀ ਗੈਸ ਉਤਪਾਦਕ ਕੰਪਨੀ ਓਐਨਜੀਸੀ ਕਰਦੀ ਹੈ| ਭਾਰਤ ਗੈਸ ਦੀ ਆਪਣੀ ਕੁਲ ਖਪਤ ਦਾ ਅੱਧਾ ਹਿੱਸਾ ਆਯਾਤ ਕਰਦਾ ਹੈ| ਗੈਸ ਦੀ ਕੀਮਤ ਵਿੱਚ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਗੈਸ ਉਤਪਾਦਕ ਕੰਪਨੀਆਂ ਨਵੇਂ ਗੈਸ – ਖੇਤਰਾਂ ਵਿੱਚ ਅਰਬਾਂ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾ ਚੁੱਕੀਆਂ ਹਨ| ਕਮਾਈ ਵਿੱਚ ਵਾਧੇ ਨਾਲ ਉਨ੍ਹਾਂ ਨੂੰ ਆਪਣੀਆਂ ਨਵੀਆਂ ਪ੍ਰਯੋਜਨਾਵਾਂ ਨੂੰ ਅੱਗੇ ਵਧਾਉਣ ਵਿੱਚ ਆਸਾਨੀ ਹੋਵੇਗੀ| ਪਰ ਗੈਸ ਦੇ ਖਪਤਕਾਰਾਂ ਨੂੰ ਤਾਂ ਤਾਜ਼ਾ ਫੈਸਲੇ ਦਾ ਕੌੜਾ ਅਨੁਭਵ ਹੀ ਹੋਵੇਗਾ|
ਯੋਗਰਾਜ ਸਿੰਘ

Leave a Reply

Your email address will not be published. Required fields are marked *