ਕੁਪੋਸ਼ਣ ਦੀ ਗੰਭੀਰ ਸੱਮਸਿਆ ਲਈ ਢੁਕਵੇਂ ਹੱਲ ਦੀ ਲੋੜ

ਦਿੱਲੀ ਵਿੱਚ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਬੱਚੀਆਂ ਦੀ ਮੌਤ ਦਾ ਮਾਮਲਾ ਸੜਕ ਤੋਂ ਲੈ ਕੇ ਸੰਸਦ ਤੱਕ ਵਿੱਚ ਉਠਿਆ| ਬੇਸ਼ੱਕ 3 ਬੱਚੀਆਂ ਦੀ ਇਕੱਠੇ ਮੌਤ ਦਾ ਸਵਾਲ ਆਪਣੀ ਜਗ੍ਹਾ ਕਾਇਮ ਹੈ ਪਰ ਪੋਸਟਮਾਰਟਮ ਰਿਪੋਰਟ ਅਤੇ ਐਸਡੀਐਮ ਦੀ ਜਾਂਚ ਰਿਪੋਰਟ ਵਿੱਚ 3 ਭੈਣਾਂ ਦੀ ਮੌਤ ਨੂੰ ਲੈ ਕੇ ਜੋ ਕਿਹਾ ਗਿਆ ਹੈ, ਉਸਨੂੰ ਸਮਝਣਾ ਜਰੂਰੀ ਹੈ| ਪੋਸਟਮਾਰਟਮ ਰਿਪੋਰਟ ਕਹਿੰਦੀ ਹੈ, ਕੁਪੋਸ਼ਣ ਅਤੇ ਖਾਣਾ ਨਾ ਮਿਲਣ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ| ਐਸਡੀਐਮ ਦੀ ਰਿਪੋਰਟ ਵਿੱਚ ਭੁੱਖ ਨੂੰ ਸਿੱਧੇ ਤੌਰ ਤੇ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ|
ਇਸ ਵਿੱਚ ਦੱਸਿਆ ਗਿਆ ਹੈ ਕਿ ਤਿੰਨੋਂ ਬੱਚੀਆਂ ਪਹਿਲਾਂ ਤੋਂ ਬਿਮਾਰ ਸਨ, ਉਨ੍ਹਾਂ ਨੂੰ ਡਾਇਰਿਆ ਹੋ ਗਿਆ ਸੀ| ਪੋਸ਼ਕ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਹੋਈ| ਗਰੀਬੀ ਦੇ ਕਾਰਨ ਉਨ੍ਹਾਂ ਨੂੰ ਸੰਤੁਲਿਤ ਆਹਾਰ ਨਹੀਂ ਮਿਲ ਰਿਹਾ ਸੀ|
ਦਰਅਸਲ ਲਗਾਤਾਰ ਪੌਸ਼ਟਿਕ ਆਹਾਰ ਨਾ ਮਿਲਣ ਨਾਲ ਬੱਚੇ ਕੁਪੋਸ਼ਿਤ ਹੋ ਜਾਂਦੇ ਹਨ| ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਅਜਿਹੇ ਬੱਚੇ ਡਾਇਰਿਆ ਅਤੇ ਨਿਮੋਨੀਆ ਦੀ ਜਦ ਵਿੱਚ ਜਲਦੀ ਆ ਜਾਂਦੇ ਹਨ| ਲਿਹਾਜਾ ਤਿੰਨ ਬੱਚੀਆਂ ਦੀ ਮੌਤ ਦਾ ਕਾਰਨ ਭੁਖਮਰੀ ਹੋਵੇ ਜਾਂ ਕੁਪੋਸ਼ਣ, ਇਸ ਨਾਲ ਖਾਸ ਫਰਕ ਨਹੀਂ ਪੈਂਦਾ| ਦੋਵਾਂ ਹੀ ਹਲਾਤਾਂ ਵਿੱਚ ਸਮੱਸਿਆਵਾਂ ਇੱਕ ਵਰਗੀਆਂ ਹਨ, ਚੁਣੌਤੀਆਂ ਇੱਕ ਵਰਗੀਆਂ ਹਨ|
ਦਿੱਲੀ ਦੀ ਪ੍ਰਤੀ ਵਿਅਕਤੀ ਕਮਾਈ ਰਾਸ਼ਟਰੀ ਪ੍ਰਤੀ ਵਿਅਕਤੀ ਕਮਾਈ ਦੀ ਤਿੰਨ ਗੁਣਾ ਹੈ ਪਰੰਤੂ ਨੰਦੀ ਫਾਉਂਡੇਸ਼ਨ ਦੀ ਜਨਵਰੀ ਵਿੱਚ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜਧਾਨੀ ਵਿੱਚ 6 ਸਾਲ ਤੱਕ ਦੀ ਉਮਰ ਦਾ ਲਗਭਗ ਹਰ ਤੀਜਾ ਬੱਚਾ ਕੁਪੋਸ਼ਿਤ ਹੈ| ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2014- 15) ਦੇ ਅਨੁਸਾਰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ 38 ਫੀਸਦੀ ਬੱਚੇ ਮਦਰੇ ਹਨ ਅਤੇ ਇਸ ਉਮਰ ਵਰਗ ਦੇ 21 ਫ਼ੀਸਦੀ ਬੱਚਿਆਂ ਦਾ ਭਾਰ ਕੱਦ ਦੇ ਅਨੁਪਾਤ ਵਿੱਚ ਘੱਟ ਹੈ| ਭਾਰਤ ਵਿੱਚ ਦੁਨੀਆ ਦੇ ਇੱਕ ਤਿਹਾਈ ਮਦਰੇ ਬੱਚੇ ਹਨ| ਨਾਟੇਪਨ ਦੀ ਅਹਿਮ ਵਜ੍ਹਾ ਕੁਪੋਸ਼ਣ ਹੈ| ਯੂਨੀਸੇਫ ਦੀ ਇੱਕ ਹਾਲ ਦੀ ਰਿਪੋਰਟ ਦੇ ਮੁਤਾਬਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਵਿੱਚੋਂ 50 ਫੀਸਦੀ ਮੌਤਾਂ ਵਿੱਚ ਕੁਪੋਸ਼ਣ ਦਾ ਪ੍ਰਤੱਖ ਯੋਗਦਾਨ ਹੈ |
ਬੱਚਿਆਂ ਵਿੱਚ ਕੁਪੋਸ਼ਣ ਅਤੇ ਭੁੱਖ ਨਾਲ ਮੌਤ ਇੱਕ ਗੰਭੀਰ ਸਮੱਸਿਆ ਹੈ| ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਸ ਦਾ ਪ੍ਰਭਾਵ ਨਾ ਸਿਰਫ ਵਰਤਮਾਨ ਪੀੜ੍ਹੀ, ਮੌਜੂਦਾ ਅਰਥ ਵਿਵਸਥਾ ਉਤੇ ਪੈਂਦਾ ਹੈ ਬਲਕਿ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ| ਕੁਪੋਸ਼ਿਤ ਆਬਾਦੀ ਦੇਸ ਦੀ ਅਰਥ ਵਿਵਸਥਾ ਵਿੱਚ ਵੀ ਸਰਗਰਮ ਭੂਮਿਕਾ ਨਹੀਂ ਨਿਭਾ ਪਾਉਂਦੀ| ਕੁਪੋਸ਼ਣ ਦੇ ਕਾਰਨ ਦੇਸ਼ ਦੀ ਜੀਡੀਪੀ ਨੂੰ ਸਾਲਾਨਾ 2.95 ਫੀਸਦੀ ਦਾ ਨੁਕਸਾਨ ਹੁੰਦਾ ਹੈ|
ਦਰਅਸਲ ਕੁਪੋਸ਼ਣ ਦੇ ਸਬੰਧ ਵਿੱਚ ਇਹ ਗੱਲ ਧਿਆਨ ਰੱਖਣਾ ਬਹੁਤ ਜਰੂਰੀ ਹੈ ਕਿ ਜੇਕਰ ਕੋਈ ਬੱਚਾ ਜਿੰਦਗੀ ਦੇ ਸ਼ੁਰੂਆਤੀ ਦੋ- ਤਿੰਨ ਸਾਲ ਵਿੱਚ ਹੀ ਕੁਪੋਸ਼ਿਤ ਹੋ ਗਿਆ ਤਾਂ ਉਸ ਤੋਂ ਹੋਣ ਵਾਲੇ ਪ੍ਰਭਾਵ ਨਾ ਬਦਲਣਯੋਗ ਹਨ| ਭੁੱਖ, ਕੁਪੋਸ਼ਣ ਸਿਰਫ ਮਦਰੇ ਹੀ ਨਹੀਂ ਬਣਾਉਂਦਾ ਬਲਕਿ ਦਿਮਾਗ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋਣ ਦਿੰਦਾ | ਬਾਲ-ਉਮਰ ਵਿੱਚ ਹੀ ਕੁਪੋਸ਼ਿਤ ਹੋਣ ਉਤੇ ਬੱਚੇ ਦੀ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ| ਵੱਡੇ ਹੋਣ ਤੇ ਉਸਦੀ ਉਤਪਾਦਕ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਉਹ ਦੂਸਰਿਆਂ ਦੀ ਤੁਲਨਾ ਵਿੱਚ ਕਮਾਉਂਦਾ ਵੀ ਘੱਟ ਹੈ| ਅਜਿਹੇ ਸਾਰੇ ਬੱਚੇ ਵੱਡੇ ਹੋਣ ਤੇ ਵੀ ਆਪਣੇ ਮਾਪਿਆਂ ਦੀ ਤਰ੍ਹਾਂ ਗਰੀਬੀ ਦੇ ਹੀ ਕੁਚੱਕਰ ਵਿੱਚ ਫਸੇ ਰਹਿੰਦੇ ਹਨ|
ਹਾਲ ਹੀ ਵਿੱਚ ਜਿਸ ਦੇਸ਼ ਨੇ ਫ਼ਰਾਂਸ ਨੂੰ ਪਛਾੜ ਦੁਨੀਆ ਦੀ ਸਭ ਤੋਂ ਵੱਡੀ ਛੇਵੀਂ ਅਰਥ ਵਿਵਸਥਾ ਦਾ ਦਰਜਾ ਹਾਸਲ ਕੀਤਾ ਹੈ, ਉਸਦਾ ਇੱਕ ਸਿਆਹ ਪਹਿਲੂ ਇਹ ਵੀ ਹੈ ਕਿ ਹੰਗਰ ਇੰਡੈਕਸ ਵਿੱਚ 119 ਦੇਸ਼ਾਂ ਦੀ ਸੂਚੀ ਵਿੱਚ ਉਹ 100ਵੇਂ ਅੰਕੜੇ ਉਤੇ ਖੜਾ ਹੈ| ਬੀਤੀ 8 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੋਸ਼ਣ ਮਿਸ਼ਨ ਲਾਂਚ ਕੀਤਾ| ਇਸਦਾ ਤਿੰਨ ਸਾਲ ਦਾ ਬਜਟ 9046 . 17 ਕਰੋੜ ਰੁਪਏ ਹੈ| ਮਿਸ਼ਨ ਦਾ ਟੀਚਾ 2022 ਤੱਕ ਨਾਟੇ ਬੱਚਿਆਂ ਦੀ ਗਿਣਤੀ ਨੂੰ 25 ਫ਼ੀਸਦੀ ਤੱਕ ਲਿਆਉਣਾ ਹੈ ਜੋ ਮੌਜੂਦਾ ਸਮੇਂ ਵਿੱਚ 38.4 ਫ਼ੀਸਦੀ ਹੈ|
ਮਿਸ਼ਨ ਬਣਾਉਣ ਦੀ ਇੱਛਾ ਤਾਂ ਸਮਝ ਵਿੱਚ ਆਉਂਦੀ ਹੈ ਪਰ ਅਹਿਮ ਸਵਾਲ ਇਹ ਹੈ ਕਿ ਭੁੱਖ, ਕੁਪੋਸ਼ਣ ਨੂੰ ਸੰਬੋਧਿਤ ਕਰਨ ਵਾਲੀਆਂ ਮੌਜੂਦਾ ਯੋਜਨਾਵਾਂ ਵਿੱਚ ਵਰਤੀ ਜਾਣ ਵਾਲੀ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਨੂੰ ਕਿਵੇਂ ਦੂਰ ਕੀਤਾ ਜਾਵੇ| ਪੂਰੇ ਤੰਤਰ ਨੂੰ ਇਹ ਕਿਵੇਂ ਸਮਝਾਇਆ ਜਾਵੇ ਕਿ ਉਸਦੀ ਉਦਾਸੀਨਤਾ ਦੀ ਕੀਮਤ ਨਦਾਨ ਬੱਚਿਆਂ ਨੂੰ ਚੁਕਾਉਣੀ ਪੈਂਦੀ ਹੈ| ਗਾਂ ਨੂੰ ਵਡਮੁੱਲਾ ਜਾਇਦਾਦ ਮੰਨਣ ਅਤੇ ਜਬਰਨ ਮਨਵਾਉਣ ਵਾਲੇ ਅਜੋਕੇ ਭਾਰਤ ਨੂੰ ਦਰਅਸਲ ਚੀਨ ਵਰਗੇ ਵੱਡੇ ਦੇਸ਼ਾਂ ਅਤੇ ਹੋਰ ਛੋਟੇ ਦੇਸ਼ਾਂ ਤੋਂ ਕੁਪੋਸ਼ਣ ਦੂਰ ਕਰਨ ਦੇ ਸਬਕ ਸਿੱਖਣ ਦੀ ਲੋੜ ਹੈ|
ਅਲਕਾ ਆਰਿਆ

Leave a Reply

Your email address will not be published. Required fields are marked *