ਕੁਰੈਸ਼ੀ ਵੱਲੋਂ ਲੱਧੜ ਦੀ ਪੁਸਤਕ ‘ਸ਼ੇਰਨੀ ਦਾ ਦੁੱਧ’ ਲੋਕ ਅਰਪਣ

ਚੰਡੀਗੜ੍ਹ, 20 ਜਨਵਰੀ (ਸ.ਬ.) ਅੱਜ ਇੱਥੇ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐਸ.ਵਾਈ. ਕੁਰੈਸ਼ੀ ਨੇ ਵਿੱਤ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ ਦੀ ਪਲੇਠੀ ਪੁਸਤਕ ‘ਸ਼ੇਰਨੀ ਦਾ ਦੁੱਧ’ ਲੋਕ ਅਰਪਣ ਕੀਤੀ| ਪੁਸਤਕ ਰਿਲੀਜ਼ ਸਮਾਗਮ ਆਈ.ਡੀ.ਸੀ. ਸੈਕਟਰ 38, ਚੰਡੀਗੜ੍ਹ ਵਿਖੇ ਹੋਇਆ|
ਮੁੱਖ ਮਹਿਮਾਨ ਸ੍ਰੀ ਕੁਰੈਸ਼ੀ ਨੇ ਪੁਸਤਕ ਬਾਰੇ ਬੋਲਦੇ ਹੋਏ ਕਿਹਾ ਕਿ ਸ੍ਰੀ ਲੱਧੜ ਵੱਲੋਂ ਲੋਕ ਹਿਤ ਨਾਲ ਜੁੜੇ ਤਜਰਬੇ ਪੰਜਾਬੀ ਭਾਸ਼ਾ ਵਿੱਚ ਸਾਂਝੇ ਕਰਨਾ ਬਹੁਤ ਹੀ ਸ਼ੁਭ ਸ਼ਗਨ ਹੈ| ਉਨ੍ਹਾਂ ਨੇ ‘ਸ਼ੇਰਨੀ ਦਾ ਦੁੱਧ’ ਪੁਸਤਕ ‘ਤੇ ਚਰਚਾ ਕਰਦੇ ਹੋਏ ਕਿਹਾ, ਕਿ ਸ੍ਰੀ ਲੱਧੜ ਨੇ ਆਪਣੇ ਤਜਰਬਿਆਂ ਤੇ ਆਧਾਰਿਤ ਪੁਸਤਕ ਲਿਖ ਕੇ ਬਹੁਤ ਵੱਡਾ ਕੰਮ ਕੀਤਾ ਹੈ| ਉਨ੍ਹਾਂ ਨੇ ਇਸ ਗੱਲ ਦੀ ਹੋਰ ਵੀ ਖ਼ੁਸ਼ੀ ਜ਼ਾਹਿਰ ਕੀਤੀ, ਕਿ ਪੁਸਤਕ ਮਾਂ-ਬੋਲੀ ਵਿੱਚ ਲਿਖੀ ਗਈ ਹੈ| ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਕਿਹਾ, ਕਿ ਦੁਨੀਆਂ ਦੇ ਸਭ ਤੋਂ ਮਜ਼ਬੂਤ ਮੰਨੇ ਜਾਂਦੇ ਜਮਹੂਰੀ ਮੁਲਕ ਭਾਰਤ ਦੀਆਂ ਚੋਣਾਂ ਅਫ਼ਸਰਸ਼ਾਹੀ ਹੀ ਕਰਾਉਂਦੀ ਹੈ|
ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਲੋਕਪੱਖੀ ਨਜ਼ਰੀਏ ਤੋਂ ਲੋਕ ਸੇਵਾ ਕਰਨ ਦਾ ਰੁਝਾਨ ਵਧਾਉਣ ਦੀ ਬੇਹੱਦ ਲੋੜ ਹੈ| ਉਨ੍ਹਾਂ ਨੇ ਕਿਹਾ ਕਿ ਸ੍ਰੀ ਲੱਧੜ ਦੀ ਪੁਸਤਕ ਨਵੀਂ ਸੇਧ                         ਦੇਵੇਗੀ|
ਸ੍ਰੀ ਲੱਧੜ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਪੁਸਤਕ ਲਿਖਣ ਪਿੱਛੇ ਦਾ ਮੰਤਵ ਆਪਣੇ ਜੀਵਨ ਕਾਲ ਦੇ ਸੰਘਰਸ਼ ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਲੋਕ ਸੇਵਾ ਦੇ ਲੇਖੇ ਲਾਉਣਾ ਹੈ| ਇਸ ਮੌਕੇ ਨਾਮਵਰ ਲੇਖਕ ਸ੍ਰੀ ਹਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|
ਸਮਾਗਮ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ, ਸਾਬਕਾ ਆਈ.ਏ.ਐਸ. ਸ੍ਰੀ ਜੇ.ਆਰ. ਕੁੰਡਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਲੋਕ ਗੀਤ ਪ੍ਰਕਾਸ਼ਨ ਦੇ ਮੁਖੀ ਹਰੀਸ਼ ਜੈਨ, ਪੱਤਰਕਾਰ ਅਤੇ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ|

Leave a Reply

Your email address will not be published. Required fields are marked *