ਕੁਲਜੀਤ ਬੇਦੀ ਨੇ ਕੀਤੀ ਮਸ਼ੀਨੀ ਸਫਾਈ ਦੇ ਕੰਮ ਦੀ ਅਚਨਚੇਤ ਚੈਕਿੰਗ, ਊਣਤਾਈਆਂ ਦੀ ਸ਼ਿਕਾਇਤ ਕੀਤੀ

ਕੁਲਜੀਤ ਬੇਦੀ ਨੇ ਕੀਤੀ ਮਸ਼ੀਨੀ ਸਫਾਈ ਦੇ ਕੰਮ ਦੀ ਅਚਨਚੇਤ ਚੈਕਿੰਗ, ਊਣਤਾਈਆਂ ਦੀ ਸ਼ਿਕਾਇਤ ਕੀਤੀ

ਕੰਪਨੀ ਦੇ ਕੰਮ ਦੀ ਜਾਂਚ ਲਈ ਕਮਿਸ਼ਨਰ, ਮੇਅਰ ਅਤੇ ਮੰਤਰੀ ਨੂੰ ਲਿਖਿਆ ਪੱਤਰ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫਾਈ ਕਰਨ ਵਾਲੀ ਕੰਪਨੀ ਸਮੇਂ ਸਮੇਂ ਤੇ ਚਰਚਾ ਦਾ ਕੇਂਦਰ ਬਣਦੀ ਰਹਿੰਦੀ ਹੈ ਅਤੇ ਇਸ ਕੰਪਨੀ ਵੱਲੋਂ ਸਫਾਈ ਦੀਆਂ ਸ਼ਰਤਾਂ ਦੀ ਕਥਿਤ ਉਲੰਘਣਾ ਦਾ ਮਾਮਲਾ ਕਈ ਵਾਰ ਹਾਊਸ ਦੀਆਂ ਮੀਟਿੰਗਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ| ਇਸ ਸਬੰਧੀ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵੱਲੋਂ ਬੀਤੀ ਰਾਤ 10 ਵਜੇ ਤੋਂ 12 ਵਜੇ ਦੇ ਦਰਮਿਆਨ ਉਕਤ ਕੰਪਨੀ ਵੱਲੋਂ ਕੀਤੀ ਜਾ ਰਹੀ ਸਫਾਈ ਦੀ ਕਾਰਵਾਈ ਦੀ ਜਾਂਚ ਕੀਤੀ ਗਈ ਅਤੇ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦੇ ਸਬੂਤ ਹਾਸਿਲ ਕੀਤੇ|
ਸ੍ਰ. ਬੇਦੀ ਵੱਲੋਂ ਬੀਤੀ ਰਾਤ ਕੁੰਭੜਾ ਚੌਂਕ ਤੋਂ ਪੀ ਸੀ ਐਲ ਚੌਂਕ ਵੱਲ ਜਾਂਦੀ ਸੜਕ ਤੇ ਕੀਤੀ ਜਾ ਰਹੀ ਸਫਾਈ ਦੀ ਜਾਂਚ ਕੀਤੀ ਗਈ| ਇਸ ਦੌਰਾਨ ਇਹ ਵੇਖਿਆ ਗਿਆ ਕਿ ਕੰਪਨੀ ਦੀਆਂ ਸਫਾਈ ਕਰਨ ਵਾਲੀਆਂ 2 ਗੱਡੀਆਂ ਇਸ ਸੜਕ ਤੇ ਚਲਾਈਆਂ ਜਾ ਰਹੀਆਂ ਸਨ ਪਰੰਤੂ ਇਹਨਾਂ ਗੱਡੀਆਂ ਦੇ ਨਾਲ ਨਾ ਤਾਂ ਪਾਣੀ ਮਾਰਨ ਵਾਲੀ ਗੱਡੀ ਮੌਜੂਦ ਸੀ ਅਤੇ ਨਾ ਹੀ  ਉੱਥੇ ਬਾਹਰ ਖਿਲਰੇ ਕ੍ਹੜੇ ਨੂੰ ਇਕੱਤਰ ਕਰਨ ਵਾਸਤੇ ਕੋਈ ਲੇਬਰ ਦਾ ਵਿਅਕਤੀ ਮੌਜੂਦ ਸੀ|

ਸ੍ਰ. ਬੇਦੀ ਨੇ ਦੱਸਿਆ ਕਿ ਠੇਕੇ ਦੀਆਂ ਸ਼ਰਤਾਂ ਅਨੁਸਾਰ ਸਫਾਈ ਵੇਲੇ ਇਹਨਾਂ ਗੱਡੀਆ ਦੀ ਵੱਧ ਤੋਂ ਵੱਧ ਰਫਤਾਰ 8 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ ਤਾਂ ਜੋ ਸਫਾਈ ਦਾ ਕੰਮ ਚੰਗੀ ਤਰ੍ਹਾਂ ਹੋ ਸਕੇ ਪ੍ਰੰਤੂ ਗੱਡੀਆਂ ਦੇ ਡਰਾਈਵਰ 20 ਕਿਲੋਮੀਟਰ ਦੀ ਰਫਤਾਰ ਨਾਲ ਗੱਡੀਆਂ ਚਲਾ ਰਹੇ ਸਨ|
ਉਹਨਾਂ ਦੱਸਿਆਂ ਕਿ ਜਦੋਂ ਉਹਨਾਂ ਨੇ ਸਫਾਈ ਕਰਨ ਵਾਲੀ ਗੱਡੀ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਪਾਇਆ| ਇਸਤੇ ਉਹਨਾਂ ਨੇ ਨਿਗਮ ਦੇ ਸੁਪਰਵਾਈਜਰ ਦੀਪਕ ਕੁਮਾਰ ਅਤੇ ਸਫਾਈ ਕਰਨ ਵਾਲੀ ਕੰਪਨੀ ਦੇ ਕਰਮਚਾਰੀ ਚਮਨ ਲਾਲ ਨੂੰ ਮੌਕੇ ਤੇ ਸੱਦਿਆ ਅਤੇ ਇਸ ਮੌਕੇ ਨਿਗਮ ਦੇ ਸੁਪਰਵਾਈਜਰ ਨੇ ਵੀ ਇਹ ਗੱਲ ਮੰਨੀ ਕਿ ਕੰਪਨੀ ਵੱਲੋਂ ਸਫਾਈ ਦਾ ਕੰਮ ਤਸੱਲੀਬਖਸ਼ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ| ਇਸ ਮੌਕੇ ਕੰਪਨੀ ਦੇ ਕਰਮਚਾਰੀ ਸ੍ਰੀ ਚਮਨਲਾਲ ਨੇ ਸ੍ਰੀ ਬੇਦੀ ਨੂੰ ਦੱਸਿਆ ਕਿ ਪਾਣੀ ਵਾਲੀ ਗੱਡੀ ਅਤੇ ਲੇਬਰ ਏਅਰ ਪੋਰਟ ਰੋਡ ਤੇ ਚਲ ਰਹੀ ਮਸ਼ੀਨ ਦੇ ਨਾਲ ਹੈ ਪਰ ਉਹ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਪਾਇਆ ਕਿ ਇਸ ਸੜਕ ਤੇ ਪਾਣੀ ਵਾਲੀ ਗੱਡੀ ਅਤੇ ਲੇਬਰ ਕਿਉਂ ਨਹੀਂ ਹੈ|
ਸ੍ਰ. ਬੇਦੀ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਵੇਖਿਆ ਕਿ ਇਸ ਕੰਪਨੀ ਵੱਲੋਂ ਆਪਣੇ ਕੰਮ ਦੌਰਾਨ ਭਾਰੀ ਊਣਤਾਈਆਂ ਕੀਤੀਆਂ ਜਾ ਰਹੀਆਂ ਹਨ| ਇਹ ਮਸ਼ੀਨ ਵਾਲੇ ਬ੍ਰਸ਼ ਨੂੰ ਜਿਆਦਾ ਤੇਜ ਚਲਾ ਕੇ ਫੁੱਟਪਾਥ ਤੇ ਇਕੱਠੇ ਹੋਏ ਕੂੜੇ ਨੂੰ ਉੜਾ ਦਿੰਦੇ ਹਨ ਤਾਂ ਜੋ ਇਹ ਬਰਮਾਂ ਦੇ ਵਿਚਕਾਰ ਕੱਚੀ ਥਾਂ ਵਿੱਚ ਪਹੁੰਚ  ਜਾਵੇ| ਫੁੱਟਪਾਥ ਤੇ ਪਈ ਆਵਾਰਾ ਪਸ਼ੂਆਂ ਦੀ ਗੰਦਗੀ (ਗੋਬਰ) ਦੀ ਸਫਾਈ ਵੀ ਨਹੀਂ ਕੀਤੀ ਜਾਂਦੀ ਅਤੇ ਇਸਨੂੰ ਉੱਥੇ ਹੀ ਸੜਨ ਲਈ ਛੱਡ ਦਿਤਾ ਜਾਂਦਾ ਹੈ| ਇਹ  ਗੱਡੀ ਵਾਲੇ ਉਹਨਾਂ ਥਾਵਾਂ ਤੇ ਵੀ ਗੱਡੀ ਪਾਸੇ ਕਰ ਲੈਂਦੇ ਹਨ ਜਿੱਥੇ ਦਰੱਖਤ ਹੁੰਦੇ ਹਨ ਅਤੇ ਤਰਕ ਦਿੰਦੇ ਹਨ ਕਿ ਇਸ ਨਾਲ ਗੱਡੀ ਦਾ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ|
ਸ੍ਰ. ਬੇਦੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਤੋਂ ਇਕੱਤਰ ਕੀਤੇ ਜਾਂਦੇ ਟੈਕਸਾਂ ਦੀ ਰਕਮ ਤੋਂ ਹਰ ਮਹੀਨੇ ਸਵਾ ਕਰੋੜ ਰੁਪਏ ਇਸ ਕੰਪਨੀ ਨੂੰ ਅਦਾ ਕੀਤੇ ਜਾਂਦੇ ਹਨ ਪ੍ਰੰਤੂ ਨਿਗਮ ਦੇ ਅਧਿਕਾਰੀ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਕਿ  ਇਸ ਕੰਪਨੀ ਦਾ ਕੰਮ ਕਿਸ ਤਰ੍ਹਾਂ ਚਲ ਰਿਹਾ ਹੈ| ਉਹਨਾਂ ਕਿਹਾ ਕਿ ਰਾਤ ਵੇਲੇ ਕੰਪਨੀ ਦੀ ਕਾਰਗੁਜਾਰੀ ਦੀ ਜਾਂਚ ਦੀ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਤਾਂ ਜੋ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹਣ ਅਤੇ ਉਹ ਇਸ ਕੰਪਨੀ ਵੱਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਦੇ ਖਿਲਾਫ ਲੋੜੀਂਦੀ ਕਾਰਵਾਈ ਕਰਨ| ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਪੈਸੇ ਦੀ ਇਸ ਤਰੀਕੇ ਨਾਲ ਹੋ ਰਹੀ ਬਰਬਾਦੀ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਸਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਨਗਰ ਨਿਗਮ ਦੇ  ਮੇਅਰ, ਕਮਿਸ਼ਨਰ ਅਤੇ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਸ ਕੰਪਨੀ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਜਨਤਾ ਦੇ ਪੈਸੇ ਵੀ ਵੱਡੇ ਪੱਧਰ ਤੇ ਹੋ ਰਹੀ ਬਰਬਾਦੀ ਤੇ ਰੋਕ ਲਗਾਈ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸੁਪਰਵਾਈਜਰ ਦੀਪਕ ਕੁਮਾਰ ਨੇ ਕਿਹਾ ਕਿ ਸਫਾਈ ਦੇ ਕੰਮ ਦੌਰਾਨ ਕੰਪਨੀ ਵੱਲੋਂ ਜਦੋਂ ਵੀ ਊਣਤਾਈ ਕੀਤੀ ਜਾਂਦੀ ਹੈ ਉਹ ਇਸ ਸੰਬੰਧੀ ਦਫਤਰ ਵਿੱਚ ਲਿਖਤੀ ਰਿਪੋਰਟ ਭੇਜ ਦਿੰਦੇ ਹਨ|
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਕੰਪਨੀ ਵੱਲੋਂ ਕੀਤੀ ਜਾਂਦੀ ਸਫਾਈ ਦੇ ਕੰਮ ਦੌਰਾਨ ਨਿਗਮ ਦਾ ਸੁਪਰਵਾਈਜਰ ਤੈਨਾਤ ਰਹਿੰਦਾ ਹੈ ਅਤੇ ਜਦੋਂ ਵੀ ਉਸ ਵੱਲੋਂ ਕਿਸੇ ਊਣਤਾਈ ਦੀ ਰਿਪੋਰਟ ਦਿੱਤੀ ਜਾਂਦੀ ਹੈ ਨਿਗਮ ਵੱਲੋਂ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ| ਉਹਨਾਂ ਕਿਹਾ ਕਿ ਸ੍ਰ. ਬੇਦੀ ਵੱਲੋਂ ਅਚਨਚੇਤ ਕੀਤੀ ਗਈ ਜਾਂਚ ਦਾ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਨਿਗਮ ਵੱਲੋਂ ਸ੍ਰੀ ਬੇਦੀ ਦੀ ਸ਼ਿਕਾਇਤ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *