ਕੁਲਸੁਮ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਨਵਾਜ਼ ਸ਼ਰੀਫ ਨੂੰ ਮਿਲੀ 12 ਘੰਟਿਆਂ ਦੀ ਪੈਰੋਲ

ਲਾਹੌਰ, 12 ਸਤੰਬਰ (ਸ.ਬ.) ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਨੂੰ 12 ਘੰਟਿਆਂ ਦੀ ਪੈਰੋਲ ਉਤੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ| ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਤਿੰਨਾਂ ਨੂੰ ਰਾਵਲਪਿੰਡੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ| ਤਿੰਨੋਂ ਤੜਕੇ 3.15 ਵਜੇ ਲਾਹੌਰ ਸਥਿਤ ਆਪਣੇ ਘਰ ਵਿੱਚ ਪੁੱਜੇ| ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸ਼ਰੀਫ ਦੀ ਪਤਨੀ ਕੁਲਸੁਮ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ|
ਕੁਲਸੁਮ ਦੀ ਮ੍ਰਿਤਕ ਦੇਹ ਨੂੰ ਲੰਡਨ ਤੋਂ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਸ਼ਰੀਫ ਪਰਿਵਾਰ ਦੇ ਲਾਹੌਰ ਸਥਿਤ ਘਰ ਵਿੱਚ ਹੋਵੇਗੀ| ਜੇਲ ਤੋਂ ਨਿਕਲਣ ਮਗਰੋਂ ਨਵਾਜ਼ ਆਪਣੀ ਧੀ ਅਤੇ ਜਵਾਈ ਨਾਲ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਤੋਂ ਤੜਕੇ ਲਾਹੌਰ ਪੁੱਜੇ| ਪੰਜਾਬ ਸਰਕਾਰ ਦੇ ਹੁਕਮ ਉਤੇ ਨਵਾਜ਼ ਅਤੇ ਉਨ੍ਹਾਂ ਦੇ ਧੀ-ਜਵਾਈ ਨੂੰ ਪੈਰੋਲ ਦਿੱਤੀ ਗਈ|
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਬੁਲਾਰੇ ਮਰੀਅਮ ਔਰੰਗਜ਼ੇਬ ਨੇ ਦੱਸਿਆ ਕਿ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਪੰਜਾਬ ਸਰਕਾਰ ਦੇ ਸਾਹਮਣੇ ਅਰਜੀ ਦਾਇਰ ਕਰ ਕੇ ਉਨ੍ਹਾਂ ਲਈ 5 ਦਿਨਾਂ ਦੇ ਪੈਰੋਲ ਦੀ ਮੰਗ ਕੀਤੀ ਸੀ| ਜ਼ਿਕਰਯੋਗ ਹੈ ਕਿ ਬੇਗਮ ਕੁਲਸੁਮ ਨੂੰ ਸ਼ੁੱਕਰਵਾਰ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ|
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਲਸੁਮ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ| ਉਨ੍ਹਾਂ ਟਵੀਟ ਕੀਤਾ ਕਿ ਸ਼੍ਰੀਮਤੀ ਕੁਲਸੁਮ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ| ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ| ਦੁਖੀ ਪਰਿਵਾਰ ਨਾਲ ਮੈਂ ਹਮਦਰਦੀ ਸਾਂਝੀ ਕਰਦੀ ਹਾਂ|

Leave a Reply

Your email address will not be published. Required fields are marked *