ਕੁਸ਼ੀਨਗਰ ਵਿੱਚ ਸਕੂਲ ਬੱਸ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ

ਕੁਸ਼ੀਨਗਰ, ਲਖਨਊ, 26 ਅਪ੍ਰੈਲ (ਸ.ਬ.) ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਅੱਜ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ ਤੇ ਟ੍ਰੇਨ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ ਹੈ| ਮਰਨ ਵਾਲਿਆਂ ਵਿੱਚ ਇਕ ਬੱਸ ਡਰਾਈਵਰ ਹੈ| ਇਸ ਹਾਦਸੇ ਵਿੱਚ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ| ਇਸ ਵਿੱਚ ਕਈ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਲੱਗਭਗ 25 ਬੱਚੇ ਸਵਾਰ ਸਨ| ਇਸ ਘਟਨਾ ਤੇ ਪੀ.ਐਮ. ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਉਤਰ ਪ੍ਰਦੇਸ਼ ਸਰਕਾਰ ਅਤੇ ਰੇਲਵੇ ਵਿਭਾਗ ਜਲਦੀ ਜ਼ਰੂਰੀ ਐਕਸ਼ਨ ਲੈਣਗੇ| ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਕੋਵਿੰਦ, ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ, ਸਾਬਕਾ ਸੀ.ਐਮ. ਅਖਿਲੇਸ਼ ਯਾਦਵ ਸਮੇਤ ਕਈ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ|
ਦੱਸਣਯੋਗ ਹੈ ਕਿ ਅੱਜ ਸਵੇਰੇ ਡਿਵਾਈਨ ਸਕੂਲ ਦੀ ਟਾਟਾ ਮੈਜਿਕ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ| ਇਹ ਵੈਨ ਬੱਚਿਆਂ ਨਾਲ ਭਰੀ ਹੋਈ ਸੀ| ਵਿਸ਼ੁਨਪੁਰਾ ਥਾਣੇ ਦੇ ਦੁਦਹੀ ਰੇਲਵੇ ਕ੍ਰਾਸਿੰਗ ਨਜ਼ਦੀਕ ਥਾਵੇ-ਬੜਨੀ ਪੈਸੇਂਜ਼ਰ ਟ੍ਰੇਨ ਜਾ ਰਹੀ ਸੀ| ਇਹ ਰੇਲਵੇ ਕ੍ਰਾਸਿੰਗ ਮਾਨਵ ਰਹਿਤ ਦੱਸੀ ਜਾ ਰਹੀ ਹੈ| ਸਕੂਲ ਵੈਨ ਟ੍ਰੈਕ ਤੋਂ ਨਿਕਲਣ ਲੱਗੀ ਤਾਂ ਉਹ ਉਥੇ ਜਾ ਰਹੀ ਟ੍ਰੇਨ ਦੀ ਲਪੇਟ ਵਿੱਚ ਆ ਗਈ| ਮਿਲੀ ਜਾਣਕਾਰੀ ਅਨੁਸਾਰ, ਡਰਾਈਵਰ ਨੇ ਕੰਨ ਤੇ ਈਅਰ ਫੋਨ ਲਗਾਏ ਹੋਏ ਸਨ|
ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਚੀਕਾਂ-ਅਵਾਜ਼ਾਂ ਦੂਰ-ਦੂਰ ਤੱਕ ਸੁਣਾਈਆਂ ਦਿੱਤੀਆਂ| ਵੈਨ ਦੇ ਪਰਖੱਚੇ ਉਡ ਗਏ| ਆਲੇ-ਦੁਆਲੇ ਦੇ ਲੋਕ ਚੀਕ-ਪੁਕਾਰ ਸੁਣ ਕੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ| ਪੁਲੀਸ ਅਤੇ ਪ੍ਰਸ਼ਾਸ਼ਨ ਨੂੰ ਤੁਰੰਤ ਹੀ ਸੂਚਨਾ ਦਿੱਤੀ ਗਈ| ਮੌਕੇ ਤੇ 11 ਬੱਚੇ ਅਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ 2 ਬੱਚਿਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੌੜ ਦਿੱਤਾ| ਇਸ ਹਾਦਸੇ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ| ਰਾਸ਼ਟਰਪਤੀ ਨੇ ਟਵੀਟ ਕੀਤਾ, ਮੈਂ ਇਹ ਦਿਲ ਦਹਿਲਾਉਣ ਵਾਲੀ ਘਟਨਾ ਸੁਣ ਕੇ ਸੁੰਨ ਹਾਂ| ਕੁਸ਼ੀਨਗਰਰ ਵਿੱਚ ਵਿਦਿਆਰਥੀਆਂ ਦੀ ਮੌਤ ਨੇ ਹਿਲਾ ਕੇ ਰੱਖ ਦਿੱਤਾ ਹੈ| ਮ੍ਰਿਤਕਾਂ ਅਤੇ ਜ਼ਖਮੀਆਂ ਦੇ ਘਰਦਿਆਂ ਨੂੰ ਈਸ਼ਵਰ ਦੁੱਖ ਸਹਿਣ ਦੀ ਤਾਕਤ ਦੇਵੇ| ਹਾਦਸੇ ਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਐਸ.ਪੀ.) ਦੇ ਨੇਤਾ ਅਖਿਲੇਸ਼ ਯਾਦਵ ਨੇ ਅਫਸੋਸ ਪ੍ਰਗਟ ਕਰਦੇ ਉਨ੍ਹਾਂ ਨੇ ਟਵੀਟ ਕੀਤਾ ਕਿ ਬੱਚਿਆਂ ਦੀ ਹਾਦਸੇ ਵਿੱਚ ਮੌਤ ਨਾਲ ਦਿਲ ਬਹੁਤ ਦੁੱਖੀ ਹੈ| ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਬੱਚਿਆਂ ਦੇ ਪਰਿਵਾਰਾਂ ਨੂੰ ਅਤੇ ਜ਼ਖਮੀਆਂ ਨੂੰ ਹਰ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ|
ਸੀ.ਐਮ. ਯੋਗੀ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਸਾਰੇ ਜ਼ਖਮੀਆਂ ਨੂੰ ਉਚਿਤ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ ਹੈ| ਨਾਲ ਹੀ ਹਾਦਸੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ|

Leave a Reply

Your email address will not be published. Required fields are marked *