ਕੁੜੀਆਂ ਦੀ ਜਨਮ ਦਰ ਵਿੱਚ ਹੋਇਆ ਵਾਧਾ ਸੁਆਗਤਯੋਗ

ਪੰਜਾਬ ਲਈ ਇਹ ਚੰਗੀ ਖਬਰ ਹੈ ਕਿ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਕੁੜੀਆਂ ਦੀ ਜਨਮ ਦਰ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਵਾਧਾ ਹੋਇਆ ਹੈ| ਇਸ ਦਾ ਇਹ ਵੀ ਮਤਲਬ ਕੱਢਿਆ ਜਾ ਸਕਦਾ ਹੈ ਕਿ ਪੰਜਾਬੀ ਹੁਣ ਕੁੜੀਆਂ ਨੂੰ ਜੰਮਣ ਵੱਲ ਪ੍ਰੇਰਿਤ ਹੋ ਗਏ ਹਨ, ਜਦੋਂਕਿ ਪਿਛਲੇ ਸਮੇਂ ਦੌਰਾਨ ਪੰਜਾਬੀ ਲੋਕ ਕੁੜੀਆਂ ਨੂੰ ਜਨਮ ਦੇਣ ਤੋਂ ਜਿਵੇਂ ਟਾਲਾ ਵੱਟ ਗਏ ਸਨ ਅਤੇ ਇਸ ਕਾਰਨ ਪੰਜਾਬੀਆਂ ਦੇ ਸਿਰ ਕੁੜੀਮਾਰ ਹੋਣ ਦਾ ਕਲੰਕ ਲੱਗਣ ਲੱਗ ਗਿਆ ਸੀ| ਪਰੰਤੂ ਪੰਜਾਬੀਆਂ ਨੇ ਕੁੜੀਆਂ ਦੀ ਜਨਮ ਦਰ ਵਿਚ ਵਾਧਾ ਕਰਕੇ ਉਹਨਾਂ ਦੇ ਮੱਥੇ ਤੋਂ ਲੱਗਿਆ ਕੁੜੀਮਾਰ ਹੋਣ ਦਾ ਕਲੰਕ ਉਤਾਰ ਦਿੱਤਾ ਹੈ|
ਕੇਂਦਰ ਸਰਕਾਰ ਵਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਕੁੜੀਆਂ ਦੀ ਜਨਮ ਦਰ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਪੰਜਾਬ ਇਸ ਮਾਮਲੇ ਵਿੱਚ ਭਾਰਤ ਦੇ ਹੋਰ ਦੂਜੇ ਰਾਜਾਂ ਨਾਲੋਂ ਕਾਫੀ ਅੱਗੇ ਹੈ| ਇਸ ਸੂਚੀ ਵਿੱਚ ਦੂਜੇ ਨੰਬਰ ਤੇ ਬਿਹਾਰ ਦਾ ਨੰਬਰ ਹੈ| ਹੁਣ ਭਾਰਤ ਦੇ ਰਾਸ਼ਟਰਪਤੀ ਵਲੋਂ ਵੀ ਕੁੜੀਆਂ ਦੀ ਜਨਮ ਦਰ ਵਿੱਚ ਦੇਸ਼ ਭਰ ਵਿੱਚ ਅੱਵਲ ਰਹਿਣ ਲਈ ਪੰਜਾਬ ਨੂੰ ਸਨਮਾਨਿਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ|
ਸਰਕਾਰੀ ਅੰਕੜਿਆਂ ਅਨੁਸਾਰ ਭਾਵੇਂ ਪੰਜਾਬ ਵਿੱਚ ਕੁੜੀਆਂ ਦੀ ਜਨਮ ਦਰ ਵਿੱਚ ਕਾਫੀ ਵਾਧਾ ਹੋਇਆ ਹੈ ਪਰ ਅਜੇ ਇਸ ਜਨਮ ਦਰ ਵਿੱਚ ਹੋਰ ਵੀ ਕਾਫੀ ਵਾਧੇ ਦੀ ਲੋੜ ਹੈ, ਕਿਉਂਕਿ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੁਣੇ ਵੀ ਮੁੰਡਿਆਂ ਨਾਲੋਂ ਕੁੜੀਆਂ ਦੀ ਜਨਮ ਦਰ ਕਿਤੇ ਘੱਟ ਹੈ| ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿੱਚ ਕੁੜੀਆਂ ਦੀ ਜਨਮ ਦਰ ਮੁੰਡਿਆਂ ਨਾਲੋਂ ਵੀ ਵੱਧ ਹੋਵੇ ਅਤੇ ਜੇਕਰ ਕੁੜੀਆਂ ਦੀ ਜਨਮ ਦਰ ਮੁੰਡਿਆਂ ਦੀ ਜਨਮ ਦਰ ਨਾਲੋਂ ਵੱਧ ਨਹੀਂ ਸਕਦੀ ਤਾਂ ਵੀ ਇਸਨੂੰ ਮੁੰਡਿਆਂ ਦੇ ਬਰਾਬਰ ਤਾਂ ਲਿਆਂਦਾ ਹੀ ਜਾ ਸਕਦਾ ਹੈ|
ਸਾਡੇ ਸਮਾਜ ਦੀ ਮਾਨਸਿਕਤਾ ਹੀ ਅਜਿਹੀ ਹੈ ਕਿ ਉਹ ਆਪਣੇ ਘਰ ਧੀ ਪੈਦਾ ਹੋਣ ਦੀ ਥਾਂ ਮੁੰਡੇ ਦੇ ਜਨਮ ਨੂੰ ਵਧੇਰੇ ਚੰਗਾ ਸਮਝਦੇ ਹਨ| ਭਾਵੇਂ ਹੁਣ ਕੁਝ ਪਰਿਵਾਰਾਂ ਵਿਚ ਸੋਝੀ ਆ ਗਈ ਹੈ ਅਤੇ ਲੋਕ ਹੁਣ ਧੀਆਂ ਦੇ ਜੰਮਣ ਤੇ ਵੀ ਖੁਸ਼ੀਆਂ ਮਨਾਉਣ ਲੱਗ ਪਏ ਹਨ ਪਰ ਅਜੇ ਵੀ ਇਸ ਸਬੰਧੀ ਬਹੁਤ ਕੁਝ ਕਰਨਾ ਬਾਕੀ ਹੈ| ਆਮ ਲੋਕ ਇਹੀ ਸੋਚਦੇ ਹਨ ਕਿ ਮੁੰਡਾ ਹੀ ਪਰਿਵਾਰ ਦਾ ਵੰਸ਼ ਅੱਗੇ ਵਧਾਉਂਦਾ ਹੈ| ਫਿਰ ਮੁੰਡੇ ਦੇ ਵਿਆਹ ਮੌਕੇ ਉਸਦੀ ਘਰ ਵਾਲੀ ਬਹੁਤ ਸਾਰਾ ਸਮਾਨ ਦਹੇਜ ਵਿਚ ਲੈ ਕੇ ਆਉਂਦੀ ਹੈ ਜਦੋਂਕਿ ਜੇ ਧੀ ਪੈਦਾ ਹੋ ਜਾਵੇ ਤਾਂ ਉਸਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਲਈ ਜੋੜੇ ਜਾਣ ਵਾਲੇ ਦਾਜ ਦਾ ਫਿਕਰ ਪੈ ਜਾਂਦਾ ਹੈ| ਕੁਝ ਲੋਕਾਂ ਦਾ ਕਹਿਣਾ ਹੈ ਕਿ ਧੀ ਦੇ ਜਨਮ ਤੋਂ ਲੈ ਕੇ ਉਸਦੀ ਮੌਤ ਤਕ ਬਹੁਤ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ|
ਅੱਜ ਕੱਲ੍ਹ ਬਾਲੜੀਆਂ ਦੀ ਸੁਰੱਖਿਆ ਕਰਨੀ ਵੀ ਬਹੁਤ ਜਰੂਰੀ ਹੋ ਗਈ ਹੈ ਕਿਉਂਕਿ ਜਵਾਨ ਕੁੜੀਆਂ ਦੇ ਨਾਲ ਨਾਲ ਬਾਲੜੀਆਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਵੀ ਕਾਫੀ ਵੱਧ ਗਈਆਂ ਹਨ| ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜੋ ਕਿ 10 ਸਾਲ ਦੀ ਬੱਚੀ ਨੂੰ ਵੀ ਭੁੱਖੇ ਭੇੜੀਏ ਦੀ ਨਜ਼ਰ ਵਾਂਗ ਵੇਖਦੇ ਹਨ| ਇਸ ਤਰ੍ਹਾਂ ਬੱਚੀ ਦੇ ਜਨਮ ਤੋਂ ਲੈ ਕੇ ਉਸਦੀ ਮੌਤ ਤੱਕ ਉਸਦੀ ਸੁਰੱਖਿਆ ਦਾ ਫਿਕਰ ਬਣਿਆ ਰਹਿੰਦਾ ਹੈ| ਇਸ ਤੋਂ ਇਲਾਵਾ ਅੱਜ ਕੱਲ੍ਹ ਕੁੜੀਆਂ ਦੇ ਵਿਆਹਾਂ ਉਪਰ ਲੱਖਾਂ ਰੁਪਏ ਦਾ ਖਰਚਾ ਕਰਨਾ ਪੈਂਦਾ ਹੈ| ਇਸ ਤੋਂ ਇਲਾਵਾ ਦਾਜ ਲਈ ਕੁੜੀਆਂ ਨੂੰ ਤੰਗ ਕਰਨ ਤੇ ਮਾਰੇ ਜਾਣ ਦੀਆਂ ਵੀ ਵੱਡੀ ਗਿਣਤੀ ਘਟਨਾਵਾਂ ਵਾਪਰਦੀਆਂ ਹਨ| ਇਹਨਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੀ ਥਾਂ ਲੋਕਾਂ ਨੇ ਧੀਆਂ ਦੇ ਜਨਮ ਲੈਣ ਤੋਂ ਰੋਕਣ ਦਾ ਰੁਝਾਨ ਪੈਦਾ ਕਰ ਲਿਆ ਜੋ ਕਿ ਠੀਕ ਨਹੀਂ ਸੀ|
ਚਾਹੀਦਾ ਤਾਂ ਇਹ ਸੀ ਕਿ ਦਾਜ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾਂਦਾ ਪਰ ਇਹ ਬੁਰਾਈਆਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕ ਇਹ ਸੋਚਦੇ ਹਨ ਕਿ ਇਹ ਸਭ ਕੁਝ ਵੇਖਣ ਨਾਲੋਂ ਤਾਂ ਧੀ ਨੂੰ ਜਨਮ ਨਾ ਦੇਣਾ ਹੀ ਕਿਤੇ ਚੰਗਾ ਹੈ| ਇਸ ਤਰ੍ਹਾਂ ਕੁੜੀਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ| ਸਰਕਾਰ ਵਲੋਂ ਭਾਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਸਮਾਜਸੇਵੀ ਸੰਸਥਾਵਾਂ ਵੀ ਇਸ ਕੰਮ ਵਿੱਚ ਜੁਟੀਆਂ ਹੋਈਆਂ ਹਨ| ਇਸਦਾ ਫਾਇਦਾ ਵੀ ਹੋਇਆ ਹੈ ਅਤੇ ਆਮ ਲੋਕਾਂ ਵਿੱਚ ਕੁੱਝ ਜਾਗਰੂਕਤਾ ਵੀ ਆਈ ਹੈ| ਇਸੇ ਦਾ ਨਤੀਜਾ ਹੈ ਕਿ ਪੰਜਾਬ ਵਿਚ ਹੁਣ ਮੁੰਡਿਆਂ ਦੇ ਮੁਕਾਬਲੇ ਧੀਆਂ ਦੀ ਜਨਮਦਰ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਪੰਜਾਬ ਵਾਸੀ ਵਧਾਈ ਦੇ ਪਾਤਰ ਹਨ|

Leave a Reply

Your email address will not be published. Required fields are marked *