ਕੁੜੀਆਂ ਨੂੰ ਮਿਲੇ ਬਰਾਬਰੀ ਦਾ ਪਿਆਰ ਅਤੇ ਸਨਮਾਨ

ਅਸੀਂ ਭਾਵੇਂ ਕਿੰਨੀ ਵੀ ਤੱਰਕੀ ਕਰ ਲਈ ਹੈ ਅਤੇ ਸਾਡਾ ਸਮਾਜ ਕਿੰਨਾ ਵੀ ਅੱਗੇ ਵੱਧ ਗਿਆ ਦਿਖਦਾ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮੁੰਡੇ ਅਤੇ ਕੁੜੀ ਦੇ ਫਰਕ ਦੀ ਮਾਨਸਿਕਤਾ ਸਾਡੇ ਤੇ ਪੁਰਾਣੇ ਸਮਿਆਂ ਵਾਂਗ ਹੀ ਹਾਵੀ ਹੈ| ਪੰਜਾਬੀਆਂ ਵਿੱਚ ਪੂਰੇ ਜੋਸ਼ ਖਰੋਸ਼ ਨਾਲ ਮਣਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਇਸਦੀ ਸਭਤੋਂ ਵੱਡੀ ਮਿਸਾਲ ਹੈ| ਘਰ ਵਿੱਚ ਨਵੇਂ ਜੰਮੇ ਮੁੰਡੇ ਦੀ ਪਹਿਲੀ ਲੋਹੜੀ ਤਾਂ ਸਾਰੇ ਹੀ ਮਣਾਉਂਦੇ ਹਨ ਪਰੰਤੂ ਜੇ ਕਿਸੇ ਦੇ ਘਰ ਵਿੱਚ ਧੀ ਦਾ ਜਨਮ ਹੋਇਆ ਹੋਵੇ ਤਾਂ ਉਸ ਦੀ ਲੋਹੜੀ ਮਨਾਉਣ ਵਾਲਿਆਂ ਦੀ ਗਿਣਤੀ ਔਸਤਨ ਬਹੁਤ ਘੱਟ ਹੁੰਦੀ ਹੈ| ਹਰ ਘਰ ਵਿੱਚ ਹੀ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ਮੌਕੇ ਉਹਨਾਂ ਘਰਾਂ ਵਿੱਚ ਕੁੱਝ ਜਿਆਦਾ ਹੀ ਧੂਮ ਧੱੜਕਾ ਹੁੰਦਾ ਹੈ ਜਿਹਨਾਂ ਦੇ ਘਰ ਬੱਚੇ (ਖਾਸ ਕਰ ਮੁੰਡੇ) ਨੇ ਜਨਮ ਲਿਆ ਹੁੰਦਾ ਹੈ ਜਾਂ ਘਰ ਦੇ ਕਿਸੇ ਨੌਜਵਾਨ ਦੇ ਵਿਆਹ ਦੀ ਪਹਿਲੀ ਲੋਹੜੀ ਹੁੰਦੀ ਹੈ| ਇਸ ਮੌਕੇ ਅਜਿਹੇ ਪਰਿਵਾਰਾਂ ਵਲੋਂ ਪੂਰੇ ਗਾਜੇ ਵਾਜੇ ਦੇ ਨਾਲ ਲੋਹੜੀ ਦੇ ਜਸ਼ਨ ਮਣਾਏ ਜਾਂਦੇ ਹਨ|
ਅਸਲੀਅਤ ਇਹੀ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਨਾਲ ਜਿਹੜਾ ਵਿਵਹਾਰ ਹੁੰਦਾ ਹੈ ਉਸਨੂੰ ਕਿਸੇ ਪੱਖੋਂ ਵੀ ਚੰਗਾ ਨਹੀਂ ਕਿਹਾ ਜਾ ਸਕਦਾ| ਸਾਡੇ ਸਮਾਜ ਵਿੱਚ ਹੁਣੇ ਵੀ ਅਜਿਹੇ ਪੁਰਾਣੀ ਸੋਚ ਵਾਲੇ ਅਜਿਹੇ ਲੋਕ ਮੌਜੂਦ ਹਨ ਜਿਹੜੇ ਕੁੜੀ ਦੇ ਜਨਮ ਤੇ ਉਸਦੇ ਮਾਂ ਬਾਪ ਨੂੰ ਵਧਾਈ ਦੇਣੀ ਤਾਂ ਦੂਰ ਉਲਟਾ ਉਹਨਾਂ ਨਾਲ ਅਫਸੋਸ ਪ੍ਰਗਟ ਕਰਨ ਲੱਗ ਜਾਂਦੇ ਹਨ|  ਇਸਦੇ ਬਾਵਜੂਦ ਕਿ ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਅਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਹਨ, ਸਾਡੇ ਇਸ ਅਖੌਤੀ ਆਧੁਨਿਕ ਸਮਾਜ ਦੀ ਮਾਨਸਿਕਤਾ ਹਾਲੇ ਵੀ ਔਰਤ ਵਿਰੋਧੀ ਹੀ ਹੈ ਜਿਸ ਵਲੋਂ ਉਸਨੂੰ ਸਿਰਫ ਮਨ ਪਰਚਾਵੇ ਦੀ ਵਸਤੂ ਹੀ ਸਮਝਿਆ ਜਾਂਦਾ ਹੈ|
ਸਾਡੇ ਲੋਕਾਂ ਦੇ ਦਿਲੋ ਦਿਮਾਗ ਤੇ ਕਾਬਜ ਇਹ ਮਾਨਸਿਕਤਾ ਹੀ ਔਰਤਾਂ ਦੀ ਤਰੱਕੀ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ| ਹਾਲਾਂਕਿ ਹੁਣ ਕੁੱਝ ਅਗਾਂਹਵਧੂ ਸੰਸਥਾਵਾਂ ਅਤੇ ਸਮਾਜ ਸੇਵੀ ਹੁਣ ਇਸ ਖੇਤਰ ਵਿੱਚ ਅੱਗੇ ਆ ਕੇ ਕੰਮ ਕਰ ਰਹੇ ਹਨ ਜਿਹਨਾਂ ਵਲੋਂ ਲੜਕੀਆਂ ਨੂੰ ਹੱਲਾਸ਼ੇਰੀ ਦੇਣ ਲਈ ਵੱਖ ਵੱਖ ਉਪਰਾਲੇ ਵੀ ਕੀਤੇ ਜਾ ਰਹੇ ਹਨ| ਕੁੱਝ ਦਿਨ ਪਹਿਲਾਂ ਫੇਜ਼ 7 ਦੇ ਨੌਜਵਾਨ ਕੌਂਸਲਰ ਸੈਹਬੀਂ ਆਨੰਦ ਵਲੋਂ ਉਹਨਾਂ ਦੇ ਵਾਰਡ ਵਿੱਚ ਜਨਮ ਲੈਣ ਵਾਲੀ ਹਰੇਕ ਬੱਚੀ ਦੇ ਮਾਂਪਿਆਂ ਨੂੰ ਬੱਚੀ ਦੇ ਨਾਮ ਤੇ 5000 ਰੁਪਏ ਦੀ ਐਫ ਡੀ ਕਰਵਾ ਕੇ ਦੇਣ ਸੰਬੰਧੀ ਆਰੰਭਿਆਗਿਆ ਸਲਾਹੁਣਯੋਗ ਉਪਰਾਲਾ ਵੀ ਇਸੇ ਲੜੀ ਵਿੱਚ ਹੈ|
ਆਮ ਲੋਕਾਂ ਵਲੋਂ ਭਾਵੇਂ ਹੁਣੇ ਵੀ ਆਪਣੇ ਘਰਾਂ ਵਿੱਚ ਕੁੜੀਆਂ ਦੀ ਲੋਹੜੀ ਮਣਾਉਣ ਲਈ ਉੰਨਾ ਜੋਸ਼ ਨਹੀਂ ਦਿਖਦਾ ਜਿੰਨਾ ਮੁੰਡਿਆਂ ਦੇ ਜਨਮ ਤੋਂ ਬਾਅਦ ਲੋਹੜੀ ਮਣਾਉਣ ਵੇਲੇ ਡੁੱਲ ਡੁੱਲ ਪੈਂਦਾ ਹੈ ਪਰੰਤੂ ਕੁੜੀਆਂ ਦੀ ਲੋਹੜੀ ਮਣਾਉਣ ਦਾ ਅਮਲ ਜਰੂਰ ਆਰੰਭ ਹੋ ਗਿਆ ਹੈ| ਸ਼ਹਿਰ ਵਿੱਚ ਲੋਕ ਪੁਰਾਣੀਆਂ ਰਵਾਇਤਾਂ ਦੇ ਨਾਮ ਤੇ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟਣ ਲਈ ਤਿਆਰ ਨਹੀਂ ਹੁੰਦੇ ਅਤੇ ਉੱਥੇ  ਅਜਿਹੇ ਸਮਾਗਮ ਵੱਧ ਹੁੰਦੇ ਹਨ ਪਰੰਤੂ ਜੇਕਰ ਪੇਂਡੂ ਖੇਤਰ ਵੱਲ ਨਿਗਾਹ ਮਾਰੀ ਜਾਵੇ ਤਾਂ ਜਿਆਦਾਤਰ ਪਿੰਡਾਂ ਵਿੱਚ ਹਾਲਾਤ ਪੁਰਾਣੇ ਹੀ ਹਨ| ਸਾਡੇ ਸ਼ਹਿਰ ਵਿੱਚ ਹਾਲਾਂਕਿ ਵੱਡੀ ਗਿਣਤੀ ਵਸਨੀਕ ਮੁੰਡੇ ਕੁੜੀ ਵਿੱਚ ਘੱਟ ਹੀ ਫਰਕ ਕਰਦੇ ਹਨ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਜਨਤਕ ਥਾਵਾਂ ਤੇ ਸਮਾਗਮ ਕਰਕੇ ਕੁੜੀਆਂ ਦੀ ਲੋਹੜੀ ਮਨਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਵੀ ਕਰਦੀਆਂ ਹਨ|
ਸਾਡੇ ਸਮਾਜ ਵਿੱਚ ਪੁਰਾਣੇ ਸਮਿਆਂ ਤੋਂ ਹੀ ਕੁੜੀਆਂ ਦੇ ਜੰਮਣ ਨੂੰ ਇੰਨਾ ਬੁਰਾ ਸਮਝਿਆ ਜਾਂਦਾ ਰਿਹਾ ਹੈ ਕਿ ਜਿਆਦਾਤਰ ਕਬੀਲੇ ਕੁੜੀ ਦੇ ਜਨਮ ਵੇਲੇ ਹੀ ਉਸਨੂੰ ਮਾਰ ਦਿਆ ਕਰਦੇ ਸਨ| ਇਹ ਮਾਨਸਿਕਤਾ ਅੱਜ ਵੀ ਭਰੂਣ ਹੱਤਿਆ ਦੇ ਰੂਪ ਵਿੱਚ ਸਾਮ੍ਹਣੇ ਆਉਂਦੀ ਹੈ ਅਤੇ ਆਧੁਨਿਕ ਸਮਾਜ ਵਿੱਚ ਕੁੜੀਆਂ ਦੇ ਕਤਲ ਦੀ ਇਹ ਕਾਰਵਾਈ ਤਕਨੀਕ ਦੇ ਸਹਾਰੇ ਅੰਜਾਮ ਦਿੱਤੀ ਜਾਂਦੀ ਹੈ| ਸਮਾਜ ਦੀ ਇਹ ਨਾਂਹ ਪੱਖੀ ਸੋਚ ਸਾਡੀਆਂ ਬੱਚੀਆਂ ਵਿੱਚ ਹੀਣ ਭਾਵਨਾ ਦਾ ਪਸਾਰ ਕਰਦੀ ਹੈ ਅਤੇ ਉਹਨਾਂ ਨੂੰ ਮੁੰਡਿਆਂ ਤੋਂ ਘੱਟ ਹੋਣ ਦਾ ਦਾ ਅਹਿਸਾਸ ਦਿਵਾਉਂਦੀ ਹੈ|
ਅੱਜ ਲੋੜ ਹੈ ਕਿ ਲੋਕ ਆਪਣੀ ਇਸ ਮਾਨਸਿਕਤਾ ਨੂੰ ਬਦਲਣ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਪਿਆਰ ਅਤੇ ਮਾਨ ਸਨਮਾਨ ਦੇਣ| ਇਸਦੀ ਸ਼ੁਰੂਆਤ ਅੱਜ ਤੋਂ ਹੀ ਹੋਣੀ ਚਾਹੀਦੀ ਹੈ ਅਤੇ ਕੁੜੀਆਂ ਦੀ ਲੋਹੜੀ ਵੀ ਉਸੇ ਤਰ੍ਹਾਂ ਧੂਮ ਧਾਮ ਨਾਲ ਮਣਾਈ ਜਾਣੀ ਚਾਹੀਦੀ ਹੈ ਜਿਵੇਂ ਮੁੰਡਿਆਂ ਦੀ ਲੋਹੜੀ ਮਣਾਈ ਜਾਂਦੀ ਹੈ| ਇਹ ਬੱਚੀਆਂ ਸਾਡੇ ਪਿਆਰ ਅਤੇ ਸਨਮਾਨ ਦੀਆਂ ਉੰਨੀਆ ਹੀ ਹੱਕਦਾਰ ਹਨ ਜਿੰਨੇ ਕਿ ਮੁੰਡੇ, ਅਤੇ ਕੁੜੀਆਂ ਨਾਲ ਭੇਦਭਾਵ ਕਰਨ ਵਾਲੀ ਇਸ ਸਮਾਜਿਕ ਬੁਰਾਈ ਨੂੰ ਲੋਹੜੀ ਦੀ ਅੱਗ ਵਿੱਚ ਹੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *