ਕੁੰਭੜਾ ਦੇ ਵਸਨੀਕਾਂ ਨੇ ਫੇਜ਼ 8 ਵਿੱਚ ਡੰਗਰ ਚਰਾਏ ਜਾਣ ਸੰਬਧੀ ਨਿਗਮ ਦੇ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
ਐਸ਼ਏ 2 ਜਨਵਰੀ (ਸ਼ਬ ਨੇੜਲੇ ਪਿੰਡ ਕੁੰਭੜਾ ਦੇ ਇੱਕ ਵਸਨੀਕ ਵਲੋਂ ਆਬਾਦੀ ਵਿੱਚ 100 ਦੇ ਕਰੀਬ ਮੱਝਾ ਗਾਵਾਂ ਪਾਲੇ ਜਾਣ ਅਤੇ ਇਹਨਾਂ ਜਾਨਵਰਾਂ ਨੂੰ ਖੁੱਲੀ ਥਾਂ ਵਿੱਚ ਚਰਾਏ ਜਾਣ ਦੇ ਖਿਲਾਫ ਪਿੰਡ ਵਾਸੀਆਂ ਦਾ ਰੋਸ ਲਗਾਤਾਰ ਵੱਧ ਰਿਹਾ ਹੈ ਅਤੇ ਪਿੰਡ ਵਾਸੀਆਂ ਵਲੋਂ ਇਸ ਸੰਬੰਧੀ ਸਰਕਾਰੀ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪਹਿਲਾਂ ਪਿੰਡ ਵਾਸੀਆਂ ਦੇ ਇੱਕ ਵਫਦ ਵਲੋਂ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੂੰ ਪੱਤਰ ਦੇ ਕੇ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਹੁਣ ਪਿੰਡ ਕੁੰਭੜਾ ਦੇ ਵਸਨੀਕਾਂ ਰਮਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਪਿੰਡ ਕੁੰਭੜਾ ਵਿੱਚ ਪਿੰਡ ਦੇ ਹੀ ਇੱਕ ਵਸਨੀਕ ਵਲੋਂ ਵੱਡੀ ਗਿਣਤੀ ਵਿੱਚ ਮੱਝਾਂ ਰੱਖਣ ਅਤੇ ਇਹਨਾਂ ਮੱਝਾਂ ਨੂੰ ਮੁਹਾਲੀ ਦੇ ਵੱਖ ਵੱਖ ਫੇਜ਼ ਵਿੱਚ ਚਰਾਏ ਜਾਣ ਤੇ ਰੋਕ ਲਗਾਏ ਜਾਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਪੱਤਰ ਵਿੱਚ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਬੀਤੇ ਦਿਨੀਂ ਪਿੰਡ ਕੁੰਭੜਾ ਵਾਸੀਆਂ ਵਲੋਂ ਹਲਕਾ ਵਿਧਾਇਕ ਅਤੇ ਕੈਬਿਨੇਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਇਸ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਵਿਅਕਤੀ ਵਲੋਂ ਵੱਡੀ ਗਿਣਤੀ ਵਿੱਚ ਜਾਨਵਰ ਪਾਲੇ ਜਾਣ ਕਾਰਨ ਜਿੱਥੇ ਪਿੰਡ ਵਿੱਚ ਭਾਰੀ ਗੰਦਗੀ ਫੈਲਦੀ ਹੈ ਉੱਥੇ ਇਹ ਜਾਨਵਰ ਦਿਨ ਵਿੱਚ ਸ਼ਹਿਰ ਦੇ ਨਾਲ ਲੱਗਦੇ ਫੇਜ਼ਾਂ ਵਿੱਚ ਛੱਡ ਦਿੱਤੇ ਜਾਂਦੇ ਹਨ ਅਤੇ ਸ਼ਾਮ ਨੂੰ ਇਹ ਪਸ਼੍ਹੂ ਵਾਪਸ ਆ ਜਾਦੇ ਹਨ। ਇਹ ਪਸ਼ੂ ਪਿੰਡ ਦੀਆਂ ਗਲੀਆਂ ਵਿੱਚ ਵੀ ਖੜ੍ਹੇ ਰਹਿੰਦੇ ਹਨ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਸਹਿਣੀ ਪੈਂਦੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਵੇਲੇ ਮੰਤਰੀ ਵਲੋਂ ਕਿਹਾ ਗਿਆ ਸੀ ਕਿ ਉਹ ਨਿਗਮ ਦੇ ਅਧਿਕਾਰੀਆਂ ਨੂੰ ਕਹਿ ਕੇ ਇਸ ਸੰਬੰਧੀ ਬਣਦੀ ਕਾਰਵਾਈ ਨੂੰ ਯਕੀਨੀ ਕਰਵਾਉਣਗੇ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਅਮਲ ਪਹਿਲਾਂ ਵਾਂਗ ਹੀ ਚਲ ਰਿਹਾ ਹੈ।
ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਵਿਅਕਤੀ ਵਲੋਂ ਅਣਅਧਿਕਾਰਤ ਤੌਰ ਤੇ ਜਾਨਵਰ ਚਰਾਏ ਜਾਣ ਦੀ ਕਰਵਾਈ ਤੇ ਰੋਕ ਲਗਾਈ ਜਾਵੇ ਅਤੇ ਜੇਕਰ ਨਿਗਮ ਅਧਿਕਾਰੀ ਚਾਹੁੰਣ ਤਾਂ ਪਿੰਡ ਵਾਸੀ ਨਾਲ ਜਾ ਕੇ ਇਹ ਜਾਨਵਰ ਫੜਵਾ ਸਕਦੇ ਹਨ।