ਕੁੱਟਮਾਰ ਦੀ ਸ਼ਿਕਾਰ ਮਹਿਲਾ ਨੇ ਪੁਲੀਸ ਤੇ ਹਮਲਾਵਰਾਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ, ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ

ਐਸ.ਏ.ਐਸ ਨਗਰ,22 ਮਈ (ਸ.ਬ.) ਨਜਦੀਕੀ ਪਿੰਡ ਝਿਉਰਹੇੜੀ ਦੀ ਵਸਨੀਕ ਕਰਮਜੀਤ ਕੌਰ ਨੇ ਇਲਜਾਮ ਲਗਾਇਆ ਹੈ ਕਿ ਬੀਤੀ 28 ਮਾਰਚ ਨੂੰ ਉਸਦੇ ਘਰ ਦੇ ਨਾਲ ਰਹਿੰਦੇ ਰਿਸ਼ਤੇਦਾਰ ਪਰਿਵਾਰ ਵਲੋਂ ਉਸ ਨਾਲ ਕੁੱਟਮਾਰ ਕਰਕੇ ਅਤੇ ਉਸਦੀ ਬੇਟੀ ਰਣਜੀਤ ਕੌਰ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਹਮਲਾਵਰਾਂ ਖਿਲਾਫ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਕਰਮਜੀਤ ਕੌਰ ਵਲੋਂ ਇਸ ਸੰਬਧੀ ਐਸ.ਐਸ.ਪੀ ਮੁਹਾਲੀ ਨੂੰ ਅਰਜੀ ਦੇ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ| ਉਹਨਾਂ ਮੰਗ ਕੀਤੀ ਹੈ ਕਿ ਥਾਣਾ ਸੋਹਾਣਾ ਦੇ ਐਸ.ਐਚ.ਓ ਨੂੰ ਇਸ ਸੰਬਧੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਹਿਦਾਇਤ ਦਿੱਤੀ ਜਾਵੇ|
ਕਰਮਜੀਤ ਕੌਰ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਦੁਪਿਹਰ ਵੇਲੇ ਉਸਦੇ ਰਿਸ਼ਤੇਦਾਰ ਪਰਿਵਾਰ ਵਲੋਂ ਉਸਦੀ ਬੇਟੀ ਅਤੇ ਉਸਦੀ ਕੁੱਟਮਾਰ ਕੀਤੀ ਗਈ| ਇਸ ਸੰਬਧੀ ਥਾਣਾ ਸੋਹਾਣਾ ਵਿੱਚ ਹਰਬੰਸ ਸਿੰਘ, ਅਮਰਜੀਤ ਕੌਰ, ਲਵਪ੍ਰੀਤ ਕੌਰ, ਰਾਣੀ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਅਤੇ ਗੋਗਾ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 325,323,506 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ| ਪੀੜਿਤ ਮਹਿਲਾ ਦਾ ਇਲਜਾਮ ਹੈ ਕਿ ਪੁਲੀਸ ਵਲੋਂ ਉਸ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਉਹ ਦਹਿਸ਼ਤ ਦੇ ਮਾਹੌਲ ਵਿੱਚ ਜੀ ਰਹੀ ਹੈ| ਉਸਨੇ ਮੰਗ ਕੀਤੀ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ|
ਇਸ ਸੰਬਧੀ ਸੰਪਰਕ ਕਰਨ ਤੇ ਥਾਣਾ ਸੋਹਾਣਾ ਦੀ ਐਸ.ਐਚ.ਓ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਖੁਦ ਪੀੜਿਤ ਮਹਿਲਾ ਦੇ ਘਰ ਜਾ ਕੇ ਜਾਂਚ ਕਰਕੇ ਆਏ ਹਨ ਅਤੇ ਪੁਲੀਸ ਵਲੋਂ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਦੂਜੀ ਧਿਰ ਵਲੋਂ ਵੀ ਇਸ ਮਹਿਲਾ ਖਿਲਾਫ ਕੁਹਾੜੇ ਨਾਲ ਵਾਰ ਕਰਨ ਦਾ ਇਲਜਾਮ ਲਗਾਇਆ ਗਿਆ ਹੈ ਅਤੇ ਪੁਲੀਸ ਵਲੋਂ ਇਸ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *