ਕੁੱਤਿਆਂ ਦਾ ਕਹਿਰ: ਪਾਲਤੂ ਕੁੱਤੇ ਨੇ ਗਿਆਰਾਂ ਸਾਲ ਦੇ ਬੱਚੇ ਨੂੰ ਵੱਢਿਆ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਸਥਾਨਕ ਫੇਜ਼ 3ਬੀ 1 ਵਿਖੇ ਇੱਕ ਕੋਠੀ ਮਾਲਕ ਵਲੋਂ ਰੱਖੇ ਗਏ ਖਤਰਨਾਕ ਪਾਲਤੂ ਕੁੱਤੇ ਨੇ ਗਿਆਰਾਂ ਸਾਲ ਦੇ ਬੱਚੇ ਨੂੰ ਵੱਢ ਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਰਾਮ ਲੋਚਣ ਸੈਣੀ ਵਸਨੀਕ (ਕਿਰਾਏਦਾਰ) ਫੇਜ਼ 3ਬੀ 1 ਨੇ ਦੱਸਿਆ ਕਿ ਉਹਨਾਂ ਦੇ ਘਰ ਨੇੜੇ ਪੈਂਦੀ ਇੱਕ ਕੋਠੀ ਦੇ ਵਸਨੀਕ ਐਨ ਐਸ ਕੋਹਲੀ ਨਾਮ ਦੇ ਵਿਅਕਤੀ ਨੇ ਆਪਣੇ ਘਰ ਇੱਕ ਖਤਰਨਾਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ ਜਿਸਨੇ ਉਸਦੇ ਬੇਟੇ ਦੁਰਗੇਸ਼ ਸੈਣੀ ਉਮਰ 11 ਸਾਲ ਨੂੰ ਵੱਢ ਲਿਆ| ਕੁੱਤੇ ਦੇ ਵੱਢਣ ਕਾਰਨ ਜਖਮੀ ਹੋਏ ਇਸ ਬੱਚੇ ਨੂੰ ਲਿਬਰਟੀ ਹਸਪਤਾਲ ਫੇਜ਼ 3 ਬੀ 2 ਵਿਖੇ ਲਿਜਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ|
ਉਹਨਾਂ ਕਿਹਾ ਕਿ ਜਦੋਂ ਉਸਨੇ ਇਸ ਘਟਨਾ ਬਾਰੇ ਕੁੱਤੇ ਦੇ ਮਾਲਕ ਨੂੰ ਜਾਣਕਾਰੀ ਦਿੱਤੀ ਤਾਂ ਕੁੱਤੇ ਦੇ ਮਾਲਕ ਨੇ ਉਲਟਾ ਉਹਨਾਂ ਨੂੰ ਮੰਦਾ ਬੋਲਿਆ ਅਤੇ ਉਸਦੇ ਬੇਟੇ ਦਾ ਇਲਾਜ ਕਰਵਾਉਣ ਤੋਂ ਵੀ ਸਪਸ਼ਟ ਨਾਂਹ ਕਰ ਦਿੱਤੀ| ਉਹਨਾਂ ਕਿਹਾ ਕਿ ਇਹ ਕੁੱਤਾ ਮੁਹੱਲੇ ਵਿੱਚ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਕੱਟ ਚੁੱਕਿਆ ਹੈ ਪਰ ਕੁੱਤੇ ਦੇ ਮਾਲਕਾਂ ਵਲੋਂ ਇਸ ਕੁੱਤੇ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ|
ਸ੍ਰੀ ਸੈਣੀ ਵਲੋਂ ਇਸ ੋਸੰਬੰਧੀ ਥਾਣਾ ਮਟੌਰ ਵਿਖੇ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ| ਸੰਪਰਕ ਕਰਨ ਤੇ ਥਾਣਾ ਮਟੌਰ ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਪੀੜਿਤ ਵਿਅਕਤੀ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁੱਤੇ ਦੇ ਮਾਲਕ ਨੂੰ ਆਪਣਾ ਪੱਖ ਦੱਸਣ ਲਈ ਥਾਣੇ ਸੱਦਿਆ ਗਿਆ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ| ਇਸ ਸਬੰਧੀ ਜਦੋਂ ਕੁੱਤੇ ਦੇ ਮਾਲਕ ਐਨ ਐਸ ਕੋਹਲੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *