ਕੁੱਲ ਟੈਸਟਾਂ ਦੇ 5 ਫੀਸਦੀ ਸੈਂਪਲ ਦੇਸ਼ ਦੇ ਹੋਰ ਪ੍ਰਮੁੱਖ ਸੰਸਥਾਵਾਂ ਨੂੰ ਭੇਜ ਕੇ ਸਾਰਸ ਕੋਵਾ-2 ਵਾਇਰਸ ਦੀ ਜਾਂਚ ਕਰਵਾਏਗੀ ਪੰਜਾਬ ਸਰਕਾਰ


ਚੰਡੀਗੜ੍ਹ, 30 ਦਸੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਰੋਨਾ ਵਾਇਰਸ ਦੇ ਨਵੇਂ ਰੂਪ (ਐਨ501ਵਾਈ) ਸਾਰਸ ਕੋਵਾ 2 ਦੀ ਮੌਜੂਦਗੀ ਨੂੰ ਜਾਂਚਣ ਲਈ ਸੂਬੇ ਵਿਚ ਕੀਤੇ ਜਾ ਰਹੇ ਟੈਸਟਾਂ ਦੇ 5 ਫੀਸਦੀ ਸੈਂਪਲ ਹਰੇਕ ਹਫਤੇ ਇੰਸਿਚਿਊਟ ਆਫ ਜੈਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈਜੀਆਈਬੀ), ਦਿੱਲੀ ਅਤੇ ਐਨਸੀਡੀਸੀ ਦਿੱਲੀ ਡਵੀਜਨ ਆਫ ਬਾਇਓਟੈਕਨੋਲੋਜੀ ਐਪੀਡੈਮੋਲੋਜੀ ਐਂਡ ਸੈਂਟਰਲ ਸਰਵਾਈਲੈਂਸ ਯੂਨਿਟ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਅੱਜ ਇਥੇ ਦੱਸਿਆ ਕਿ ਬਹੁਤ ਤੇਜੀ ਨਾਲ ਫੈਲਣ ਵਾਲੇ ਇਸ ਨਵੇਂ ਵਾਇਰਸ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 80 ਰੈਂਡਮ ਸੈਂਪਲ ਵਾਇਰਲ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਅਤੇ ਫਰੀਦਕੋਟ ਤੋਂ 40-40 ਸੈਂਪਲ ਐਨਆਈਵੀ ਪੂਣੇ ਨੂੰ ਭੇਜੇ ਗਏ ਹਨ ਤਾਂ ਜੋ ਨਵੇਂ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।
ਪ੍ਰਮੁੱਖ ਸਕੱਤਰ ਨੇ ਕਿਹਾ ਕਿ ਜਿਹੜੇ ਸੈਂਪਲ ਭੇਜੇ ਗਏ ਹਨ ਉਹਨਾਂ ਦੀ ਚੋਣ ਸਤੰਬਰ ਤੋਂ ਦਸੰਬਰ, 2020 ਵਿਚ ਲਏ ਗਏ ਸੈਂਪਲਾਂ ਵਿਚੋ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿੰਨੇ ਵੀ ਯਾਤਰੀ ਬਰਤਾਨੀਆਂ ਤੋਂ ਆ ਰਹੇ ਹਨ ਉਹਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ 8 ਵਿਅਕਤੀ ਕੋਵਿਡ -19 ਪਾਜੇਟਿਵ ਪਾਏ ਗਏ ਹਨ ਜਦਕਿ ਇਕ ਵਿਅਕਤੀ ਸਰਕਾਰੀ ਮੈਡੀਕਲ ਕਾਲਜ ਵਿਖੇ ਪਾਜੇਟਿਵ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ 9 ਵਿਅਕਤੀਆਂ ਦੇ ਸੈਂਪਲ ਵੀ ਐਨਆਈਵੀ ਪੂਣੇ ਨੂੰ ਭੇਜੇ ਗਏ ਹਨ ਤਾਂ ਜੋ ਨਵੇਂ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।
ਸ੍ਰੀ ਤਿਵਾੜੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਲੋਂ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਅਤੇ ਪਟਿਆਲਾ ਵਿਖੇ ਮਾਰਚ 2020 ਵਿਚ ਲੈਬ ਦੀ ਸ਼ੁਰੂਆਤ ਉਪਰੰਤ ਤੀਜੀ ਲੈਬ ਫਰੀਦਕੋਟ ਮੈਡੀਕਲ ਕਾਲਜ ਵਿਖੇ ਸ਼ੁਰੂ ਕੀਤੀ ਗਈ ਸੀ।

Leave a Reply

Your email address will not be published. Required fields are marked *