ਕੇਂਦਰੀ ਵਿਦਿਆਲਿਆਂ ਵਿਚੋਂ ਪੰਜਾਬੀ ਹਟਾਉਣ ਦੀ ਨਿਖੇਧੀ

ਚੰਡੀਗੜ੍ਹ,12 ਅਪ੍ਰੈਲ (ਸ.ਬ. ) ਕੇਂਦਰੀ ਵਿਦਿਆਲਿਆਂ ਵਿਚੋਂ ਪੰਜਾਬੀ ਹਟਾਉਣ ਬਾਰੇ ਕੇਂਦਰੀ ਸਿੱਖਿਆ ਬੋਰਡ ਵੱਲੋਂ ਕੱਢੀ ਚਿੱਠੀ ਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਸਖ਼ਤ ਨਿਖੇਧੀ ਕੀਤੀ ਹੈ| ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇੱਥੇ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਕੇਂਦਰੀ ਬੋਰਡ ਦੀਆਂ ਸਿੱਖਿਆ ਬਾਰੇ ਨੀਤੀਆਂ ਤੋਂ ਸਾਫ ਹੈ ਕਿ ਇਹ ਬੋਰਡ ਸਿੱਖਿਆ ਦੇ ਮਾਮਲਿਆਂ ਬਾਰੇ ਦੁਨੀਆ ਦਾ ਸਭ ਤੋਂ ਅਨਪੜ੍ਹ ਬੋਰਡ ਹੈ|
ਉਹਨਾਂ ਕਿਹਾ ਕਿ ਇਸ ਬੋਰਡ ਦੀ ਆਮਦ ਨੇ 80 ਫੀਸਦੀ ਤੋਂ ਵੱਧ ਭਾਰਤੀ ਲੋਕਾਂ ਨੂੰ ਸਿੱਖਿਆ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਭਾਰਤੀ ਸਿੱਖਿਆ ਨੂੰ ਤਬਾਹ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਇਸ ਬੋਰਡ ਦੀਆਂ ਨੀਤੀਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ ਕਿਉਂਕਿ ਇਹ ਵੱਖ-ਵੱਖ ਭਾਸ਼ਾਵਾਂ ਦੀਆਂ ਸੰਵੇਦਨਾਵਾਂ ਨੂੰ ਬੜੀ ਢੀਠਤਾਈ ਨਾਲ ਜ਼ਖ਼ਮੀ ਕਰ ਰਿਹਾ ਹੈ ਅਤੇ ਇਸ ਨੇ ਭਾਰਤੀ ਰਾਸ਼ਟਰੀ ਭਾਸ਼ਾਵਾਂ ਨੂੰ ਮਲੀਆਮੇਟ ਕਰਨ ਦੀ ਮੁਹਿੰਮ ਛੇੜੀ ਹੋਈ ਹੈ|
ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਦੇਸ਼-ਧਰੋਹ ਕੀ ਹੋ ਸਕਦਾ ਹੈ ਕਿ ਦੇਸ਼ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਰਾਸ਼ਟਰੀ ਭਾਸ਼ਾਵਾਂ ਹੀ ਖੋਹ ਲਈਆਂ ਜਾਣ| ਸਭਾ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਚਿੱਠੀ ਵਾਪਸ ਨਾ ਲਈ ਗਈ ਤਾਂ ਸਭਾ ਸਾਰੇ ਪੰਜਾਬ ਵਿਚ ਤਿੱਖਾ ਸੰਘਰਸ਼ ਵਿੱਢੇਗੀ| ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਨੀਂਦ ਵਿਚੋਂ ਜਾਗਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਅਤੇ ਹੋਰ ਭਾਰਤੀ ਰਾਸ਼ਟਰੀ ਭਾਸ਼ਾਵਾਂ ਨੂੰ ਕਤਲ ਕਰਨ ਵਾਲੀ ਜੁੰਡਲੀ ਵਿਚੋਂ ਬਾਹਰ ਨਿਕਲੇ ਤੇ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਵੇ|

Leave a Reply

Your email address will not be published. Required fields are marked *