ਕੇਂਦਰ ਮੁਕਰੇਗਾ ਤਾਂ ਅਸੀਂ ਦਿੱਲੀ ਵਾਸੀਆਂ ਨੂੰ ਮੁਫ਼ਤ ਵਿੱਚ ਦਿਆਂਗੇ ‘ਕੋਰੋਨਾ ਵੈਕਸੀਨ’ : ਕੇਜਰੀਵਾਲ


ਨਵੀਂ ਦਿੱਲੀ, 13 ਜਨਵਰੀ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਰੋਨਾ ਦੀ ਵੈਕਸੀਨ ਮੁਫ਼ਤ ਵਿੱਚ ਉਪਲੱਬਧ ਨਹੀਂ ਕਰਾਏਗੀ ਤਾਂ ਦਿੱਲੀ ਸਰਕਾਰ ਲੋਕਾਂ ਨੂੰ ਮੁਫ਼ਤ ਵਿੱਚ ਵੈਕਸੀਨ ਉਪਲੱਬਧ ਕਰਵਾਏਗੀ। ਕੇਜਰੀਵਾਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪੂਰੇ ਦੇਸ਼ ਵਿਚ ਸਾਰੇ ਲੋਕਾਂ ਨੂੰ ਮੁਫ਼ਤ ਵਿਚ ਵੈਕਸੀਨ ਦਿੱਤੀ ਜਾਵੇ। ਦੇਖਦੇ ਹਾਂ ਕਿ ਇਸ ਤੇ ਕੇਂਦਰ ਵਲੋਂ ਕੀ ਫੈਸਲਾ ਲਿਆ ਜਾਂਦਾ ਹੈ। ਜੇਕਰ ਕੇਂਦਰ ਸਰਕਾਰ ਮੁਫ਼ਤ ਵਿਚ ਵੈਕਸੀਨ ਨਹੀਂ ਉਪਲੱਬਧ ਕਰਵਾਉਂਦੀ ਤਾਂ ਲੋੜ ਪੈਣ ਤੇ ਅਸੀਂ ਦਿੱਲੀ ਦੇ ਲੋਕਾਂ ਨੂੰ ਇਹ ਵੈਕਸੀਨ ਮੁਫ਼ਤ ਉਪਲੱਬਧ ਕਰਵਾਵਾਂਗੇ।
ਜਿਕਰਯੋਗ ਹੈ ਕਿ ਕੇਜਰੀਵਾਲ ਨੇ ਅੱਜ ਪੂਰਬੀ ਦਿੱਲੀ ਵਿੱਚ ਮਰਹੂਮ ਡਾਕਟਰ ਹਿਤੇਸ਼ ਗੁਪਤਾ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ, ਜਿਨ੍ਹਾਂ ਨੇ ਕੋਵਿਡ-19 ਦੀ ਡਿਊਟੀ ਦੌਰਾਨ ਆਪਣੀ ਜਾਨ ਗਵਾਈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਰੋਨਾ ਯੋਧਿਆਂ ਦਾ ਉਤਸ਼ਾਹ ਵਧਾਉਣ ਲਈ ਇਕ ਯੋਜਨਾ ਸ਼ੁਰੂ ਕੀਤੀ ਸੀ ਅਤੇ ਇਸ ਤਹਿਤ ਉਹ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦੇਣ ਆਏ ਹਨ। ਉਨ੍ਹਾਂ ਦੀ ਪਤਨੀ ਪੜ੍ਹੀ-ਲਿਖੀ ਹੈ ਅਤੇ ਅਸੀਂ ਉਨ੍ਹਾਂ ਨੂੰ ਦਿੱਲੀ ਸਰਕਾਰ ਵਿੱਚ ਭਰਤੀ ਕਰਾਂਗੇ।
ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ 16 ਤਰੀਕ ਤੋਂ ਦਿੱਲੀ ਵਿਚ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ। ਸਭ ਤੋਂ ਪਹਿਲਾਂ ਇਹ ਕੋਰੋਨਾ ਯੋਧਿਆਂ ਨੂੰ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿਚ 3 ਕਰੋੜ ਲੋਕਾਂ ਨੂੰ ਕੇਂਦਰ ਸਰਕਾਰ ਮੁਫ਼ਤ ਕੋਰੋਨਾ ਵੈਕਸੀਨ ਦੇ ਰਹੀ ਹੈ। ਇਸ ਵਿੱਚ ਸਿਹਤ ਕਾਮੇ, ਫਰੰਟਲਾਈਨ ਵਰਕਰ ਅਤੇ ਪੁਲਸ ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਬਾਅਦ 50 ਤੋਂ ਵੱਧ ਉਮਰ ਦੇ 27 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਬਾਰੇ ਗਲਤ ਸੂਚਨਾਵਾਂ ਨਾ ਫੈਲਾਈਆਂ ਜਾਣ।

Leave a Reply

Your email address will not be published. Required fields are marked *