ਕੇਜਰੀਵਾਲ ਦੀਆਂ ਦੋਗਲੀਆਂ ਗੱਲਾਂ ਹੀ ‘ਆਪ’ ਦੀ ਕਰਾਰੀ ਹਾਰ ਦਾ ਕਾਰਨ ਬਣਨਗੀਆਂ : ਜਥੇਦਾਰ ਕੁੰਭੜਾ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਦੇ ਸੁਪਨੇ ਲੈ ਕੇ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀਆਂ ਦੋਗਲੀਆਂ ਨੀਤੀਆਂ ਹੀ ਚੋਣਾਂ ਵਿੱਚ ਉਸ ਦੀ ਪਾਰਟੀ ਦੀ ਕਰਾਰੀ ਹਾਰ ਦਾ ਕਾਰਨ ਬਣਨਗੀਆਂ| ਇਹ ਵਿਚਾਰ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ  ਜੱਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਵਿਧਾਨ ਸਭਾ ਚੋਣਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਜਥੇਦਾਰ ਕੁੰਭੜਾ ਨੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਅਰਵਿੰਦ  ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਮਕਸਦ ਨਾਲ ਸਾਬਕਾ ਭਾਜਪਾ ਆਗੂ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਨੇ ਜਿੱਥੇ  ਉਨ੍ਹਾਂ ਦੇ ਦੋਗਲੇਪਣ ਦੀ ਤਸਵੀਰ ਸਾਫ਼ ਕੀਤੀ ਸੀ, ਉਥੇ ਹੀ ਦਲਿਤ ਵਿਰੋਧੀ ਚਿਹਰਾ ਵੀ ਬੇਨਕਾਬ ਹੋ ਗਿਆ ਸੀ| ਮਤਲਬ ਇਹ ਕਿ ਇੱਕ ਪਾਸੇ ਤਾਂ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਹਾ ਗਿਆ ਕਿ ‘ਆਪ’ ਚੋਣਾਂ ਵਿੱਚ ਕਿਸੇ ਦਲਿਤ ਵਿਅਕਤੀ ਨੂੰ ਉਪ ਮੁੱਖ ਮੰਤਰੀ ਦਾ  ਉਮੀਦਵਾਰ ਬਣਾਏਗੀ ਜਦਕਿ ਦੂਜੇ ਪਾਸੇ ਜਨਰਲ ਵਰਗ ਦੇ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ|
ਉਨ੍ਹਾਂ ਕਿਹਾ ਕਿ ਦੂਸਰਾ ਦੋਗਲਾਪਣ  ਉਦੋਂ ਸਾਹਮਣੇ ਆਇਆ ਜਦੋਂ ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਫ਼ੋਕੀ ਬਿਆਨਬਾਜ਼ੀ ਤੋਂ ਤੰਗ ਆ ਕੇ ਕੇਜਰੀਵਾਲ ਉਤੇ ਉਸ ਦੀ ਰੈਲੀ ਵਿੱਚ ਜੁੱਤੀ ਵਗਾਹ ਕੇ ਮਾਰੀ ਅਤੇ ‘ਆਪ’ ਵਰਕਰਾਂ ਨੇ ਉਸ ਵਿਅਕਤੀ ਦੀ ਖ਼ੂਬ ਮਾਰਕੁੱਟ ਕੀਤੀ| ਜਦਕਿ ਇਸ ਤੋਂ ਪਹਿਲਾਂ ਸਾਲ 2014 ਵਿੱਚ 1984 ਦੇ ਕਤਲੇਆਮ ਦੇ ਰੋਸ ਵਜੋਂ ਦਿੱਲੀ ਵਿਖੇ ਉਸ ਸਮੇਂ ਦੇ ਗ੍ਰਹਿ ਮੰਤਰੀ ਉਤੇ ਜੁੱਤੀ ਵਗਾਹ ਕੇ ਮਾਰਨ ਵਾਲੇ ਪੱਤਰਕਾਰ ਜਰਨੈਲ ਸਿੰਘ ਨੂੰ ‘ਆਪ’ ਦਾ ਉਮੀਦਵਾਰ ਬਣਾਇਆ ਗਿਆ ਸੀ ਜੋ ਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੰਬੀ ਤੋਂ ਉਮੀਦਵਾਰ ਬਣਾਇਆ ਗਿਆ ਹੈ|
ਜਥੇਦਾਰ ਕੁੰਭੜਾ ਨੇ ਕਿਹਾ ਕਿ  ਉਕਤ ਸਿਰਫ਼ ਦੋ ਉਦਾਹਰਨਾਂ ਨੇ ਹੀ ਕੇਜਰੀਵਾਲ ਦੇ ਦੋਗਲੇਪਣ ਨੂੰ ਸਾਹਮਣੇ ਲਿਆਂਦਾ ਹੈ| ਇਸ ਤੋਂ ਪਹਿਲਾ ਵੀ ਐਸ.ਵਾਈ.ਐਲ. ਮੁੱਦੇ ਉਤੇ ਵੀ ਕੇਜਰੀਵਾਲ ਦਾ ਦੋਗਲਾਪਣ ਸਾਹਮਣੇ ਆਇਆ ਸੀ ਜਿਸ ਵਿੱਚ ਉਸ ਪੰਜਾਬ ਵਿੱਚ ਆ ਕੇ ਪੰਜਾਬ ਦੇ ਹੱਕ ਵਿੱਚ ਅਤੇ ਹਰਿਆਣਾ ਵਿੱਚ ਜਾ ਕੇ ਪੰਜਾਬ ਦੇ ਵਿਰੁੱਧ ਬਿਆਨ ਦਿੱਤਾ ਸੀ|

Leave a Reply

Your email address will not be published. Required fields are marked *