ਕੇਜਰੀਵਾਲ ਦੀ ਬਰਨਾਲਾ ਰੈਲੀ ਤੋਂ ਬਾਅਦ ਭਖੀ ਪੰਜਾਬ ਦੀ ਰਾਜਨੀਤੀ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਬੀਤੇ ਦਿਨ ਬਰਨਾਲਾ ਰੈਲੀ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਜੋਸ਼ ਭਰ ਦਿਤਾ ਹੈ, ਉੱਥੇ ਕੇਜਰੀਵਾਲ ਦੀ ਇਸ ਰੈਲੀ ਨੇ ਪੰਜਾਬ ਦੀ ਰਾਜਨੀਤੀ ਵੀ ਭਖਾ ਦਿਤੀ ਹੈ| ਕੇਜਰੀਵਾਲ ਨੇ ਬਰਨਾਲਾ ਵਿਖੇ ਰੈਲੀ ਕਰਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦਾ ਯਤਨ ਕੀਤਾ ਹੈ| ਬਰਨਾਲਾ ਤੋਂ ਇਸ ਸਮੇਂ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਅਤੇ ਬਰਨਾਲੇ (ਜੋ ਕਿ ਮਾਲਵਾ ਇਲਾਕੇ ਦਾ ਕੇਂਦਰੀ ਜਿਲ੍ਹਾ ਹੈ) ਨੂੰ ਮਾਲਵਾ ਦੀ ਰਾਜਨੀਤੀ ਦਾ ਧੁਰਾ ਵੀ ਕਿਹਾ ਜਾਂਦਾ ਹੈ| ਕੇਜਰੀਵਾਲ ਨੇ ਬਰਨਾਲਾ ਵਿਖੇ ਰੈਲੀ ਕਰਕੇ ਪੂਰੇ ਮਾਲਵਾ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੀ ਪੈਠ ਬਣਾਉਣ ਦਾ ਯਤਨ ਕੀਤਾ ਹੈ|
ਮਾਲਵਾ ਇਲਾਕੇ ਵਿੱਚ ਡੇਰਾ ਸਿਰਸਾ ਦਾ ਹੁਣੇ ਵੀ ਕਾਫੀ ਪ੍ਰਭਾਵ ਹੈ, ਇਹਨਾਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮਾਲਵਾ ਇਲਾਕੇ ਵਿੱਚ ਕਿਸੇ ਵੀ ਉਮੀਦਵਾਰ ਦੀ ਜਿਤ ਹਾਰ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ| ਡੇਰਾ ਮੁਖੀ ਨੂੰ ਵੱਖ ਵੱਖ ਮਾਮਲਿਆਂ ਕਾਰਨ ਹੋਈ ਜੇਲ ਤੋਂ ਬਾਅਦ ਨਿਰਾਸ਼ ਹੋਏ ਡੇਰਾ ਪ੍ਰੇਮੀਆਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਦਾ ਯਤਨ ਵੀ ਆਪ ਆਗੂਆਂ ਵਲੋਂ ਜਾਰੀ ਹੈ|
ਬਰਨਾਲਾ ਰੈਲੀ ਵਿੱਚ ਕੇਜਰੀਵਾਲ ਨੇ ਪਾਰਟੀ ਤੋਂ ਬਾਹਰ ਹੋਏ ਆਗੂਆਂ ਬਾਰੇ ਕਿਹਾ ਹੈ ਕਿ ਇਹਨਾਂ ਆਗੂਆਂ ਦੇ ਜਾਣ ਨਾਲ ਪਾਰਟੀ ਦੀ ਸਫਾਈ ਹੋਈ ਹੈ| ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਸਿਸੋਦੀਆ ਇਕ ਰੇਲ ਗੱਡੀ ਰਾਹੀਂ ਆਮ ਲੋਕਾਂ ਵਾਂਗ ਬਰਨਾਲਾ ਆਏ, ਜਿਸ ਦਾ ਆਮ ਲੋਕਾਂ ਉਪਰ ਵੱਡਾ ਪ੍ਰਭਾਵ ਪਿਆ| ਆਮ ਤੌਰ ਤੇ ਰਾਜਾਂ ਦੇ ਮੁੱਖ ਮੰਤਰੀ ਆਪਣੇ ਨਾਲ ਅਨੇਕਾਂ ਗੱਡੀਆਂ ਦਾ ਕਾਫਲਾ ਰਖਦੇ ਹਨ ਅਤੇ ਸੁਰਖਿਆ ਵਾਲੀਆਂ ਗੱਡੀਆਂ ਵੱਖਰੀਆਂ ਹੁੰਦੀਆਂ ਹਨ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਵੀ ਜੈਡ ਪਲਸ ਸੁਰਖਿਆ ਦਾ ਆਨੰਦ ਮਾਣਦਿਆਂ ਹੁਣ ਵੀ ਵੱਡੇ ਕਾਫਲੇ ਨਾਲ ਹੀ ਕਿਸੇ ਰੈਲੀ ਵਿੱਂਚ ਜਾਂਦੇ ਹਨ, ਜਦੋਂਕਿ ਬਰਨਾਲਾ ਰੈਲੀ ਵਿੱਚ ਸਾਦਗੀ ਭਰੇ ਤਰੀਕੇ ਨਾਲ ਸ਼ਾਮਲ ਹੋ ਕੇ ਕੇਜਰੀਵਾਲ ਤੇ ਸਿਸੋਦੀਆ ਨੇ ਵਾਹ ਵਾਹ ਖੱਟ ਲਈ ਹੈ|
ਆਮ ਆਦਮੀ ਪਾਰਟੀ ਦੀ ਇਸ ਰੈਲੀ ਤੋਂ ਪਤਾ ਚਲ ਜਾਂਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਪੱਬਾਂ ਭਾਰ ਹੋ ਗਈ ਹੈ, ਇਸ ਕਰਕੇ ਲੋਕ ਸਭਾ ਚੋਣਾਂ ਦੀ ਮੁਹਿੰਮ ਮਾਲਵਾ ਇਲਾਕੇ ਤੋਂ ਕੀਤੀ ਗਈ ਹੈ| ਬਰਨਾਲਾ ਰੈਲੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਤੇਜੀ ਆ ਗਈ ਹੈ ਅਤੇ ਹੋਰ ਪਾਰਟੀਆਂ ਵਲੋਂ ਵੀ ਹੁਣ ਵੱਡੀਆਂ ਰੈਲੀਆਂ ਕਰਨ ਦੀਆਂ ਤਿਆਰੀਆਂ ਕਰਨ ਦੀਆਂ ਖਬਰਾਂ ਆ ਰਹੀਆਂ ਹਨ|

Leave a Reply

Your email address will not be published. Required fields are marked *