ਕੇਜਰੀਵਾਲ ਵਲੋਂ ਮੁਹਾਲੀ ਵਿੱਚ ਸਿੱਖ ਆਗੂਆ ਨਾਲ ਮੀਟਿੰਗ

ਐਸ.ਏ.ਐਸ.ਨਗਰ, 4 ਜਨਵਰੀ (ਸ.ਬ.) ਨਵੀਂ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਥਾਨਕ ਫੇਜ਼-7 ਵਿੱਚ ਆਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਸ੍ਰ. ਆਰ.ਪੀ ਸਿੰਘ ਦੇ ਘਰ ਸਿੱਖ ਆਗੂਆਂ ਨਾਲ ਕੋਮੀ ਮੀਟਿੰਗ ਕੀਤੀ|
ਇਸ ਮੌਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਵਿਧਾਨਸਭਾ ਚੋਣਾਂ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ| ਹਾਜ਼ਰ ਲੋਕਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾ ਹਨ ਲਿਹਾਜਾ ਅਕਾਲੀਆਂ ਤੇ ਕਾਂਗਰਸੀਆਂ ਵਾਂਗ ਸਾਡੇ ਨਾਲ ਧੋਖਾ ਨਾ ਕਮਾਇਉ|
ਸ੍ਰੀ ਕੇਜਰੀਵਾਲ ਨੇ ਸਾਰਿਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਲੋਕਾਂ ਦੀਆਂ ਆਸਾਂ-ਉਮੀਦਾਂ ਤੇ ਖਰਾ ਉਤਰਿਆ ਜਾਵੇਗਾ|
ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਭ੍ਰਿਸ਼ਟਾਚਾਰ, ਬੇਰੁਜਗਾਰੀ ਅਤੇ ਨਸ਼ਿਆਂ ਦੇ ਖਾਤਮੇ ਲਈ ਠੋਸ ਕਦਮ ਚੁੱਕੇ ਜਾਣਗੇ| ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਪ ਧਾਰਮਿਕ ਮਾਮਲਿਆ ਵਿੱਚ ਬਿਲਕੁਲ ਦਖਲ ਨਹੀਂ ਦੇਵੇਗੀ|
ਇਸ ਮੌਕੇ ਹਾਜ਼ਰ ਨੌਜਵਾਨਾਂ ਨੇ   ਬੇਰੁਜਗਾਰੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਤਾਂ ਕੀ ਦੇਣਾ ਸੀ, ਬੇਰੁਜਗਾਰੀ ਭੱਤਾ ਵੀ ਨਹੀਂ ਦਿਤਾ ਹੈ| ਇਸਦੇ ਜਵਾਬ ਵਿੱਚ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬੱਸ ਸਰਕਾਰ ਆਉਣ ਦਿਓ, ਲੋਕਾਂ ਦੇ ਸਾਰੇ ਮਸਲੇ ਹੱਲ ਕਰਦਿਆਂਗੇ| ਉਨ੍ਹਾਂ  ਕਿਹਾ ਕਿ ਸਰਕਾਰ ਬਣਦੇ ਸਾਰ ਹੀ ਮਹਿਕੇ ਪੜਾਅ ਵਿੱਚ ਪੰਜਾਬ ਅੰਦਰ 25000 ਡੇਅਰੀ ਫਾਰਮਿੰਗ ਖੋਲੇ ਜਾਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮੁੱਹਈਆਂ ਕਰਾਵਇਆ ਜਾਵੇਗਾ|
ਪੰਜਾਬ ਵਿੱਚ ਮੁੱਖ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਬਾਰੇ ਪੁਛੇ ਜਾਣ ਤੇ ਕੇਜਰੀਵਾਲ ਦਾ ਕਹਿਣਾ ਸੀ ਕਿ ਉਸ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ| ਸਾਡੀ ਲੜਾਈ ਭ੍ਰਿਸਟਾਚਾਰ ਬੇਰੁਜਗਾਰੀ ਅਤੇ ਨਸ਼ਿਆਂ ਦੇ ਖਿਲਾਫ ਹੈ ਅਤੇ ਹੁਣ ਪੰਜਾਬ ਦੀ ਜਨਤਾ ਖੁਦ ਉਨ੍ਹਾ ਨਾਲ ਮਿਲਕੇ ਇਹ ਲੜਾਈ ਲੜ ਰਹੀ ਹੈ| ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਵਿਚ ਹੂੰਝਾਫੇਰ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਆਮ ਲੋਕਾਂ ਦੀ ਆਪਣੀ ਸਰਕਾਰ         ਬਣਾਵਾਂਗੇ|
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਅਤੇ ਸੂਝਵਾਨ ਹਨ| ਇਸ ਵਾਰ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਦੇ ਝੂਠ ਲਾਰਿਆ ਵਿੱਚ ਨਹੀਂ ਆਵੇਗੀ| ਉਨ੍ਹਾਂ ਇਹ ਵੀ ਦੱਸਿਆਂ ਕਿ ਬਾਕੀ ਰਹਿੰਦੇ ਉਮੀਦਵਾਰਾਂ ਦੀ ਘੋਸ਼ਣਾ ਜਲਦੀ ਕਰ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ  ਚੋਣ ਜਾਬਤਾ ਲੱਗਣ ਤੋਂ ਬਾਦ ਅਕਾਲੀ-ਭਾਜਪਾ ਗਠਜੋੜ ਦੇ ਵੱਡੇ ਥੰਮ ਵੀ ਝਾੜੂ ਵੀ ਫੜਨਗੇ| ਉਨ੍ਹਾਂ ਨਾਸ਼ਤਾ ਵੀ ਕੀਤਾ ਅਤੇ ਸਾਗ ਤੇ ਮੱਕੀ ਦੀ ਰੋਟੀ ਖਾਧੀ|
ਇਸ ਮੌਕੇ ਪ੍ਰੋ.  ਮੇਹਰ ਸਿੰਘ ਮੱਲੀ, ਗੁਰਿੰਦਰ ਸਿੰਘ ਗੋਗੀ, ਤੇਜਿੰਦਰ ਸਿੰਘ ਵਿਰਕ, ਹਰਮਿੰਦਰ ਸਿੰਘ, ਐਚ.ਪੀ ਸਿੰਘ, ਹਰਜੀਤ ਸਿਘ ਐਮ.ਐਲ.ਏ, ਰਣਦੀਪ ਸਿੰਘ, ਪਰਮਵੀਰ ਸਿੰਘ, ਜਗਮੀਤ ਸਿੰਘ, ਹਰਮੀਤ ਸਿੰਘ, ਬੀਬੀ ਜਤਿੰਦਰ ਕੌਰ, ਬਲਜੀਤ ਕੌਰ, ਸਮੇਤ ਹੋਰ ਵੱਡੀ ਗਿਣਤੀ ਵਿੱਚ ਆਖੰਡ ਕੀਰਤਨੀ ਜਥੇ ਦੇ ਮੈਂਬਰ ਹਾਜ਼ਰ ਸਨ| ਇਸ ਦੌਰਾਨ ਸ੍ਰੀ ਕੇਜਰੀਵਾਲ ਆਰ.ਪੀ ਸਿੰਘ ਦੇ ਘਰ ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਅਰਦਾਸ ਪ੍ਰਿੰਸੀਪਲ ਮਨ ਮੋਹਨ ਸਿੰਘ ਨੇ ਕੀਤੀ|

Leave a Reply

Your email address will not be published. Required fields are marked *