ਕੇਬਲ ਅਪਰੇਟਰ ਹੁਣ ਸੈਟ ਟਾਪ ਬਾਕਸ ਰਾਹੀਂ ਹੀ ਦੇ ਸਕਣਗੇ ਡਿਜਿਟਲ ਪ੍ਰਸਾਰਣ: ਮਾਨ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਕੇਬਲ ਟੈਲੀਵਿਜ਼ਨ ਨੈਟਵਰਕ (ਕੰਟਰੋਲ) ਸੋਧ ਬਿੱਲ 2011 ਤਹਿਤ ਵਧੀਕ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਜ਼ਿਲ੍ਹਾ ਕੇਬਲ ਟੈਲੀਵਿਜ਼ਨ ਮੋਨੀਟਰਿੰਗ ਕਮੇਟੀ ਸ੍ਰ. ਚਰਨਦੇਵ ਸਿੰਘ ਮਾਨ ਨੇ ਜਿਲ੍ਹੇ ਦੇ ਸਮੂਹ ਕੇਬਲ ਅਪਰੇਟਰਾਂ ਨੂੰ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕਿਸੇ ਵੀ ਕੇਬਲ ਉਪਭੋਗਤਾ ਨੂੰ ਐਨਾਲਾਗ ਸਿਗਨਲ ਰਾਹੀਂ ਕੇਬਲ ਪ੍ਰਸਾਰਣ ਦੇਣ ਦੀ ਮਨਾਹੀ ਕੀਤੀ ਹੈ| ਉਨਾਂ੍ਹ ਦੱਸਿਆ ਕਿ 1 ਅਪ੍ਰੈਲ 2017 ਤੋਂ ਕੇਬਲ ਟੀ.ਵੀ. ਦਾ ਐਨਾਲਾਗ ਸਿਗਨਲ ਨਾਲ ਪ੍ਰਸਾਰਣ ਬੰਦ ਹੋ ਗਿਆ ਹੈ|
ਸ੍ਰੀ ਮਾਨ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਸਬੰਧੀ ਜਾਰੀ ਕੀਤੇ ਸਰਕੁਲਰ ਅਨੁਸਾਰ ਦੇਸ਼ ਭਰ ਵਿੱਚ ਕੇਬਲ ਟੀ.ਵੀ. ਪ੍ਰਸਾਰਣ ਦੇ ਐਨਾਲਾਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਚਾਰ ਪੜਾਵਾਂ ਵਿੱਚ ਸਮਾਂ-ਸੀਮਾ ਤੈਅ ਕੀਤੀ ਸੀ| ਜਿਸ ਤਹਿਤ ਚੌਥੇ ਪੜਾਅ ਦੀ ਸਮਾ-ਸੀਮਾ  31 ਮਾਰਚ 2017 ਤੱਕ ਸੀ, ਜੋ ਕਿ ਸਮਾਪਤ ਹੋ ਗਈ ਹੈ|
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੇਬਲ ਟੀ.ਵੀ. ਨੈਟਵਰਕ ਮੋਨੀਟਰਿੰਗ ਕਮੇਟੀ ਦੇ ਨੋਡਲ ਅਫਸਰ ਵਜੋਂ ਜ਼ਿਲ੍ਹੇ ਦੇ ਸਮੂਹ ਮਲਟੀ ਸਿਸਟਮ ਅਪਰੇਟਰ/ ਸਥਾਨਕ ਕੇਬਲ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ ਹੁਣ ਕੋਈ ਵੀ  ਕੇਬਲ ਅਪਰੇਟਰ ਐਨਾਲਾਗ ਸਿਗਨਲ ਦੀ ਵਰਤੋਂ ਕਰਦੇ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ਼ ਕੇਬਲ ਟੀ.ਵੀ. ਐਕਟ ਵਿੱਚ ਦਰਜ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|

Leave a Reply

Your email address will not be published. Required fields are marked *