ਕੇਬਲ ਪਾਉਣ ਵਾਲੀ ਕੰਪਨੀ ਦੇ ਕੰਮ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਹਲਕਾ ਵਿਧਾਇਕ ਨੇ ਨਿਗਮ ਅਧਿਕਾਰੀਆਂ ਨੂੰ ਕਰਵਾਇਆ ਮੌਕੇ ਦਾ ਦੌਰਾ

ਕੇਬਲ ਪਾਉਣ ਵਾਲੀ ਕੰਪਨੀ ਦੇ ਕੰਮ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਹਲਕਾ ਵਿਧਾਇਕ ਨੇ ਨਿਗਮ ਅਧਿਕਾਰੀਆਂ ਨੂੰ ਕਰਵਾਇਆ ਮੌਕੇ ਦਾ ਦੌਰਾ

ਡੇਂਗੂ ਕਾਰਨ ਹੋਈਆਂ ਮੌਤਾਂ ਬਾਰੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਅਤੇ ਸਫਾਈ ਠੇਕਾ ਰੱਦ ਕਰਨ ਦੀ ਵੀ ਕੀਤੀ ਮੰਗ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਸ਼ਹਿਰ ਵਿੱਚ ਜਿਉ ਕੰਪਨੀ ਦੀਆਂ ਤਾਰਾਂ ਪਾਉਣ ਦੀ ਕਾਰਵਾਈ ਦਾ ਕੰਮ ਅੱਜਕੱਲ ਪੂਰੀ ਤੇਜੀ ਤੇ ਹੈ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਇਹ ਕੰਮ ਕਰਦੇ ਵੇਖੇ ਜਾ ਸਕਦੇ ਹਨ| ਜਮੀਨ ਦੇ ਅੰਦਰ ਤਾਰਾਂ ਪਾਉਣ ਲਈ ਇਸ ਕੰਪਨੀ ਵੱਲੋਂ ਪਹਿਲਾਂ ਸੜਕ ਦੇ ਕਿਨਾਰੇ ਖੱਡਾ ਮਾਰਿਆ ਜਾਂਦਾ ਹੈ ਅਤੇ ਫਿਰ ਉੱਥੇ ਮਸ਼ੀਨ ਨਾਲ ਜਮੀਨ ਦੇ ਹੇਠਾਂ (ਸੜਕ ਦੇ ਕਿਨਾਰੇ ਕਿਨਾਰੇ) ਬੋਰ ਕਰਕੇ ਇੱਥੇ ਕੇਬਲ ਪਾਉਣ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ|
ਇਸ ਦੌਰਾਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਅੱਜ ਹਲਕਾ ਵਿਧਾਇਕ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ਤੇ ਸੱਦ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿਤੀ ਅਤੇ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ  ਬੇਨਿਯਮੀਆਂ ਅਤੇ ਕੰਪਨੀ ਦੇ ਕੰਮ ਦੌਰਾਨ ਹੋ ਰਹੇ ਜਨਤਕ ਜਾਇਦਾਦ ਦੇ ਨੁਕਸਾਨ ਲਈ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦੀਆਂ ਹਿਦਾਇਤਾਂ ਦਿੱਤੀਆਂ|
ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਨਿਗਮ ਅਧਿਕਾਰੀਆਂ ਨੂੰ ਪੁੱਛਿਆ ਕਿ ਉਹਨਾਂ  ਨੂੰ ਦੱਸਿਆ ਜਾਵੇ ਕਿ ਇਸ ਕੰਪਨੀ ਨੂੰ ਤਾਰਾਂ ਪਾਉਣ ਦੇ ਕੰਮ ਦੀ ਪਰਮੀਸ਼ਨ ਕਿਸ ਹਿਸਾਬ ਨਾਲ ਦਿੱਤੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਕੀਤੇ ਗਏ ਨੁਕਸਾਨ ਬਦਲੇ ਨਿਗਮ ਵੱਲੋਂ ਕੰਪਨੀ ਦੇ ਖਿਲਾਫ  ਕੀ ਕਾਰਵਾਈ ਕੀਤੀ ਜਾਂਦੀ ਹੈ| ਉਹਨਾਂ ਕਿਹਾ ਕਿ ਕੰਪਨੀ ਵਾਲੇ ਤਾਰਾਂ ਪਾਉਣ ਦੌਰਾਨ ਪਾਣੀ ਸਪਲਾਈ ਦੀਆਂ ਲਾਈਨਾਂ ਅਤੇ ਸੀਵਰੇਜ ਲਾਈਨਾਂ ਦਾ ਨੁਕਸਾਨ ਕਰ ਰਹੇ ਹਨ ਅਤੇ ਇਹਨਾਂ ਵੱਲੋਂ ਬੀਤੇ ਕੱਲ ਫੇਜ਼-7 ਵਿੱਚ ਜਮੀਨ ਹੇਠਾਂ ਪਈਆਂ ਬੀ ਐਸ ਐਨ ਐਲ ਦੀ ਕੇਬਲ ਵੀ ਵੱਢ ਦਿਤੀ ਗਈ ਹੈ ਜਿਸ ਕਾਰਨ ਬੀ ਐਸ ਐਨ ਐਲ ਦੇ ਫੋਨ ਬੰਦ ਹੋ ਗਏ ਹਨ| ਉਹਨਾਂ ਕਿਹਾ ਕਿ ਕੰਪਨੀ ਵੱਲੋਂ ਤਾਰਾਂ ਪਾਉਣ ਦੌਰਾਨ ਪਾਣੀ ਦੀ ਪਾਈਪ ਨੁਕਸਾਨੀ ਜਾਣ ਤੇ ਜਿੱਥੇ ਲੋਕਾਂ ਦੇ ਘਰਾਂ ਸਾਹਮਣੇ ਪਾਣੀ ਖੜ੍ਹਾ ਹੋ ਜਾਂਦਾ ਹੈ| ਉੱਥੇ ਘਰਾਂ ਅੰਦਰ ਗੰਦਾ ਪਾਣੀ ਸਪਲਾਈ ਹੁੰਦਾ ਹੈ| ਉਹਨਾਂ ਅਧਿਕਾਰੀਆਂ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਇਸ ਕੰਪਨੀ ਦਾ ਕੰਮ ਬੰਦ ਕਰਵਾਇਆ ਜਾਵੇ ਅਤੇ ਇਸਦੇ ਖਿਲਾਫ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਬਦਲੇ ਐਫ ਆਈ ਆਰ ਦਰਜ ਕਰਵਾਈ ਜਾਵੇ|
ਸ੍ਰ. ਸਿੱਧੂ ਨੇ ਇਸ ਮੌਕੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਬੁਰਾ ਹਾਲ ਹੈ ਅਤੇ ਨਗਰ ਨਿਗਮ ਸ਼ਹਿਰ ਵਿੱਚ ਮੱਛਰਾਂ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਨਾਕਾਮ ਰਿਹਾ ਹੈ| ਸ਼ਹਿਰ ਵਿੱਚ ਡੇਂਗੂ ਦੇ ਮਰੀਜ ਦੀ ਗਿਣਤੀ ਸੂਬੇ ਵਿੱਚ ਸਭ ਤੋਂ ਵੱਧ ਹੈ ਅਤੇ ਥਾਂ ਥਾਂ ਤੇ ਖੜ੍ਹੀ ਬੂਟੀ ਦੀ ਸਫਾਈ ਨਾ ਹੋਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਉਹਨਾਂ ਕਿਹਾ ਨਗਰ ਨਿਗਮ ਵੱਲੋਂ ਮਸ਼ੀਨੀ ਸਫਾਈ ਦੇ ਨਾਮ ਤੇ ਇੱਕ ਨਿੱਜੀ ਕੰਪਨੀ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਇਹ ਠੇਕਾ ਤੁਰੰਤ ਰੱਦ ਹੋਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਫਾਈ ਦਾ ਠੇਕਾ ਰੱਦ ਹੋਣ ਕਰਕੇ ਨਵੇਂ ਟੈਂਡਰ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਸੇ ਚੰਗੀ ਕੰਪਨੀ ਨੂੰ ਇਹ ਕੰਮ ਸੌਂਪਿਆ ਜਾਣਿਆ ਚਾਹੀਦਾ ਹੈ|
ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਕਾਰਨ ਅੱਧਾ ਦਰਜਨ ਮੌਤਾਂ ਹੋ ਚੁੱਕੀਆਂ ਹਨ ਜਿਸਦੀ ਜਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ ਅਤੇ ਇਸ ਸੰਬੰਧੀ ਅਧਿਕਾਰੀਆਂ ਦੀ                   ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ|
ਸੰਪਰਕ ਕਰਨ ਤੇ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਫੇਜ਼-7 ਵਿੱਚ ਪਾਣੀ ਸਪਲਾਈ ਦੀ ਇੱਕ ਪਾਈਪ ਟੁੱਟ ਜਾਣ ਤੇ ਹਲਕਾ ਵਿਧਾਇਕ ਵੱਲੋਂ ਅਧਿਕਾਰੀਆਂ ਨੂੰ ਸੱਦ ਕੇ ਮੌਕਾ ਵਿਖਾਇਆ ਗਿਆ ਸੀ| ਉਹਨਾਂ ਦੱਸਿਆ ਕਿ ਕੰਪਨੀ ਨੂੰ ਦਿੱਤੀ ਗਈ ਪਰਮੀਸ਼ਨ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੈ ਅਤੇ ਇਸ ਵਿੱਚ ਕੰਪਨੀ ਵੱਲੋਂ ਤਾਰ ਪਾਏ ਜਾਣ ਵਾਲੇ ਖੇਤਰ ਦਾ ਪੂਰਾ ਵੇਰਵਾ ਦਿੱਤਾ ਜਾਂਦਾ ਹੈ| ਉਹਨਾਂ ਕਿਹਾ ਕਿ ਜਿੱਥੋਂ ਤੱਕ ਪਾਈਪ ਦੇ ਨੁਕਸਾਨੇ ਜਾਣ ਦਾ ਸਵਾਲ ਹੈ ਤਾਂ ਉਹ ਪਾਈਪ ਜਨਸਿਹਤ ਵਿਭਾਗ ਦੀ ਹੋਣ ਕਾਰਨ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਜਨਸਿਹਤ ਵਿਭਾਗ ਵੱਲੋਂ ਕੀਤੀ ਜਾਣੀ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ  ਕੇਬਲ ਪਾਉਣ ਵਾਲੀ ਕੰਪਨੀ ਪੰਜਾਬ ਇੰਸਟਾਲਰ ਦੇ ਸ੍ਰ. ਨਸੀਬ ਸਿੰਘ ਸੰਧੂ ਨੇ ਕਿਹਾ ਕਿ ਕੰਪਨੀ ਵੱਲੋਂ ਬਾਕਾਇਦਾ ਪਰਮੀਸ਼ਨ ਲੈ ਕੇ ਅਤੇ ਕੰਪਨੀ ਨੂੰ ਮਿਲੀ ਡ੍ਰਾਇੰਗ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਿਤੇ ਕੋਈ ਨੁਕਸਾਨ ਹੁੰਦਾ ਹੈ ਤਾਂ ਕੰਪਨੀ ਵੱਲੋਂ ਤੁਰੰਤ ਉਸਦੀ ਭਰਪਾਈ ਕੀਤੀ ਜਾਂਦੀ  ਹੈ ਅਤੇ ਟੁਟ ਫੁੱਟ ਨੂੰ ਠੀਕ ਕਰਵਾਇਆ ਜਾਂਦਾ ਹੈ| ਫੇਜ਼-7 ਵਿੱਚ ਪਾਣੀ ਦੀ ਪਾਈਪ ਟੁੱਟਣ ਬਾਰੇ ਉਹਨਾਂ ਕਿਹਾ ਕਿ 2 ਦਿਨ ਪਹਿਲਾਂ ਫੇਜ਼-7 ਵਿੱਚ ਪਾਣੀ ਦੀ ਇੱਕ ਪਾਈਪ ਨੁਕਸਾਨੀ ਗਈ ਸੀ ਜਿਸਨੂੰ ਤੁਰੰਤ ਠੀਕ ਕਰਵਾ ਦਿਤਾ ਗਿਆ ਸੀ| ਉਹਨਾਂ ਕਿਹਾ ਕਿ ਇਹ ਕੰਮ ਕੇਂਦਰ ਸਰਕਾਰ ਦੀ ਮੰਜੂਰੀ ਅਤੇ ਰਾਜ ਸਰਕਾਰ ਦੀ ਇਜਾਜਤ ਨਾਲ ਹੀ ਹੋ ਰਿਹਾ ਹੈ ਅਤੇ ਕੰਪਨੀ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰਖਿਆ ਜਾਂਦਾ ਹੈ ਕਿ ਕੰਮ ਦੇ ਦੌਰਾਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ  ਹੋਵੇ|

Leave a Reply

Your email address will not be published. Required fields are marked *