ਕੇਰਲ ਵਿੱਚ ਇਕ ਹੀ ਪਰਿਵਾਰ ਦੇ 4 ਵਿਅਕਤੀਆਂ ਦੀਆਂ ਲਾਸ਼ਾਂ ਘਰ ਵਿੱਚ ਦੱਬੀਆਂ ਮਿਲੀਆਂ

ਕੇਰਲ, 2 ਅਗਸਤ (ਸ.ਬ.) ਕੇਰਲ ਦੇ ਇਡੁੱਕੀ ਜ਼ਿਲੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਘਰ ਦੇ ਪਿਛਲੇ ਪਾਸੇ ਇਕ ਟੋਏ ਵਿੱਚ ਦੱਬੀਆਂ ਮਿਲੀਆਂ ਹਨ| ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਨ, ਪਤਨੀ ਸੁਸ਼ੀਲਾ, ਬੇਟੀ ਅਰਸ਼ਾ ਅਤੇ ਬੇਟੇ ਅਰਜੁਨ ਦੇ ਤੌਰ ਤੇ ਕੀਤੀ ਗਈ ਹੈ| ਪੁਲੀਸ ਨੇ ਦੱਸਿਆ ਕਿ ਲਾਸ਼ਾਂ ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਸਨ| ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਪਿਛਲੇ ਚਾਰ ਦਿਨ ਤੋਂ ਨਹੀਂ ਦੇਖਿਆ ਗਿਆ ਸੀ| ਇਸ ਦੇ ਬਾਅਦ ਗੁਆਂਢੀਆਂ ਅਤੇ ਕੁਝ ਰਿਸ਼ਤੇਦਾਰਾਂ ਨੇ ਪਰਿਵਾਰ ਦੀ ਤਲਾਸ਼ ਸ਼ੁਰੂ ਕੀਤੀ| ਗੁਆਂਢੀ ਅਤੇ ਕੁਝ ਰਿਸ਼ਤੇਦਾਰ ਉਨ੍ਹਾਂ ਦੇ ਘਰ ਪੁੱਜੇ ਤਾਂ ਉਨ੍ਹਾਂ ਨੇ ਜ਼ਮੀਨ ਅਤੇ ਕੰਧ ਤੇ ਖੂਨ ਦੇ ਨਿਸ਼ਾਨ ਦੇਖੇ, ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ| ਮੌਕੇ ਉੱਤੇ ਪੁੱਜੀ ਪੁਲੀਸ ਨੇ ਦੱਸਿਆ ਕਿ ਮਕਾਨ ਦੇ ਪਿਛਲੇ ਹਿੱਸੇ ਵਿੱਚ ਤਲਾਸ਼ ਦੌਰਾਨ ਉਨ੍ਹਾਂ ਨੂੰ ਮਿੱਟੀ ਦਿਖਾਈ ਦਿੱਤੀ ਅਤੇ ਜਦੋਂ ਉਨ੍ਹਾਂ ਨੇ ਮਿੱਟੀ ਹਟਾ ਕੇ ਦੇਖਿਆ ਤਾਂ ਉਸ ਵਿੱਚ ਇਕ ਦੇ ਉਪਰ ਇਕ, ਚਾਰ ਲਾਸ਼ਾਂ ਇਕ ਟੋਏ ਦੇ ਅੰਦਰ ਦਫਨ ਮਿਲੀਆਂ| ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *