ਕੈਨਬਰਾ ਤੋਂ ਸਿਡਨੀ ਵਿਚਾਲੇ ਚੱਲਣਗੀਆਂ ਹਾਈ ਸਪੀਡ ਟ੍ਰੇਨਾਂ, ਦੋ ਘੰਟਿਆਂ ਦਾ ਹੋਵੇਗਾ ਸਫ਼ਰ

ਕੈਨਬਰਾ, 5 ਅਪ੍ਰੈਲ (ਸ.ਬ.) ਕੈਨਬਰਾ ਤੋਂ ਸਿਡਨੀ ਵਿਚਾਲੇ ਜਲਦ ਹੀ ਹਾਈ ਸਪੀਡ ਟ੍ਰੇਨਾਂ ਚੱਲ ਸਕਦੀਆਂ ਹਨ| ਇਨ੍ਹਾਂ ਟ੍ਰੇਨਾਂ ਦੇ ਸ਼ੁਰੂ ਹੋਣ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸਫ਼ਰ ਵੀ ਦੋ ਘੰਟਿਆਂ ਦਾ ਹੋਵੇਗਾ| ਇਸ ਹਾਈ ਸਪੀਡ ਪ੍ਰਾਜੈਕਟ ਦੇ ਸੰਬੰਧ ਵਿੱਚ ਸਪੈਨਿਸ਼ ਟ੍ਰੇਨ ਬਿਲਡਿੰਗ ਕੰਪਨੀ ਦੇ ਕਾਰਜਕਾਰੀ ਅਧਿਕਾਰੀ ਅੱਜ ਕੈਨਬਰਾ ਪਹੁੰਚੇ| ਇਸ ਸੰਬੰਧੀ ਗੱਲ ਕਰਦਿਆਂ ਕਮਰਸ਼ੀਅਲ ਡਾਇਰੈਕਟਰ ਗਿਲਮਰੋ ਮਾਰਟਿਨੇਜ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਟ੍ਰੇਨ ਰਾਹੀਂ ਕੈਨਬਰਾ ਤੋਂ ਸਿਨਡੀ ਅਤੇ ਸਿਡਨੀ ਤੋਂ ਕੈਨਬਰਾ ਪਹੁੰਚਣ ਲਈ ਕੁੱਲ ਚਾਰ ਘੰਟਿਆਂ ਦਾ ਸਮਾਂ ਲੱਗਦਾ ਹੈ ਪਰ ਜੇਕਰ ਹਾਈ ਸਪੀਡ ਟ੍ਰੇਨਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਸਮਾਂ ਕਾਫੀ ਘੱਟ ਹੋ ਜਾਵੇਗਾ| ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰੇਨਾਂ ਨੂੰ ਚਲਾਉਣ ਲਈ ਨਵੀਆਂ ਪੱਟੜੀਆਂ ਦੀ ਲੋੜ ਨਹੀਂ ਪਵੇਗੀ| ਇਹ ਟ੍ਰੇਨਾਂ ਦੋਹਾਂ ਸ਼ਹਿਰਾਂ ਵਿਚਾਲੇ ਪਹਿਲਾਂ ਤੋਂ ਬਣੀਆਂ ਹੋਈਆਂ ਪੱਟੜੀਆਂ ਤੇ ਦੌੜਨਗੀਆਂ| ਸ਼੍ਰੀ ਗਿਲਮਰੋ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਤੇ ਕੁੱਲ ਮਿਲਾ ਕੇ 100 ਮਿਲੀਅਨ ਡਾਲਰ ਦਾ ਖ਼ਰਚਾ ਆ ਸਕਦਾ ਹੈ| ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਪੂਰਤੀ ਲਈ ਉਨ੍ਹਾਂ ਨੂੰ ਨਿਊ ਸਾਊਥ ਵੇਲਜ਼ ਅਤੇ    ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਸਰਕਾਰਾਂ ਦੀ ਸਹਾਇਤਾ ਦੀ ਲੋੜ    ਪਵੇਗੀ| ਸ਼੍ਰੀ ਗਿਲਮਰੋ ਨੇ ਕਿਹਾ ਹੈ ਕਿ ਜੇਕਰ ਇਸ ਪ੍ਰਾਜੈਕਟ ਨੂੰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਇਹ ਇੱਕ ਸਾਲ ਦੇ ਸਮੇਂ ਅੰਦਰ ਪੂਰਾ ਹੋ ਸਕਦਾ ਹੈ|

Leave a Reply

Your email address will not be published. Required fields are marked *