ਕੈਨੇਡਾ ਦਾ ਇਮੀਗ੍ਰੇਸ਼ਨ ਮੰਤਰੀ ਬਦਲਿਆ, ਸ਼ਰਨਾਰਥੀ ਬਣ ਕੇ ਆਏ ਵਿਅਕਤੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਟੋਰਾਂਟੋ, 12 ਜਨਵਰੀ (ਸ.ਬ.) ਕੈਨੇਡਾ ਵਿਚ ਅਫਰੀਕੀ ਦੇਸ਼ ਸੋਮਾਲੀਆ ਦੇ ਭਾਈਚਾਰੇ ਅੰਦਰ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਤੋਂ ਪਾਰਲੀਮੈਂਟ ਮੈਂਬਰ ਅਹਿਮਦ ਹੁਸੈਨ ਨੂੰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਬਾਰੇ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ| ਇਹ ਐਲਾਨ ਕੈਨੇਡਾ ਦੀ ਮਹਾਨਤਾ ਬਾਰੇ ਦੱਸਦਾ ਹੈ| ਉਹ ਵਿਅਕਤੀ ਜੋ          ਕੈਨੇਡਾ ਵਿਚ ਇਕ ਸ਼ਰਨਾਰਥੀ ਦੇ ਰੂਪ ਵਿਚ ਆਇਆ ਸੀ, ਇਹ ਉਸ ਦੀ ਸਫਲਤਾ ਦਾ ਇਹ ਸਭ ਤੋਂ ਉਪਰਲਾ ਮੁਕਾਮ ਹੈ| 40 ਸਾਲਾ ਹੁਸੈਨ ਟੋਰਾਂਟੋ ਨੂੰ ਏਰੀਆ ਦੇ ਯੌਰਕ ਸਾਊਥ-ਵੈਸਟਨ ਹਲਕੇ ਤੋਂ 19 ਅਕਤੂਬਰ 2015 ਨੂੰ (ਪਹਿਲੀ ਵਾਰ) ਸੰਸਦ ਮੈਂਬਰ ਚੁਣਿਆ ਗਿਆ ਸੀ| ਉਹ 16 ਸਾਲ ਦੀ ਉਮਰ ਵਿਚ ਸੋਮਾਲੀਆ ਤੋਂ ਕੈਨੇਡਾ ਪੁੱਜਾ ਸੀ| ਉਹ ਕੈਨੇਡਾ ਵਿਚ ਸੋਮਾਲੀਆ ਮੂਲ ਦੇ ਇਕੋ-ਇਕ ਪਾਰਲੀਮੈਂਟ ਮੈਂਬਰ ਹੈ|
ਜਾਣਕਾਰੀ ਅਨੁਸਾਰ ਜੌਹਨ ਮੈਕਲਮ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਅਤੇ ਚੀਨ ਵਿਚ ਕੈਨੇਡਾ ਦੇ ਰਾਜਦੂਤ ਬਣਾਏ ਜਾਣ ਦੇ ਫੈਸਲੇ ਮਗਰੋਂ ਉਨ੍ਹਾਂ ਦੀ ਥਾਂ ਪ੍ਰਧਾਨ ਮੰਤਰੀ ਟਰੂਡੋ ਨੇ ਇਮੀਗ੍ਰੇਸ਼ਨ ਦੇ ਵਕਾਰੀ ਮੰਤਰਾਲੇ ਲਈ ਹੁਸੈਨ ਦੀ ਚੋਣ ਕੀਤੀ ਹੈ| ਟਰੂਡੋ ਨੇ ਆਪਣੀ ਕੈਬਨਿਟ ਵਿਚ ਵੱਡਾ ਫੇਰਬਦਲ ਕਰਦਿਆਂ ਅੱਧੀ ਦਰਜਨ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਹੈ ਅਤੇ ਅਦਲਾ-ਬਦਲੀ ਵਿੱਚ ਤਿੰਨ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ| ਦੇਸ਼ ਦੇ   ਵਿਦੇਸ਼ ਮੰਤਰੀ ਨੂੰ ਬਦਲਿਆ ਗਿਆ ਹੈ| ਜ਼ਿਕਰਯੋਗ ਹੈ ਕਿ ਟਰੂਡੋ ਕੈਬਨਿਟ ਵਿਚ ਪੰਜਾਬੀ ਮੂਲ ਦੇ ਸਾਰੇ ਮੰਤਰੀ (ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਚੱਗਰ) ਆਪਣੇ ਵਿਭਾਗਾਂ ਵਿਚ ਬਣੇ ਰਹਿਣਗੇ ਅਤੇ ਉਨ੍ਹਾਂ ਦੇ ਅਹੁਦਿਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ| ਦੱਸਿਆ ਜਾ ਰਿਹਾ ਹੈ ਕਿ ਟਰੂਡੋ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣ ਰਹੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨਾਲ ਨੇੜਤਾ ਬਣਾਉਣ ਵਿੱਚ ਸੌਖ ਲਈ ਆਪਣੀ ਕੈਬਨਿਟ ਵਿਚ      ਢੁਕਵੇਂ ਫੇਰਬਦਲ ਕੀਤੇ ਹਨ|

Leave a Reply

Your email address will not be published. Required fields are marked *