ਕੈਨੇਡਾ: ਮਸਜਿਦ ਵਿੱਚ ਹੋਈ ਗੋਲੀਬਾਰੀ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਊਬਿਕ ਵਿੱਚ ਕੱਢਿਆ ਗਿਆ ਮਾਰਚ

ਕਿਊਬਿਕ, 6 ਫਰਵਰੀ (ਸ.ਬ.) ਕੈਨੇਡਾ ਦੀ ਕਿਊਬਿਕ ਸਿਟੀ ਵਿਚ ਹੋ ਰਹੀ ਭਾਰੀ ਬਰਫਬਾਰੀ ਅਤੇ ਖੂਨ ਜਮਾ ਦੇਣ ਵਾਲੀ ਸਰਦੀ ਵੀ ਲੋਕਾਂ ਨੂੰ ਮੁਸਲਿਮ ਭਾਈਚਾਰੇ ਦਾ ਦੁੱਖ ਸਾਂਝਾ ਕਰਨ ਤੋਂ ਨਹੀਂ ਰੋਕ ਸਕੀ| ਇੱਥੇ ਲੋਕਾਂ ਨੇ ਕਿਊਬਿਕ ਦੀ ਮਸਜਿਦ ਵਿੱਚ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਭਾਰੀ ਇਕੱਠ ਕੀਤਾ ਅਤੇ ਮਾਰਚ ਕੱਢਿਆ| ਇਨ੍ਹਾਂ ਲੋਕਾਂ ਨੂੰ ਬੀਤੇ ਹਫਤੇ ਸਥਾਨਕ ਮਸਜਿਦ ਵਿੱਚ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਸਨ, ਜਦੋਂ ਉਹ ਨਮਾਜ਼ ਅਦਾ ਕਰ ਰਹੇ ਸਨ| ਕਿਊਬਿਕ ਵਿੱਚ ਕੱਢੇ ਗਏ ਇਸ ਮਾਰਚ ਵਿੱਚ ਮੁਸਲਿਮ ਭਾਈਚਾਰੇ ਅਤੇ ਗੈਰ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਹਿੱਸਾ ਲਿਆ| ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਸਨ, ਜਿਨ੍ਹਾਂ ਤੇ ‘ਇਸਲਾਮ ਦੇ ਖੌਫ ਨੂੰ ਨਾਂਹ, ਅਮਨ ਨੂੰ ਹਾਂ’, ‘ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹੋ’ ਅਤੇ ‘ਅੱਤਵਾਦ ਨੂੰ ਨਾਂਹ’ ਵਰਗੇ ਸੰਦੇਸ਼ ਲਿਖੇ ਹੋਏ ਸਨ|
ਇਹ ਮਾਰਚ ਲਵਲ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਸੀ, ਜੋ ਮਸਜਿਦ ਤੋਂ ਜ਼ਿਆਦਾ ਦੂਰ ਨਹੀਂ ਹੈ| ਇਹ ਮਾਰਚ ਰਾਸ਼ਟਰੀ ਅਸਬੈਂਲੀ ਤੱਕ ਕੱਢਿਆ ਗਿਆ|
ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿੱਚ ਅਲਜੀਰੀਆ ਮੂਲ ਦੇ ਦੋ ਲੋਕ, ਟਿਊਨੀਸ਼ੀਆਈ ਮੂਲ ਦਾ ਇਕ ਵਿਅਕਤੀ, ਮੋਰੱਕੋ ਮੂਲ ਦਾ ਇਕ ਅਤੇ ਗਿਨੀ ਮੂਲ ਦੇ ਦੋ ਵਿਅਕਤੀ ਸ਼ਾਮਲ ਸਨ| ਇਨ੍ਹਾਂ ਸਾਰਿਆਂ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਸੀ| ਕਿਊਬਿਕ ਦੇ ਇਸਲਾਮਿਕ ਸੱਭਿਆਚਾਰਕ ਕੇਂਦਰ ਦੇ ਪ੍ਰਧਾਨ ਮੁਹੰਮਦ ਯਾਂਗੀ ਨੇ ਕਿਹਾ ਕਿ ਇਸ ਮਾਰਚ ਰਾਹੀਂ ਕਿਊਬਿਕ ਦੀ ‘ਇਕਜੁਟਤਾ’ ਦਾ ਪ੍ਰਦਰਸ਼ਨ ਕੀਤਾ ਗਿਆ|

Leave a Reply

Your email address will not be published. Required fields are marked *