ਕੈਨੇਡਾ ਵਿੱਚ ਅਮਰੀਕ ਸਿੰਘ ਆਹਲੂਵਾਲੀਆ ਇਕ ਵਾਰ ਫਿਰ ਬਣੇ ਪੀਲ ਪੁਲੀਸ ਸਰਵਿਸਿਜ਼ ਬੋਰਡ ਦੇ ਚੇਅਰ

ਓਨਟਾਰੀਓ, 2 ਫਰਵਰੀ (ਸ.ਬ.) ਅਮਰੀਕ ਸਿੰਘ ਆਹਲੂਵਾਲੀਆਂ ਨੂੰ ਇਕ ਵਾਰ ਫਿਰ ਪੀਲ ਪੁਲੀਸ ਸਰਵਿਸਿਜ਼ ਬੋਰਡ ਦਾ ਚੇਅਰ ਨਿਯੁਕਤ ਕਰਕੇ ਮਾਣ ਬਖਸ਼ਿਆ ਗਿਆ ਹੈ| 27 ਜਨਵਰੀ ਨੂੰ ਹੋਈ ਪੀਲ ਪੁਲੀਸ ਸਰਵਿਸਿਜ਼ ਬੋਰਡ ਦੀ ਮੁੱਢਲੀ ਮੀਟਿੰਗ ਵਿੱਚ ਅਮਰੀਕ ਸਿੰਘ ਆਹਲੂਵਾਲੀਆ ਨੂੰ ਮੁੜ ਸਰਬਸੰਮਤੀ ਨਾਲ ਰੀਜਨਲ ਮਿਉਂਸਪੈਲਿਟੀ ਦਾ ਚੇਅਰ ਨਿਯੁਕਤ ਕੀਤਾ ਗਿਆ| ਉਨ੍ਹਾਂ ਦੇ ਨਾਲ ਸਰਬਸੰਮਤੀ ਨਾਲ ਹੀ ਨੌਰਮਾ ਨਿਕਲਸਨ ਨੂੰ ਵਾਈਸ ਚੇਅਰ ਚੁਣਿਆ ਗਿਆ ਹੈ| ਚੇਅਰ ਤੇ ਵਾਈਸ ਚੇਅਰ ਦੋਵਾਂ ਨੂੰ ਹੀ 2017 ਲਈ ਉਨ੍ਹਾਂ ਦੇ ਸਾਥੀਆਂ ਵੱਲੋਂ ਚੁਣਿਆ ਗਿਆ|
ਪਹਿਲੀ ਵਾਰੀ ਆਹਲੂਵਾਲੀਆ ਨੂੰ 9 ਫਰਵਰੀ 2011 ਵਿੱਚ ਪ੍ਰੋਵਿੰਸ ਵੱਲੋਂ ਬੋਰਡ ਵਿੱਚ ਨਿਯੁਕਤ ਕੀਤਾ ਗਿਆ ਸੀ| ਆਹਲੂਵਾਲੀਆ ਸਾਬਕਾ ਕਾਰੋਬਾਰੀ ਹਨ ਤੇ ਉਹ ਸ਼ੈਲ ਕੈਨੇਡਾ ਤੋਂ ਜਨਰਲ ਮੈਨੇਜਰ ਵਜੋਂ ਸੇਵਾਮੁਕਤ ਹੋਏ ਸਨ| ਬਰੈਂਪਟਨ ਵਾਸੀ ਆਹਲੂਵਾਲੀਆ ਮਿਸੀਸਾਗਾ ਦੇ ਸੇਵਾ ਫੂਡ ਬੈਂਕ ਨਾਲ ਵੀ ਕੰਮ ਕਰਦੇ ਰਹੇ ਹਨ|
ਆਹਲੂਵਾਲੀਆ ਨੇ ਕਿਹਾ ਕਿ ਅਸੀਂ ਸਾਰੇ ਬੋਰਡ ਮੈਂਬਰ ਪੀਲ ਰੀਜਨਲ ਪੁਲੀਸ ਦੀਆਂ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਲਿਆਉਣ ਲਈ ਯਤਨ ਕਰਦੇ ਰਹਾਂਗੇ|
ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਪੀਲ ਰੀਜਨਲ ਪੁਲੀਸ ਦੇ ਮਹਿਲਾ ਤੇ ਪੁਰਸ਼ ਪੀਲ ਵਾਸੀਆਂ ਦੀ ਹਿਫਾਜ਼ਤ ਕਰਨ ਅਤੇ ਉਨ੍ਹਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣਗੇ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ|
ਨੌਰਮਾ ਨਿਕਲਸਨ ਲੇਖਿਕਾ, ਐਜੂਕੇਟਰ ਤੇ ਯੂਥ ਮਾਮਲਿਆਂ ਦੀ ਮਾਹਰ ਹੈ ਅਤੇ ਉਨ੍ਹਾਂ ਨੂੰ ਅਜਿਹੇ ਨੌਜਵਾਨਾਂ ਨਾਲ ਕੰਮ ਕਰਨ ਵਿਚ ਵਧੇਰੇ ਰੁੱਚੀ ਹੈ, ਜਿਹੜੇ ਕਮਜ਼ੋਰ ਜਾਂ ਖਤਰੇ ਵਿੱਚ ਹੋਣ| ਉਹ ਰਜਿਸਟਰਡ ਨਰਸ ਰਹਿ ਚੁੱਕੀ ਹੈ| ਉਨ੍ਹਾਂ ਨੇ ਆਪਣੀਆਂ ਸੇਵਾਵਾਂ ਕਰਕੇ ਕਈ ਐਵਾਰਡ ਵੀ ਹਾਸਲ ਕੀਤੇ ਰਜਿਸਟਰਡ ਨਰਸਿਜ਼ ਐਸੋਸੀਏਸ਼ਨ ਆਫ ਓਨਟਾਰੀਓ ਤੇ ਕਮਿਊਨਿਟੀ ਵੱਲੋਂ ਵੀ ਉਨ੍ਹਾਂ ਦਾ ਕਈ ਵਾਰ ਸਨਮਾਨ ਵੀ ਕੀਤਾ ਜਾ ਚੁੱਕਾ ਹੈ| ਨਿਕਲਸਨ ਨੇ ਕਿਹਾ ਕਿ ਐਨੇ ਸਾਰੇ ਹੁਨਰਮੰਦ ਅਤੇ ਵਚਨਬੱਧ ਕਮਿਊਨਿਟੀ ਮੈਂਬਰਾਂ ਵਾਲੇ ਇਸ ਬੋਰਡ ਦੀ ਵਾਈਸ ਚੇਅਰ ਹੋਣਾ ਆਪਣੇ-ਆਪ ਵਿਚ ਮਾਣ ਵਾਲੀ ਗੱਲ ਹੈ|

Leave a Reply

Your email address will not be published. Required fields are marked *