ਕੈਨੇਡਾ ਵਿੱਚ ਇਕ ਦਿਨ ਦਾ ਐਮ. ਪੀ. ਬਣਿਆ ਭਾਰਤੀ ਨੌਜਵਾਨ

ਬਰੈਂਪਟਨ, 10 ਫਰਵਰੀ (ਸ.ਬ.) ਕੈਨੇਡਾ ਦੇ ਬਰੈਂਪਟਨ ਵਿਚ ਭਾਰਤੀ ਨੌਜਵਾਨ ਇਕਲੱਵਿਆ ਸ਼ੇਰਾਵਤ ਨੂੰ ਇਕ ਦਿਨ ਦਾ ਐਮ. ਪੀ. ਚੁਣਿਆ ਗਿਆ| ਪੂਰਬੀ ਬਰੈਂਪਟਨ ਤੋਂ ਐਮ. ਪੀ. ਰਾਜ ਗਰੇਵਾਲ ਨੇ 16 ਸਾਲ ਦੀ ਉਮਰ ਤੋਂ ਵਧੇਰੇ ਨੌਜਵਾਨਾਂ ਨੂੰ ‘ਐਮ. ਪੀ. ਫਾਰ ਏ ਡੇਅ’ ਅਧੀਨ ਇਕ ਦਿਨ ਦਾ ਐਮ. ਪੀ. ਬਣਨ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਸੀ| ਇਸ ਅਧੀਨ ਇਕਲੱਵਿਆ ਨੇ ਵੀ ਇਸ ਪ੍ਰੋਗਰਾਮ ਲਈ ਅਪਲਾਈ ਕੀਤਾ ਸੀ| ਇਕਲੱਵਿਆ ਨੂੰ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਵਿੱਚੋਂ ਉਸ ਦੀ ਕਾਬਲੀਅਤ ਅਤੇ ਨਿੱਕੀ ਉਮਰ ਵਿਚ ਉਸ ਵੱਲੋਂ ਹਾਸਲ ਕੀਤੀਆਂ ਉਪਲੱਬਧੀਆਂ ਦੇ ਆਧਾਰ ਤੇ ਚੁਣਿਆ ਗਿਆ ਸੀ| 9 ਫਰਵਰੀ ਨੂੰ ਇਕਲੱਵਿਆ, ਰਾਜ ਗਰੇਵਾਲ ਦੇ ਆਫਿਸ ਵਿਚ ਪਹੁੰਚਿਆ| ਉਸ ਨੇ ਪੂਰਾ ਦਿਨ ਰਾਜ ਗਰੇਵਾਲ ਦੇ ਕੰਮਾਂ ਨੂੰ ਦੇਖਿਆ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ| ਇਕਲੱਵਿਆ ਨੇ ਹਾਊਸ ਆਫ ਕਾਮਨਜ਼ ਦਾ ਦੌਰਾ ਕੀਤਾ ਅਤੇ ਹੋਰ ਐਮ. ਪੀਜ਼. ਨਾਲ ਵੀ ਮੁਲਾਕਾਤ ਕੀਤੀ| ਉਸ ਨੇ ਕਿਹਾ ਕਿ ਉਸ ਦਾ ਇਕ ਦਿਨ ਦਾ ਸਫਰ ਬੇਹੱਦ ਸ਼ਾਨਦਾਰ ਰਿਹਾ ਹੈ ਅਤੇ ਉਹ ਹੋਰ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਕਿ ਉਹ ਬਰੈਂਪਟਨ ਦਾ ਇਕ ਦਿਨ ਦਾ ਐਮ. ਪੀ. ਬਣਨ ਲਈ ਜ਼ਰੂਰ ਅਪਲਾਈ ਕਰਨਗੇ|
ਜਿਕਰਯੋਗ ਹੈ ਕਿ ਇਕਲੱਵਿਆ 8 ਸਾਲ ਦੀ ਉਮਰ ਵਿਚ ਕੈਨੇਡਾ ਆਇਆ ਸੀ ਅਤੇ ਪਿਛਲੇ ਅੱਠ ਸਾਲਾਂ ਤੋਂ ਬਰੈਂਪਟਨ ਪੂਰਬੀ ਵਿਖੇ ਰਹਿ ਰਿਹਾ ਹੈ| ਇੱਥੇ ਉਸ ਨੇ ਲੁਈਸ ਆਰਬਰ ਸਕੈਂਡਰੀ ਸਕੂਲ ਤੋਂ ਡਿਪਲੋਮਾ ਕੀਤਾ ਅਤੇ ਹੁਣ ਉਹ ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਤੋਂ ਕਾਮਰਸ ਦੀ ਪੜ੍ਹਾਈ ਕਰ ਰਿਹਾ ਹੈ| ਇਕਲੱਵਿਆ ਸ਼ੁਰੂ ਤੋਂ ਹੀ ਵਿਦਿਆਰਥੀ ਪੱਧਰ ਤੇ ਰਾਜਨੀਤੀ ਵਿਚ ਮੋਹਰੀ ਰਿਹਾ ਹੈ| ਸਕੂਲ ਵਿਚ ਉਹ ਸਟੂਡੈਂਟ ਕੌਂਸਲ ਦਾ ਪ੍ਰੈਜ਼ੀਡੈਂਟ ਸੀ| ਇਸ ਤੋਂ ਇਲਾਵਾ ਉਹ ਡੀਗਰੂਟ ਫਾਈਨਾਂਸ ਐਸੋਸੀਏਸ਼ਨ ਵਿਚ ਫਾਈਨਾਂਸ ਐਸੋਸੀਏਟ ਦੇ ਅਹੁਦੇ ਤੇ ਵੀ ਕਾਬਜ਼ ਹੈ| ਜਦੋਂ ਉਹ ਮੀਟਿੰਗਾਂ ਵਿਚ ਰੁੱਝਿਆ ਨਹੀਂ ਹੁੰਦਾ ਤਾਂ ਤੁਸੀਂ ਉਸ ਨੂੰ ਸੰਗੀਤ ਬਣਾਉਂਦੇ ਅਤੇ ਵਜਾਉਂਦੇ ਹੋਏ, ਤਸਵੀਰਾਂ ਖਿੱਚਦੇ ਹੋਏ ਜਾਂ ਫਿਰ ਨਵੇਂ-ਨਵੇਂ ਪਕਵਾਨ ਬਣਾਉਂਦੇ ਹੋਏ ਦੇਖ ਸਕਦੇ ਹੋ| ਰਾਜ ਗਰੇਵਾਲ ਵੱਲੋਂ ਦਿੱਤੇ ਇਸ ਸੁਨਹਿਰੀ ਮੌਕੇ ਨੂੰ ਹਾਸਲ ਕਰਕੇ ਇਕਲੱਵਿਆ   ਬੇਹੱਦ ਖੁਸ਼ ਹੈ|

Leave a Reply

Your email address will not be published. Required fields are marked *