ਕੈਨੇਡਾ ਵਿੱਚ ‘ਗੰਨ ਕਲਚਰ’ ਨੂੰ ਉਤਸ਼ਾਹਿਤ ਕਰ ਰਹੇ ਹਨ ਅਮਰੀਕੀ

ਕੈਲਗਰੀ, 20 ਦਸੰਬਰ (ਸ.ਬ.) ਕੈਨੇਡਾ ਵਿਚ ਗੰਨ (ਬੰਦੂਕ) ਅਤੇ ਹਥਿਆਰ ਤਸਕਰੀ ਕਰਕੇ ਅਮਰੀਕੀ ਇੱਥੇ ਵੀ ‘ਗੰਨ ਕਲਚਰ’ (ਬੰਦੂਕ ਸੱਭਿਆਚਾਰ) ਨੂੰ ਉਤਸ਼ਾਹਤ ਕਰ ਰਹੇ ਹਨ| ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਖਤ ਨਿਗਰਾਨੀ ਦੇ ਬਾਵਜੂਦ ਅਮਰੀਕੀਆਂ ਵੱਲੋਂ ਗੰਨ ਤਸਕਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ| ਲਗਭਗ ਹਰ ਮਹੀਨੇ ਕੈਨੇਡਾ ਵਿਚ ਦਾਖਲ ਹੋਣ ਸਮੇਂ ਕੋਈ ਨਾ ਕੋਈ ਅਮਰੀਕੀ ਹਥਿਆਰਾਂ ਸਮੇਤ ਫੜਿਆ ਜਾਂਦਾ ਹੈ| ਹਾਲ ਹੀ ਵਿਚ ਇੱਥੇ ਰੋਕੇ ਗਏ ਇਕ ਵਾਹਨ ਵਿਚੋਂ ਲੋਡੇਡ 25 ਕੈਲੀਬਰ ਹੈਂਡਗੰਨ ਬਰਾਮਦ ਹੋਈ| ਦੋਸ਼ੀ ਦੀ ਅਗਲੇ ਸਾਲ 18 ਜਨਵਰੀ ਨੂੰ ਲੈਥਬਰਿਜ ਦੀ ਅਦਾਲਤ ਵਿਚ ਪੇਸ਼ੀ ਹੋਵੇਗੀ| ਇਕ ਹੋਰ ਟਰੱਕ ਵਿਚੋਂ 4 ਗੰਨਾਂ ਬਰਾਮਦ ਕੀਤੀਆਂ ਗਈਆਂ| ਇਸ ਮਾਮਲੇ ਵਿਚ ਇਕ 46 ਸਾਲਾ ਵਿਅਕਤੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ| ਫੜੇ ਗਏ ਵਿਅਕਤੀਆਂ ਦੇ ਨਾਮ ਪੁਲੀਸ ਵੱਲੋਂ ਜਾਰੀ ਨਹੀਂ ਕੀਤੇ ਗਏ|
ਜ਼ਿਕਰਯੋਗ ਹੈ ਕਿ ਐਲਬਰਟਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ਤੇ ਕਾਫੀ ਭੀੜ ਰਹਿੰਦੀ ਹੈ| ਇਥੋਂ ਹਰ ਮਹੀਨੇ ਇੱਕ ਲੱਖ ਦੇ ਕਰੀਬ ਲੋਕ ਆਰ-ਪਾਰ ਆਉਂਦੇ-ਜਾਂਦੇ ਹਨ| ਇਸ ਤੋਂ ਇਲਾਵਾ 37000 ਕਾਰਾਂ ਅਤੇ 11000 ਵਪਾਰਕ ਵਾਹਨ ਵੀ ਇਥੋਂ ਲੰਘਦੇ ਹਨ|

Leave a Reply

Your email address will not be published. Required fields are marked *