ਕੈਨੇਡਾ ਵਿੱਚ ਰਹਿੰਦੀ 111 ਸਾਲਾ ਬੇਬੇ ਦਾ ਹੋਇਆ ਦਿਹਾਂਤ

ਮਨੀਟੋਬਾ, 18 ਦਸੰਬਰ (ਸ.ਬ.) ਕੈਨੇਡਾ ਦੇ ਸੂਬੇ ਮਨੀਟੋਬਾ ਵਿੱਚ ਰਹਿਣ ਵਾਲੀ 111 ਸਾਲਾ ਬਜ਼ੁਰਗ ਔਰਤ ਦਾ ਦਿਹਾਂਤ ਹੋ ਗਿਆ ਹੈ| ਸੇਰਾਹ ਹਾਰਪਰ ਨਾਂ ਦੀ ਬਜ਼ੁਰਗ ਔਰਤ ਦਾ ਦਿਹਾਂਤ ਬੀਤੇ ਸ਼ਨੀਵਾਰ ਦੀ ਰਾਤ ਨੂੰ ਹੋਇਆ| ਸੇਰਾਹ ਨੇ ਬੀਤੀ ਅਗਸਤ ਨੂੰ 111ਵਾਂ ਜਨਮ ਦਿਨ ਮਨਾਇਆ ਸੀ| ਸੇਰਾਹ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਉਤਰੀ ਮਨੀਟੋਬਾ ਦੇ ਆਕਸਫੋਰਡ ਹਾਊਸ ਵਿੱਚ ਬਿਤਾਇਆ ਸੀ| ਆਕਸਫੋਰਡ ਹਾਊਸ ਫਰਸਟ ਨੈਸ਼ਨਸ ਕਰੀ ਕਮਿਊਨਿਟੀ ਹੈ, ਜੋ ਕਿ ਵਿਨੀਪੈਗ ਤੋਂ 570 ਕਿਲੋਮੀਟਰ ਉਤਰ-ਪੂਰਬ ਵੱਲ ਹੈ| ਆਕਸਫੋਰਡ ਹਾਊਸ ਨੂੰ ਬਨਬੋਨਿਬੀ ਕਰੀ ਨੈਸ਼ਨਸ ਵੀ ਕਿਹਾ ਜਾਂਦਾ ਹੈ| ਸੇਰਾਹ ਦਾ ਜਨਮ 1906 ਵਿੱਚ ਹੋਇਆ ਸੀ|
ਬਨਬੋਨਿਬੀ ਕਰੀ ਨੈਸ਼ਨਸ ਦੇ ਮੁਖੀ ਟਿਮ ਮਾਸਕੇਗੋ ਨੇ ਕਿਹਾ ਕਿ ਸੇਰਾਹ ਦੀ ਸ਼ੁਰੂਆਤੀ ਜ਼ਿੰਦਗੀ ਬਹੁਤ ਮੁਸ਼ਕਲਾਂ ਭਰੀ ਸੀ, ਕਿਉਂਕਿ ਸਾਡੇ ਖੇਤਰ ਵਿੱਚ ਲੋਕ ਬਿਖਰੇ ਹੋਏ ਸਨ ਅਤੇ ਉਨ੍ਹਾਂ ਵਿੱਚ ਏਕਤਾ ਨਹੀਂ ਸੀ| ਟਿਮ ਨੇ ਦੱਸਿਆ ਕਿ ਇਸ ਦੇ ਬਾਵਜੂਦ ਸੇਰਾਹ ਦੇ ਚਿਹਰੇ ਤੇ ਮੁਸਕਾਨ ਸੀ ਅਤੇ ਉਹ ਹਰ ਕੰਮ ਵਿੱਚ ਐਕਟਿਵ ਸੀ| ਸੇਰਾਹ ਦੇ 6 ਬੱਚੇ ਹਨ ਅਤੇ ਉਹ ਦਾਦੀ ਅਤੇ ਪੜਦਾਦੀ ਵੀ ਸੀ| ਟਿਮ ਨੇ ਅੱਗੇ ਦੱਸਿਆ ਕਿ ਆਪਣੇ ਆਖਰੀ ਸਮੇਂ ਵਿੱਚ ਸੇਰਾਹ ਸਾਡੇ ਨਾਲ ਕਈ ਗੱਲਾਂ ਸਾਂਝੀਆਂ ਕਰਦੀ ਰਹੀ| ਉਹ ਆਪਣੇ ਬੀਤੇ ਕੱਲ ਨੂੰ ਯਾਦ ਕਰਦੀ| ਉਨ੍ਹਾਂ ਦੱਸਿਆ ਕਿ ਸੇਰਾਹ ਇਕ ਅਜਿਹੀ ਔਰਤ ਵਿੱਚ ਜਿਸ ਵਿੱਚ ਦਇਆ ਦੀ ਭਾਵਨਾ ਸੀ, ਜੋ ਕਿ ਕਮਿਊਨਿਟੀ ਅਤੇ ਆਪਣੇ ਪਰਿਵਾਰ ਪ੍ਰਤੀ ਸੀ| ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਾਂਗੇ, ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ| ਸੇਰਾਹ ਕੈਨੇਡਾ ਵਿੱਚ ਰਹਿਣ ਵਾਲੀ ਸਭ ਤੋਂ ਬਜ਼ੁਰਗ ਔਰਤ ਹੋ ਸਕਦੀ ਹੈ|

Leave a Reply

Your email address will not be published. Required fields are marked *