ਕੈਨੇਡੀਅਨ ਜਹਾਜ਼ ਵਿੱਚ ਸ਼ਰਾਬੀ ਦੀਆਂ ਹਰਕਤਾਂ ਕਾਰਨ ਕਰਨੀ ਪਈ ਐਮਰਜੈਂਸੀ ਲੈਂਡਿੰਗ

ਫੋਰਟ ਮੈਕਮਰੀ, 26 ਅਕਤੂਬਰ (ਸ.ਬ.) ਜਹਾਜ਼ ਵਿੱਚ ਸਫਰ ਦੌਰਾਨ ਸ਼ਰਾਬੀਆਂ ਦੀਆਂ ਪੁੱਠੀਆਂ ਹਰਕਤਾਂ ਕਾਰਨ ਜਹਾਜ਼ ਕਰੂ ਅਤੇ ਹੋਰ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਅਜਿਹਾ ਹੀ  ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲਿਆ| ਜਾਣਕਾਰੀ ਮੁਤਾਬਕ ਇੱਕ ਸ਼ਰਾਬੀ ਦੀਆਂ ਗਲਤ ਹਰਕਤਾਂ ਕਾਰਨ ਵੈਸਟਜੈਟ ਦੇ ਇੱਕ ਜਹਾਜ਼ ਨੂੰ ਫੋਰਟ ਮੈਕਮਰੀ ਉਤਾਰਿਆ ਗਿਆ| ਉਤਰੀ ਅਲਬਰਟਾ ਦੀ ਪੁਲੀਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ| ਜਹਾਜ਼ ਨੇ ਕੈਲਗਰੀ ਤੋਂ ਯੈਲੋਨਾਈਫ ਜਾਣ ਲਈ ਉਡਾਣ ਭਰੀ ਸੀ ਪਰ ਸ਼ਰਾਬ ਦੇ ਨਸ਼ੇ ਵਿੱਚ ਬੇਕਾਬੂ ਸ਼ਰਾਬੀ ਨੇ ਜਹਾਜ਼ ਵਿੱਚ ਅੱਤ ਚੁੱਕ ਦਿੱਤੀ|
ਮੈਕਮਰੀ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਅਤੇ ਇਸ ਸ਼ਰਾਬੀ ਨੂੰ ਪੁਲੀਸ ਹਵਾਲੇ ਕਰਕੇ ਜਹਾਜ਼ ਆਪਣੀ ਮੰਜ਼ਲ ਵੱਲ ਵਧਿਆ|
ਇਸੇ ਜਹਾਜ਼ (ਉਡਾਣ 3177) ਵਿੱਚ ਯਾਤਰਾ ਕਰਨ ਵਾਲੇ ਬ੍ਰੇਅ ਮਰਨੀਕਲ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੇਜ ਉਤੇ ਇਸ ਘਟਨਾ ਬਾਰੇ ਦੱਸਿਆ|
ਉਸ ਨੇ ਲਿਖਿਆ ਕਿ ਸ਼ਰਾਬੀ ਵਿਅਕਤੀ ਨੇ ਇੱਕ ਔਰਤ ਉਤੇ ਹਮਲਾ ਕੀਤਾ ਤੇ ਆਪਣਾ ਫੋਨ ਫਲਾਈਟ ਅਟੈਂਡੈਂਟ ਉਤੇ ਸੁੱਟਿਆ| ਸ਼ਰਾਬੀ ਰੌਲਾ ਪਾ ਰਿਹਾ ਸੀ ਤੇ ਪ੍ਰਧਾਨ ਮੰਤਰੀ ਨੂੰ ਕੋਸ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਸਾਰੇ ਹੀ ਨਰਕ ਜਾ ਰਹੇ ਹਨ| ਸਾਰਿਆਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ ਤੋਂ ਬਾਹਰ ਹੀ ਰਿਹਾ| ਦੋ ਹੋਰ ਯਾਤਰੀ ਵੀ ਸ਼ਰਾਬ ਪੀ ਰਹੇ ਸਨ ਤੇ ਉਨ੍ਹਾਂ ਵੀ ਜਦੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਉਤਰ ਜਾਣ ਲਈ ਕਿਹਾ ਗਿਆ| ਫਿਲਹਾਲ ਇਸ ਮਾਮਲੇ ਦੀ ਜਾਂਚ ਕੈਨੇਡਾ ਆਵਾਜਾਈ ਵਲੋਂ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *