ਕੈਨੇਡੀਅਨ ਨਾਗਰਿਕ ਜੋਸ਼ੂਆ ਦੀ ਜ਼ਮਾਨਤ ਮਨਜ਼ੂਰ, ਇਸ ਸ਼ਰਤ ਤੇ ਕੀਤਾ ਜਾਵੇਗਾ ਰਿਹਾਅ

ਓਟਾਵਾ, 2 ਜੂਨ (ਸ.ਬ.) ਕੈਨੇਡਾ ਦੀ ਜੇਲ ਵਿਚ ਬੰਦ ਯੌਨ ਸ਼ੋਸ਼ਣ ਸਮੇਤ ਕਈ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕੈਨੇਡੀਅਨ ਨਾਗਰਿਕ ਅਤੇ ਸਾਬਕਾ ਅਫਗਾਨਿਸਤਾਨ ਬੰਧਕ ਜੋਸ਼ੂਆ ਬੌਇਲੇ ਨੂੰ ਛੇਤੀ ਹੀ ਜੇਲ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ| ਜੋਸ਼ੂਆ ਦੀ ਇਹ ਰਿਹਾਈ ਇਸ ਸ਼ਰਤ ਤੇ ਹੋਵੇਗੀ ਕਿ ਉਸ ਨੂੰ ਇਕ ਇਲੈਕਟ੍ਰਾਨਿਕ ਟ੍ਰੈਕਿੰਗ ਬ੍ਰੈਸਲੇਟ ਪਹਿਨਣਾ ਹੋਵੇਗਾ| ਜ਼ਿਕਰਯੋਗ ਹੈ ਕਿ ਜੋਸ਼ੂਆ ਅਤੇ ਉਸ ਦੀ ਅਮਰੀਕਨ ਪਤਨੀ ਕੈਟਲਾਨ ਕੋਲਮੈਨ ਨੂੰ ਤਾਲਿਬਾਨ ਨਾਲ ਸੰਬੰਧਤ ਹੱਕਾਨੀ ਨੈਟਵਰਕ ਨੇ 2012 ਵਿੱਚ ਬੰਧਕ ਬਣਾ ਲਿਆ ਸੀ, ਜਿੱਥੋਂ ਉਹ ਦੋਵੇਂ ਪਿਛਲੇ ਸਾਲ ਰਿਹਾ ਹੋਣ ਵਿਚ ਸਫਲ ਹੋਏ ਸਨ| ਅੱਤਵਾਦੀਆਂ ਦੇ ਕਬਜੇ ਵਿੱਚੋਂ ਰਿਹਾਈ ਤੋਂ ਬਾਅਦ ਦੋਵੇਂ ਕੈਨੇਡਾ ਆਏ ਸਨ| ਇਸ ਤੋਂ ਬਾਅਦ ਜੋਸ਼ੂਆ ਤੇ ਯੌਨ ਸ਼ੋਸ਼ਣ ਸਮੇਤ ਕਈ ਅਪਰਾਧਾਂ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਸੀ| ਓਨਟਾਰੀਓ ਕੋਰਟ ਦੇ ਜੱਜ ਰਾਬਰਟ ਵਾਡਨ ਨੇ ਬੀਤੇ ਦਿਨੀਂ ਉਸ ਦੀ ਜ਼ਮਾਨਤ ਤੇ ਫੈਸਲਾ ਸੁਣਾਇਆ| ਰਿਹਾਈ ਦੀਆਂ ਸ਼ਰਤਾਂ ਮੁਤਾਬਕ ਜੋਸ਼ੂਆ ਨੂੰ ਓਨਟਾਰੀਓ ਦੇ ਸਮਿੱਥ ਫਾਲਸ ਵਿਚ ਆਪਣੇ ਮਾਪਿਆਂ ਪੈਟ੍ਰਿਕ ਅਤੇ ਲਿੰਡਾ ਬੋਇਲੇ ਨਾਲ ਰਹਿਣਾ ਪਵੇਗਾ| ਉਸ ਨੂੰ ਜੀ. ਪੀ. ਐਸ. ਲਾ ਕੇ ਇਕ ਬ੍ਰੈਸਲੇਟ ਹਮੇਸ਼ਾ ਪਹਿਨਣਾ ਹੋਵੇਗਾ, ਤਾਂ ਕਿ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ| ਜੋਸ਼ੂਆ ਨੂੰ ਬੀਤੇ ਸਾਲ 31 ਦਸੰਬਰ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ|
ਬੋਇਲੇ ਅਤੇ ਕੋਲਮੈਨ ਦਾ ਸਾਲ 2011 ਵਿੱਚ ਵਿਆਹ ਹੋਇਆ ਸੀ| ਉਨ੍ਹਾਂ ਦੋਹਾਂ ਨੂੰ ਤਾਲਿਬਾਨ ਸਮੂਹ ਵਲੋਂ ਸਾਲ 2012 ਵਿੱਚ ਬੰਧਕ ਬਣਾ ਲਿਆ ਗਿਆ ਸੀ, ਜਦੋਂ ਉਹ ਅਫਗਾਨਿਸਤਾਨ ਵਿੱਚ ਘੁੰਮਣ-ਫਿਰਨ ਲਈ ਗਏ ਸਨ| ਤਕਰੀਬਨ 5 ਸਾਲ ਕੈਦ ਰਹਿਣ ਮਗਰੋਂ ਉਹ ਪਿਛਲੇ ਸਾਲ ਰਿਹਾ ਹੋਣ ਵਿੱਚ ਸਫਲ ਹੋਏ, ਦੋਹਾਂ ਦੇ 3 ਬੱਚੇ ਵੀ ਹਨ|

Leave a Reply

Your email address will not be published. Required fields are marked *