ਕੈਪਟਨ ਅਤੇ ਬਾਦਲ ਦੇ ਫਰੈਂਡਲੀ ਮੈਚ ਦੀ ਸਜ਼ਾ ਭੁਗਤ ਰਿਹਾ ਹੈ ਪੰਜਾਬ : ਭਗਵੰਤ ਮਾਨ


ਚੰਡੀਗੜ੍ਹ, 5 ਦਸੰਬਰ (ਸ.ਬ.) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦਹਾਕਿਆਂ ਤੋਂ ਚਲਦੇ ਕੈਪਟਨ ਅਤੇ ਬਾਦਲਾਂ ਦੇ ਫਰੈਂਡਲੀ ਮੈਚ ਦੀ ਸਜਾ ਪੰਜਾਬ ਨੂੰ ਭੁਗਤਣੀ ਪੈ ਰਹੀ ਹੈ ਅਤੇ ਖ਼ੁਸ਼ਹਾਲ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਲਈ ਕੈਪਟਨ ਅਤੇ ਬਾਦਲਾਂ ਦਾ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਜ਼ਿੰਮੇਵਾਰ ਹੈ| ਉਹਨਾਂ ਕਿਹਾ ਕਿ ਪੰਜਾਬ ਦੀ ਲੁੱਟੀ ਗਈ ਸ਼ਾਨ ਮੁੜ ਬਹਾਲ ਕਰਨ ਲਈ ਭ੍ਰਿਟਾਚਾਰ ਮੁਕਤ ਅਤੇ ਸੱਚੀ-ਸੁੱਚੀ ਨੀਅਤ ਵਾਲੀ ਸਰਕਾਰ ਦੀ ਲੋੜ ਹੈ ਅਤੇ ਇਸ ਲਈ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਮਾਡਲ  ਹੀ ਇਕਲੌਤਾ ਬਦਲ ਹੈ|
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ 13 ਸਾਲਾਂ ਤੋਂ ਅਦਾਲਤੀ ਕੇਸਾਂ ਦਾ ਹਵਾਲਾ ਦੇ ਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਲਈ ਕੈਪਟਨ ਅਤੇ ਬਾਦਲ ਵਾਰੀ ਬੰਨ ਕੇ ਸੱਤਾ ਹਾਸਲ ਕਰਨ ਲਈ ਪਿਛਲੇ 19 ਸਾਲਾਂ ਤੋਂ ਫਰੈਂਡਲੀ ਮੈਚ ਖੇਡ ਰਹੇ ਹਨ| ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕੋਈ ਸਾਫ਼ ਨੀਅਤ ਅਤੇ ਨੀਤੀਆਂ ਵਾਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਈ ਹੁੰਦੀ ਤਾਂ ਅੰਨ੍ਹੇਵਾਹ ਭ੍ਰਿਸ਼ਟਾਚਾਰ ਕਰਨ ਵਾਲੇ ਕੈਪਟਨ ਅਤੇ ਬਾਦਲ ਟੱਬਰਾਂ ਸਮੇਤ ਸਲਾਖ਼ਾਂ ਪਿੱਛੇ ਹੁੰਦੇ|
ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਬਾਦਲਾਂ ਦੇ 3500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਦੋਸ਼ਾਂ ਤਹਿਤ 2002 ਵਿੱਚ ਦਰਜ ਕੀਤੇ ਗਏ ਕੇਸ ਦਾ ਕੀ ਬਣਿਆ ਅਤੇ ਜਦੋਂ ਬਾਦਲਾਂ ਵਿਰੁੱਧ ਸਾਰੇ ਨਿੱਜੀ ਅਤੇ ਸਰਕਾਰੀ ਗਵਾਹ ਮੁੱਕਰ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਬੈਠੇ ਰਹੇ? ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕੀਤਾ ਜਾਵੇ ਕਿ 2017 ਵਿਚ ਮੁੜ ਸੱਤਾ ਵਿਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਬਾਦਲਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਮੁੜ ਕਿਉਂ ਨਹੀਂ ਖੋਲ੍ਹਿਆ ਅਤੇ ਉਨ੍ਹਾਂ ਸਰਕਾਰੀ ਅਫ਼ਸਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜੋ ਬਾਦਲਾਂ ਖ਼ਿਲਾਫ਼ ਗਵਾਹੀ ਦੇਣ ਤੋਂ ਮੁੱਕਰ ਗਏ ਸਨ?
ਭਗਵੰਤ ਮਾਨ ਨੇ ਇਲਜਾਮ ਲਗਾਇਆ ਕਿ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਨਵੇਂ ਅਤੇ ਪੁਰਾਣੇ ਕੇਸਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਕੇਸਾਂ ਨੂੰ ਇਸ ਕਰਕੇ ਠੰਢੇ ਬਸਤੇ ਵਿੱਚ ਸੁੱਟ ਦਿੱਤਾ ਕਿਉਂਕਿ ਫਰੈਂਡਲੀ ਮੈਚ ਅਨੁਸਾਰ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਇੰਟਰਨੈਟ ਘੁਟਾਲਾ, ਅੰਮ੍ਰਿਤਸਰ ਇੰਪਰੂਵਮੈਂਟ ਸਕੈਂਡਲ ਅਤੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਕੈਪਟਨ ਪਰਿਵਾਰ ਦੀ ਉਸੇ ਤਰਾਂ ਮਦਦ ਕੀਤੀ, ਜਿਵੇਂ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਜੁੜੇ ਹੋਰ ਮਾਮਲਿਆਂ ਵਿੱਚ ਬਾਦਲਾਂ ਦੀ ਮਦਦ ਕੀਤੀ| 
ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਕਿਸਾਨ ਆਪਣੀ ਹੋਂਦ ਬਚਾਉਣ ਲਈ ਆਪਣੀ ਜਾਨ ਤਲੀ ਤੇ ਧਰ ਕੇ ਸਰਦ ਰਾਤਾਂ ਵਿੱਚ ਬਜ਼ੁਰਗ ਮਾਵਾਂ-ਬਾਪੂਆਂ ਅਤੇ ਬੱਚਿਆਂ ਸਮੇਤ ਅੰਦੋਲਨ ਤੇ ਬੈਠੇ ਹਨ, ਦੂਜੇ ਪਾਸੇ ਕੈਪਟਨ ਕੇਂਦਰੀ ਗ੍ਰਹਿ ਮੰਤਰੀ ਨਾਲ ਸੈਟਿੰਗਾਂ ਕਰਦੇ ਫਿਰਦੇ ਹਨ| ਉਹਲਾਂ ਕਿਹਾ ਕਿ ਇਸ ਬੰਦ ਕਮਰਾ ਬੈਠਕ ਤੋਂ ਬਾਅਦ ਹੀ ਕੈਪਟਨ ਦਾ ਈਡੀ ਤੋਂ ਡਰ ਮੁੱਕਿਆ ਹੈ ਅਤੇ ਕੈਪਟਨ ਨੇ ਅਰਵਿੰਦ ਕੇਜਰੀਵਾਲ ਸਰਕਾਰ ਵਿਰੁੱਧ ਝੂਠਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ|
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਪੰਜਾਬ ਦਾ ਕਿਸਾਨ, ਨੌਜਵਾਨ ਅਤੇ ਵਪਾਰੀ-ਕਾਰੋਬਾਰੀ ਵਰਗ ਬੇਹੱਦ ਅਹਿਮ ਯੋਗਦਾਨ ਦੇ ਸਕਦਾ ਹੈ, ਪਰੰਤੂ ਕੈਪਟਨ-ਬਾਦਲ ਦੀਆਂ ਨਿਕੰਮੀਆਂ ਤੇ ਭ੍ਰਿਸ਼ਟ ਸਰਕਾਰਾਂ ਲੈ ਨਹੀਂ ਸਕੀਆਂ|

Leave a Reply

Your email address will not be published. Required fields are marked *