ਕੈਪਟਨ ਅਮਰਿੰਦਰ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਸ਼ਾਹੀ ਸਮਾਧਾਂ ਵਿਖੇ ਰਾਜਮਾਤਾ ਦੇ ਫੁੱਲ ਚੁਗੇ

ਪਟਿਆਲਾ, 27 ਜੁਲਾਈ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਮਿਲ ਕੇ ਪ੍ਰਾਰਥਨਾਵਾਂ ਅਤੇ ਜਾਪ ਕਰਦੇ ਹੋਏ ਅੱਜ ਸਵੇਰੇ ਇੱਥੇ ਸ਼ਾਹੀ ਸਮਾਧਾਂ ਵਿਖੇ ਰਾਜਮਾਤਾ ਮੋਹਿੰਦਰ ਕੌਰ ਦੇ ਫੁੱਲ ਚੁਗੇ|
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ, ਰਾਜਮਾਤਾ ਮੋਹਿੰਦਰ ਕੌਰ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ ਸਨ ਅਤੇ ਇਕ ਦਿਨ ਬਾਅਦ ਉਨ੍ਹਾਂ ਦਾ ਸ਼ਾਹੀ ਸਮਾਧਾਂ ਵਿਖੇ ਮੰਗਲਵਾਰ ਨੂੰ ਸਸਕਾਰ ਕੀਤਾ ਗਿਆ ਸੀ|
ਪਰਿਵਾਰ ਦੇ ਮੈਂਬਰ ਅੱਜ ਸਵੇਰੇ ਰਾਜਮਾਤਾ ਦੀਆਂ ਅਸਥੀਆਂ ਇਕੱਠੀਆਂ ਕਰਨ ਲਈ ਨਿਊ ਮੋਤੀ ਬਾਗ਼ ਮਹਿਲ ਤੋਂ ਤੁਰੇ ਅਤੇ ਸ਼ਾਹੀ ਸਮਾਧਾਂ ਨੂੰ ਜਾਂਦੇ ਹੋਏ ਰਾਹ ਵਿਚ ਵੱਡੀ ਗਿਣਤੀ ਵਿਚ ਦੋਸਤ ਅਤੇ ਆਮ ਨਾਗਰਿਕ ਉਨ੍ਹਾਂ ਦੇ ਨਾਲ ਸ਼ਾਮਲ ਹੋ ਗਏ|
ਸ਼ਮਸ਼ਾਨ ਘਾਟ ਵਿਖੇ ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਰਾ ਮਲਵਿੰਦਰ ਸਿੰਘ, ਪੁੱਤਰ ਰਣਇੰਦਰ ਸਿੰਘ ਅਤੇ ਪੋਤਰੇ/ਦੋਹਤਰੇ ਨਿਰਵਾਨ ਸਿੰਘ, ਅੰਗਦ ਸਿੰਘ, ਯਾਦੂਇੰਦਰ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਆਪਣੀ ਮਾਤਾ ਦੀਆਂ ਅਸਥੀਆਂ ਚੁਗੀਆਂ| ਉਹਨਾਂ ਨੇ ਬਾਅਦ ਵਿਚ ਵਿੱਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਵਿਚ ਅਰਦਾਸ ਕੀਤੀ|
ਇਸ ਤੋਂ ਬਾਅਦ ਉਹ ਅਸਥੀਆਂ ਨੂੰ ਫੁੱਲਾਂ ਨਾਲ ਲੱਦੇ ਹੋਏ ਵਾਹਨ ਰਾਹੀਂ ਪਵਿੱਤਰ ਕੀਰਤਪੁਰ ਸਾਹਿਬ ਲਿਜਾਣ ਲਈ ਤੁਰ ਪਏ| ਰਾਜਮਾਤਾ ਦੇ ਪੋਤੇ ਅਤੇ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਨੇ ਅਸਥੀਆਂ ਵਾਲਾ ਕਲਸ਼ ਆਪਣੀ ਗੋਦ ਵਿੱਚ ਰੱਖਿਆ ਹੋਇਆ ਸੀ ਅਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਪਰਿਵਾਰ ਸ਼ਾਹੀ ਸਮਾਧਾਂ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ|

Leave a Reply

Your email address will not be published. Required fields are marked *