ਕੈਪਟਨ ਅਮਰਿੰਦਰ ਨੇ ਨਸ਼ਿਆਂ ਦੇ ਮਾਮਲੇ ਵਿੱਚ ਐਸ.ਆਈ.ਟੀ ਦੀ ਕਲੀਨ ਚਿਟ ਦੀ ਮੁੜ ਜਾਂਚ ਕਰਵਾਉਣ ਦਾ ਕੀਤਾ ਵਾਅਦਾ

ਅੰਮ੍ਰਿਤਸਰ, 19 ਜਨਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਡਰੱਗ ਰੈਕੇਟ ਮਾਮਲੇ ਵਿੱਚ ਐਸ.ਆਈ.ਟੀ ਦੀ ਕਲੀਨ ਚਿਟ ਦੀ ਮੁੜ ਤੋਂ ਜਾਂਚ ਕਰਵਾਉਣਗੇ ਅਤੇ ਨਸ਼ੇ ਦੇ ਵਪਾਰ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਗੇ, ਜਿਸ ਵਿੱਚ ਬਿਕ੍ਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕੀਤਾ ਗਿਆ ਹੈ|
ਕੈਪਟਨ ਅਮਰਿੰਦਰ ਦੇ ਨਾਲ ਪਾਰਟੀ ਦੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸਾਰੇ ਵਿਧਾਨ ਸਭਾ ਹਲਕਿਆਂ ਤੇ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਵੀ ਸਨ| ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਸਿੱਧੂ ਬਗੈਰ ਕਿਸੇ ਸ਼ਰਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹੋਣਗੇ|
ਇਸ ਮੌਕੇ ਆਪਣੀ ਪਹਿਲੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਸਿੱਧੂ ਦੇ ਸਮਰਥਨ ਉਪਰ ਖੁਸ਼ੀ ਪ੍ਰਗਟਾਈ ਅਤੇ ਖੁਦ ਨੂੰ ਸਾਬਕਾ ਕ੍ਰਿਕੇਟਰ ਦਾ ਵਿਕੇਟਕੀਪਰ ਦੱਸਿਆ| ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਇਕ ਅਹਿਮ ਸਿਪਾਹੀ ਹਨ ਅਤੇ ਉਹ ਬਗੈਰ ਕਿਸੇ ਸ਼ਰਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ| ਉਨ੍ਹਾਂ ਨੇ ਕਦੇ ਵੀ ਆਪਣੀ ਕੋਈ ਸ਼ਰਤ ਨਹੀਂ ਰੱਖੀ ਸੀ|
ਆਪ ਵੱਲੋਂ ਉਨ੍ਹਾਂ ਉਪਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਨਰਮ ਰਵੱਈਆ ਅਪਣਾਉਣ ਸਬੰਧੀ ਦੋਸ਼ਾਂ ਤੇ, ਹਮਲਾਵਰ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕੀ ਮੀਡੀਆ ਚਾਹੁੰਦਾ ਹੈ ਕਿ ਉਹ ਬਾਦਲ ਨੂੰ ਕੁੱਟਣ| ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬਾਦਲ ਨੂੰ ਹਰਾਉਣ ਲਈ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਅਕਾਲੀ ਆਗੂ ਵਿਰੁੱਧ ਇਕ ਵੱਡੀ ਜਿੱਤ ਦਰਜ਼ ਕਰਨਗੇ| ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਲੋਟ ਤੋਂ ਲੈ ਕੇ ਲੰਬੀ ਤੱਕ ਲੋਕਾਂ ਵਿੱਚ ਬਾਦਲਾਂ ਖਿਲਾਫ ਰੋਹ ਹੈ ਅਤੇ ਲੋਕ ਚਾਹੁੰਦੇ ਹਨ ਕਿ ਉਹ ਮੁੱਖ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਉਣ, ਜਿਥੇ ਉਹ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਚੋਣ ਪ੍ਰਚਾਰ ਲਈ ਗਏ ਸਨ|
ਖੇਤਰ ਵਿੱਚ ਪਾਰਟੀ ਦੇ 9 ਉਮੀਦਵਾਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ ਮਾਝਾ ਦੀਆਂ ਸਾਰੀਆਂ ਸੀਟਾਂ ਤੇ ਚੋਣ ਜਿੱਤੇਗੀ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸ਼ਾਸਨ ਦੌਰਾਨ ਸੂਬਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ| ਅਜਿਹੇ ਵਿੱਚ ਪੰਜਾਬ ਨੂੰ ਵਾਪਿਸ ਤਰੱਕੀ ਦੀ ਪੱਟੜੀ ਤੇ ਲਿਆਉਣ ਵਾਸਤੇ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੈ|
ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਦਾ ਪ੍ਰੋਗਰਾਮ ਰੱਦ ਕਰਨ ਤੇ ਅਫਸੋਸ ਜਾਹਿਰ ਕੀਤਾ ਅਤੇ ਕਿਹਾ ਕਿ ਉਹ ਜ਼ਲਦੀ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ| ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਅਕਾਲੀਆਂ ਦੇ ਪਿੱਠੂ ਚਲਾਕੀਆਂ ਕਰ ਰਹੇ ਹਨ, ਜਿਸ ਤੇ ਉਨ੍ਹਾਂ ਨੇ ਸਾਰੇ ਵਿਧਾਨ ਸਭਾ ਤੇ ਸੰਸਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਕਾਗਜਾਤਾਂ ਦੀ ਪੜਤਾਲ ਕਰਨ ਵਾਸਤੇ ਕਿਹਾ ਸੀ ਅਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ|
ਇਸੇ ਤਰ੍ਹਾਂ, ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਸਿੱਧੂ ਨੇ ਅਗਲੀ ਕਾਂਗਰਸ ਸਕਰਾਰ ਵਿੱਚ ਉਨ੍ਹਾਂ ਦੇ ਕਿਸੇ ਵੀ ਅਹੁਦੇ ਦੀ ਦੌੜ ਵਿੱਚ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ| ਉਨ੍ਹਾਂ ਨੇ ਕਿਹਾ ਕਿ ਪੁੱਤ, ਪੁੱਤ ਹੁੰਦਾ ਹੈ ਤੇ ਪਿਓ, ਪਿਓ ਹੁੰਦਾ ਹੈ|
ਇਸ ਦੌਰਾਨ, ਕੈਪਟਨ ਅਮਰਿੰਦਰ ਤੋਂ ਕੀਤੇ ਗਏ ਇਕ ਸਵਾਲ ਕਿ ਕੀ ਉਹ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਸਵੀਕਾਰ ਕਰਨਗੇ, ਤੇ ਟੋਕਦਿਆਂ   ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਅਤੇ ਹਾਲ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਸਿੱਧੂ ਨੇ ਚੁਟਕੀ ਲਈ ਕਿ ਜੇਕਰ ਚਾਚੀ ਇਕ ਬੰਦਾ ਬਣ ਜਾਵੇ, ਤਾਂ ਕੀ ਉਸਨੂੰ ਚਾਚਾ ਸੱਦਿਆ ਜਾਵੇਗਾ|
ਜਦਕਿ ਨੋਟਬੰਦੀ ਉਪਰ ਪੱਖ ਨੂੰ ਲੈ ਕੇ ਇਕ ਸਵਾਲ ਤੇ ਸਿੱਧੂ ਵੱਲੋਂ ਬੋਲਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਵੀ ਓਹੀ ਪੱਖ ਹੈ, ਜਿਹੜਾ ਕਾਂਗਰਸ ਦਾ ਹੈ, ਜਿਸਦਾ ਉਹ ਹਿੱਸਾ ਹਨ| ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਵੀ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਸਨ|
ਇਕ ਹੋਰ ਸਵਾਲ ਦੇ ਜਵਾਬ ਵਿੱਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵਿੱਚ ਸ਼ਾਮਿਲ ਕੀਤਾ ਜਾਵੇਗਾ| ਉਨ੍ਹਾਂ ਨੇ ਚੁਟਕੀ ਲਈ ਕਿ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਵਾਸਤੇ ਆਪਣੀ ਸੀਟ ਨੂੰ ਛੱਡਿਆ ਹੈ|

Leave a Reply

Your email address will not be published. Required fields are marked *