ਕੈਪਟਨ ਅਮਰਿੰਦਰ ਨੇ ਲੰਬੀ ਤੋਂ ਬਾਦਲ ਖਿਲਾਫ ਲੜਨ ਲਈ ਕਾਂਗਰਸ ਹਾਈ ਕਮਾਂਡ ਤੋਂ ਇਜ਼ਾਜਤ ਮੰਗੀ

ਅੰਮ੍ਰਿਤਸਰ, 14 ਜਨਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਅਕਾਲੀ ਅਗਵਾਈ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ ਤੋਂ ਚੋਣ ਲੜਨ ਵਾਸਤੇ ਪਾਰਟੀ ਹਾਈ ਕਮਾਂਡ ਤੋਂ ਇਜ਼ਾਜਤ ਮੰਗੀ ਹੈ|
ਇਹ ਖੁਲਾਸਾ ਕੈਪਟਨ ਅਮਰਿੰਦਰ ਨੇ ਇੱਥੇ ਆਪ ਦੇ ਮੁੱਖ ਆਗੂ ਡਾ. ਦਲਜੀਤ ਸਿੰਘ ਦਾ ਕਾਂਗਰਸ ਵਿੱਚ ਸਵਾਗਤ ਕਰਨ ਵਾਸਤੇ ਅਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਖਿਲਾਫ ਉਨ੍ਹਾਂ ਦੇ ਘਰ ਲੰਬੀ ਤੋਂ ਲੜਨਾ ਚਾਹੁੰਦੇ ਹਨ, ਕਿਉਂਕਿ ਉਹ ਨਸ਼ਿਆਂ, ਮਾਫੀਆ ਤੇ ਗੁੰਡਾਰਾਜ ਰਾਹੀਂ ਸੂਬੇ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ, ਅਤੇ ਇਸਦੇ ਵਪਾਰ, ਉਦਯੋਗਾਂ ਤੇ ਖੇਤੀਬਾੜੀ ਨੂੰ ਤਬਾਹ ਕਰਨ ਲਈ ਦੋਸ਼ੀ ਸਾਰੇ ਮੁੱਖ ਅਕਾਲੀ ਆਗੂਆਂ ਨੂੰ ਹਰਾਉਣਾ ਚਾਹੁੰਦੇ ਹਨ|
ਉਹਨਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਉਨ੍ਹਾਂ ਨੂੰ ਲੰਬੀ ਤੋਂ ਚੋਣ ਲੜਨ ਦੀ ਇਜ਼ਾਜਤ ਦੇਣ ਵਾਸਤੇ ਕਿਹਾ ਸੀ, ਤਾਂ ਜੋ ਉਹ ਪੰਜਾਬ ਨੂੰ ਬਾਦਲਾਂ ਦੇ ਅਨੈਤਿਕ ਤੇ ਵਿਨਾਸ਼ਕਾਰੀ ਸ਼ਾਸਨ ਤੋਂ ਅਜ਼ਾਦ ਕਰਵਾ ਸਕਣ|
ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਜ਼ਾਜਤ ਮਿੱਲੀ, ਤਾਂ ਉਹ ਲੰਬੀ ਤੇ ਪਟਿਆਲਾ ਦੋਨਾਂ ਸੀਟਾਂ ਤੋਂ ਚੋਣ ਲੜਨਗੇ|
ਕੈਪਟਨ ਅਮਰਿੰਦਰ ਨੇ ਪੰਜਾਬ ਲਈ ਅਜਿਹੇ ਅਪਮਾਨਜਨਕ ਹਾਲਾਤ ਪੈਦਾ ਕਰਨ ਵਾਸਤੇ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਪੂਰੇ ਸੂਬੇ ਅੰਦਰ ਅਵਿਵਸਥਾ ਫੈਲ ਚੁੱਕੀ ਹੈ| ਇਸਨੂੰ ਲੈ ਕੇ ਉਨ੍ਹਾਂ ਨੇ ਨਾਭਾ ਜੇਲ੍ਹ ਬ੍ਰੇਕ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਗੁੰਡਿਆਂ ਨੂੰ ਸੂਬੇ ਤੋਂ ਭੱਜਣ ਦੀ ਅਜ਼ਾਦੀ ਦਿੱਤੀ ਗਈ, ਤਾਂ ਉਹ ਚਣਾਂ ਦੌਰਾਨ ਅਕਾਲੀਆਂ ਦੀ ਸਹਾਇਤਾ ਕਰ ਸਕਣ|
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਅਕਾਲੀਆਂ ਦੇ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਏਗੀ ਤੇ ਕਿਸੇ ਵੀ ਅਪਰਾਧਿਕ ਹਰਕਤ, ਖਾਸ ਕਰਕੇ ਨਸ਼ੇ ਵਪਾਰ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ|
ਬਾਦਲਾਂ ਖਿਲਾਫ ਹਿੰਸਾ ਦੇ ਇਸਤੇਮਾਲ ਖਿਲਾਫ ਆਪਣੇ ਵਿਰੋਧ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਅਕਾਲੀਆਂ ਖਿਲਾਫ ਆਪਣੀ ਨਿਰਾਸ਼ਾ ਤੇ ਗੁੱਸੇ ਨੂੰ ਵੋਟ ਰਾਹੀਂ ਜਾਹਿਰ ਕਰਨ ਦੀ ਅਪੀਲ ਕੀਤੀ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਤਿੰਨੋਂ ਸਕੀਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਉਹ ਸੂਬੇ ਦੇ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰਨਗੇ, ਜਿਸ ਵਿੱਚ ਕਿਸਾਨਾਂ ਦੇ ਲੋਨ ਮੁਆਫ ਕਰਨਾ,             ਹਰੇਕ ਘਰ ਵਿੱਚੋਂ ਇਕ ਵਿਅਕਤੀ ਨੂੰ ਨੌਕਰੀ ਦੇਣਾ ਤੇ ਨੌਜ਼ਵਾਨਾਂ ਨੂੰ ਵਿਸ਼ਵ ਨਾਲ ਜੋੜਨ ਲਈ ਉਨ੍ਹਾਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣਾ ਸ਼ਾਮਿਲ ਹਨ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਕਰਜਿਆਂ ਉਪਰ ਵਿਆਜ਼ ਦਰਾਂ ‘ਤੇ ਫਿਰ ਤੋਂ ਗੱਲਬਾਤ ਕਰੇਗੀ ਅਤੇ ਉਨ੍ਹਾਂ ਕਰਜਿਆਂ ਨੂੰ ਇਸ ਤਰ੍ਹਾਂ ਸੈਟਲ ਕੀਤਾ ਜਾਵੇਗਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਆਪਣੀ ਜੇਬ੍ਹ ਤੋਂ ਇਕ ਵੀ ਪੈਸੇ ਦੀ ਅਦਾਇਗੀ ਨਾ ਕਰਨੀ ਪਵੇ|
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀ ਭਲਾਈ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ| ਇਸ ਦਿਸ਼ਾ ਵਿੱਚ ਪੰਜਾਬ ਦੇ ਪਾਣੀਆਂ ਲਈ ਉਨ੍ਹਾਂ ਨੇ ਖੁਦ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ| ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਲਾਈ ਤਹਿਤ ਆਪਣੇ ਟਾਰਗੇਟਾਂ ਨੂੰ ਪੁਖਤਾ ਕਰਨ ਵਾਸਤੇ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਦੇ ਹਿੱਤ ਵਿੱਚ ਆਪਣੀਆਂ ਵੋਟਾਂ ਦਾ ਸੋਚ ਸਮਝ ਕੇ ਇਸਤੇਮਾਲ ਕਰਨ ਵਾਸਤੇ ਕਿਹਾ|

Leave a Reply

Your email address will not be published. Required fields are marked *