ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਬਾਰੇ ਹਰਸਿਮਰਤ ਕੌਰ ਦੇ ਦੋਸ਼ਾਂ ਦੀ ਮੁੜ ਖਿੱਲੀ ਉਠਾਈ

ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਬਾਰੇ ਹਰਸਿਮਰਤ ਕੌਰ ਦੇ ਦੋਸ਼ਾਂ ਦੀ ਮੁੜ ਖਿੱਲੀ ਉਠਾਈ
ਹਰਸਿਮਰਤ ਦੇ ਝੂਠ ਨੂੰ ਬੇਨਕਾਬ ਕਰਨ ਲਈ ਵਿਸਤ੍ਰਤ ਜਾਣਕਾਰੀ ਦਿੱਤੀ
ਚੰਡੀਗੜ੍ਹ, 11 ਜਨਵਰੀ(ਸ.ਬ.) ਕਰਤਾਰਪੁਰ ਲਾਂਘੇ ਦੇ ਮਾਮਲੇ ਤੇ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦੀ ਖਿੱਲੀ ਉਠਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ ਵਿੱਚ ਗੇਂਦ ਪੂਰੀ ਤਰ੍ਹਾਂ ਕੇਂਦਰ ਦੇ ਪਾਲੇ ਵਿੱਚ ਹੈ ਅਤੇ ਸੂਬਾ ਸਰਕਾਰ ਵਲੋਂ ਇਸ ਮਾਮਲੇ ਉੱਤੇ 11 ਦਿਨ ਪਹਿਲਾਂ ਗ੍ਰਹਿ ਮੰਤਰਾਲੇ (ਐਮ.ਐਚ.ਏ) ਨੂੰ ਪਹਿਲਾਂ ਹੀ ਇੱਕ ਯਾਦ ਪੱਤਰ ਭੇਜਿਆ ਜਾ ਚੁੱਕਿਆ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਲਈ ਇਸ ਅਤਿ ਮਹੱਤਵਪੂਰਨ ਧਾਰਮਿਕ ਮੁੱਦੇ ਤੇ ਹਰਸਿਮਰਤ ਬਾਦਲ ਨੇ ਬਿਨ੍ਹਾਂ ਕੋਈ ਜਾਣਕਾਰੀ ਹਾਸਲ ਕੀਤੇ ਅਲ-ਪਟਲ ਮਾਰੇ ਹਨ ਜਿਸ ਦੇ ਨਾਲ ਉਹ ਆਪਣੇ ਭਰਮ ਫੈਲਾਉਣ ਵਾਲੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ| ਕੇਂਦਰੀ ਮੰਤਰੀ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਆਉਣ ਲਈ ਨਿਰਾਸ਼ਾ ਵਿੱਚ ਹੱਥ ਪੈਰ ਮਾਰ ਰਹੇ ਬਾਦਲਾਂ ਦੇ ਸੌੜੇ ਹਿੱਤਾਂ ਨੂੰ ਅੱਗੇ ਬੜ੍ਹਾਵਾ ਦੇਣ ਲਈ ਹਰਸਿਮਰਤ ਕੌਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਕਾਰਜ ਕਰ ਰਹੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਇਸ ਸਬੰਧ ਵਿੱਚ 12 ਦਸੰਬਰ, 2018 ਨੂੰ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ| ਇਸ ਮੀਟਿੰਗ ਵਿੱਚ ਰੱਖਿਆ ਮੰਤਰਾਲੇ, ਸੀਮਾ ਸੁਰੱਖਿਆ ਬੱਲ (ਬੀ.ਐਸ.ਐਫ), ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ), ਬਿਊਰੋ ਆਫ ਇੰਮੀਗ੍ਰੇਸ਼ਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ| ਇਸ ਦੇ ਅਧਾਰ ਤੇ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਚਾਰ ਵੱਖ ਵੱਖ ਵਿਕਲਪਾਂ ਦਾ ਪ੍ਰਸਤਾਵ ਦਿੱਤਾ ਗਿਆ|
ਇਨ੍ਹਾਂ ਵਿਕਲਪਾਂ ਵਿਚੋਂ ਸਭ ਤੋਂ ਢੁੱਕਵੇਂ ਇੱਕ ਵਿਕਲਪ ਤੇ ਆਪਸੀ ਸਹਿਮਤੀ ਹੋਈ| ਮੁੱਖ ਮੰਤਰੀ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਆਪਣੀ ਲੋੜੀਂਦੀ ਸਪੇਸ ਬਾਰੇ ਪੱਖ ਪੇਸ਼ ਕਰਨ ਲਈ ਕਿਹਾ ਗਿਆ| ਇਹ ਇੱਕ ਵਿਆਪਕ ਗੁੰਝਲ ਵਾਲਾ ਦੁਵੱਲਾ ਮੁੱਦਾ ਸੀ ਜਿਸ ਦੇ ਕਾਰਨ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਹੇਠ ਅਗਲੀ ਮੀਟਿੰਗ ਦਾ ਪ੍ਰਸਤਾਵ ਕੀਤਾ ਗਿਆ| ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜ਼ਮੀਨ ਨੂੰ ਐਕੁਆਇਰ ਕਰਨ ਦਾ ਕੋਈ ਵੀ ਕਦਮ ਕੇਵਲ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਅਤੇ ਇਸ ਜ਼ਮੀਨ ਦੇ ਲੋੜੀਂਦੇ ਟੁਕੜੇ ਨੂੰ ਐਕੁਆਇਰ ਕਰਨ ਵਾਸਤੇ ਫੰਡ ਪ੍ਰਾਪਤੀ ਤੋਂ ਬਾਅਦ ਹੀ ਚੁੱਕਿਆ ਜਾ ਸਕਦਾ ਹੈ|
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ 1 ਜਨਵਰੀ, 2019 ਨੂੰ ਵੀ ਇੱਕ ਯਾਦ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਾਰਵਾਈ ਕਰਨ ਵਾਸਤੇ ਆਖਿਆ ਗਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਪ੍ਰਾਜੈਕਟ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਤੇ ਉਹ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਉਤਸੁਕ ਹਨ| ਉਨ੍ਹਾਂ ਨੇ ਇਸ ਨਾਜ਼ੁਕ ਮੁੱਦੇ ਤੇ ਖੇਡਣ ਲਈ ਹਰਸਿਮਰਤ ਕੌਰ ਅਤੇ ਹੋਰ ਅਕਾਲੀ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਵੱਲੋਂ ਸਰਕਾਰ ਅਤੇ ਲੋਕਾਂ ਵਿਚ ਪੈਦਾ ਕੀਤੀ ਜਾ ਰਹੀ ਝੂਠੀ ਦੀਵਾਰ ਇੱਕ ਦਿਨ ਵੀ ਨਹੀਂ ਟਿਕੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਾਦਲਾਂ ਨੂੰ ਬਾਹਰ ਦਾ ਰਾਸਤਾ ਦਿਖਾਉਣ ਦਾ ਮਨ ਬਣਾ ਲਿਆ ਹੈ| ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਜਲਦੀ ਤੋਂ ਜਲਦੀ ਵਿਕਾਸ ਕੰਮ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਕੇਂਦਰ ਸਰਕਾਰ ਤੇ ਦਬਾਅ ਬਣਾਉਂਦੀ ਰਹੇਗੀ ਤਾਂ ਜੋ ਇਸ ਨੂੰ ਮੁਕੰਮਲ ਕੀਤਾ ਜਾ ਸਕੇ|

Leave a Reply

Your email address will not be published. Required fields are marked *