ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਫੌਜ ਵਿੱਚ ਸ਼ਾਮਲ ਹੋਣ ਦੀ ਅਪੀਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਫੌਜ ਵਿੱਚ ਸ਼ਾਮਲ ਹੋਣ ਦੀ ਅਪੀਲ
ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ
ਚੰਡੀਗੜ੍ਹ, 11 ਸਤੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਬਹਾਦਰੀ ਅਤੇ ਸਾਹਸ ਦੀਆਂ ਕਦਰਾਂ-ਕੀਮਤਾਂ ਭਰਨ ਦਾ ਸੱਦਾ ਦਿੱਤਾ ਹੈ|
ਕੈਪਟਨ ਅਮਰਿੰਦਰ ਸਿੰਘ (ਜਿਹਨਾਂ ਵਲੋਂ ਪਿਛਲੇ ਸਾਲ ਇਸ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਆਪਣੀ ਕਿਤਾਬ ”ਦੀ 36 ਸਿੱਖਜ਼ ਇਨ ਦੀ ਤਿਰਾਹ ਕੰਪੇਨ 1897-98 – ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦੀ ਸਮਾਣਾ ਫੋਰਟਸ” ਨੂੰ ਕਲਮਬੰਦ ਅਤੇ ਜਾਰੀ ਕੀਤਾ ਗਿਆ ਸੀ) ਨੇ ਕਿਹਾ ਕਿ 36ਵੀਂ ਸਿੱਖ ਦੇ ਫੌਜੀਆਂ ਵੱਲੋਂ ਦਿੱਤਾ ਗਿਆ ਬਲਿਦਾਨ ਭਾਰਤੀ ਫੌਜ ਦੀ ਇਸ ਇੰਫੈਂਟਰੀ ਰੈਜੀਮੈਂਟ ਦੇ ਇਤਿਹਾਸ ਵਿਚ ਹਮੇਸ਼ਾ ਹੀ ਮੂਰਤੀਮਾਨ ਰਹੇਗਾ|
ਉਹਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਬਹਾਦਰ ਫੌਜੀਆਂ ਦੀ ਯਾਦ ਵਿਚ ਕੁਝ ਪਹਿਲਕਦਮੀਆਂ ਦਾ ਐਲਾਨ ਕੀਤਾ ਹੋਇਆ ਹੈ ਅਤੇ ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਇਸ ਜੰਗ ਨੂੰ ਸ਼ਾਮਲ ਕੀਤਾ ਹੈ| ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਇਸ ਇਤਿਹਾਸਕ ਘਟਨਾ ਬਾਰੇ ਜਾਗਰੂਕ ਕਰਕੇ ਨੌਜਵਾਨਾਂ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ ਜਿਸ ਵਿਚ 22 ਫੌਜੀਆਂ ਨੇ ਅਥਾਹ ਹੌਂਸਲਾ ਵਿਖਾਇਆ ਅਤੇ ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਮੌਤ ਨੂੰ ਗਲੇ ਲਗਾਇਆ|
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਾਰਾਗੜ੍ਹੀ ਦੀ ਜੰਗ ਵਿੱਚ ਹਿੱਸਾ ਲੈਣ ਵਾਲੇ 36 ਸਿੱਖ ਦੇ ਹਵਾਲਦਾਰ ਈਸ਼ਰ ਸਿੰਘ ਨੂੰ ਸ਼ਰਧਾਂਜਲੀ ਵਜੋਂ ਰਾਏਕੋਟ ਦੇ ਝੋਰੜਾਂ ਪਿੰਡ ਵਿਚ 10 ਬਿਸਤਰਿਆਂ ਦਾ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਸਥਾਪਤ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਬਣਾਉਣ ਦੀ ਪ੍ਰਗਤੀ ਚੱਲ ਰਹੀ ਹੈ| ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਜੰਗ ਦੀ ਅਗਵਾਈ ਕਰਨ ਵਾਲੇ ਹਵਾਲਦਾਰ ਈਸ਼ਰ ਸਿੰਘ ਦੀ ਯਾਦ ਵਿਚ ਵੱਡੀ ਯਾਦਗਾਰ ਵੀ ਬਣਾਈ ਜਾ ਰਹੀ ਹੈ| ਇਸ ਦੇ ਨਾਲ ਹੋਰਨਾਂ ਫੌਜੀਆਂ ਦੀਆਂ ਵੀ ਉਨ੍ਹਾਂ ਦੇ ਪਿੰਡਾਂ ਵਿਚ ਯਾਦਗਾਰਾਂ ਬਣਾਈਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੱਧ ਤੋਂ ਵੱਧ ਪਹਿਲਕਦਮੀਆਂ ਕਰਨ ਲਈ ਵਚਨਬੱਧ ਹੈ|
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਇਨ੍ਹਾਂ ਬਹਾਦਰ ਫੌਜੀਆਂ ਦੇ ਬਲਿਦਾਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦੇ ਹੋਏ ਭਾਰਤੀ ਫੌਜ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ| ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਹਾਲ ਹੀ ਦੇ ਸਮਿਆਂ ਦੌਰਾਨ ਫੌਜ ਵਿਚ ਸਿੱਖਾਂ ਦੀ ਨੁਮਾਇੰਦਗੀ ਵਿਚ ਕਮੀ ਆਈ ਹੈ| ਦੁਨੀਆਂ ਭਰ ਵਿਚ ਸਿੱਖ ਆਪਣੀ ਅਥਾਹ ਬਹਾਦਰੀ ਲਈ ਜਾਣੇ ਜਾਂਦੇ ਹਨ ਅਤੇ ਸਿੱਖ ਫੌਜੀਆਂ ਨੇ ਹਮੇਸ਼ਾ ਹੀ ਭਾਈਚਾਰੇ ਦਾ ਮਾਣ ਵਧਾਇਆ ਹੈ| ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਨਵੀਆਂ ਪੀੜ੍ਹੀਆਂ ਵਿਚ ਸਨਮਾਨ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਿੱਖ, ਫੌਜ ਵਿਚ ਆਪਣੀ ਸਨਮਾਨਪੂਰਨ ਸਥਾਨ ਲਗਾਤਾਰ ਬਣਾਈ ਰੱਖਣਗੇ|

Leave a Reply

Your email address will not be published. Required fields are marked *