ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਬਾਬਾ ਉਦੈ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਐਲਾਨ

ਚੰਡੀਗੜ੍ਹ, 16 ਅਕਤੂਬਰ (ਸ.ਬ.) ਬੁੱਢੇ ਨਾਲੇ ਦੀ ਸਫ਼ਾਈ ਕਰਨ ਅਤੇ ਨਾਲੇ ਨੂੰ ਗੰਦੇ ਪਾਣੀ ਦੇ ਵਹਾਅ ਤੋਂ ਮੁਕਤ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਟਾਸਕ ਫੋਰਸ ਦੇ ਸਰਪ੍ਰਸਤ ਨਾਮਧਾਰੀ ਸੰਪਰਦਾ ਦੇ ਬਾਬਾ ਉਦੈ ਸਿੰਘ ਹੋਣਗੇ ਜੋ ਦੋ ਮਹੀਨਿਆਂ ਵਿੱਚ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪਣਗੇ| ਬੁਲਾਰੇ ਨੇ ਦੱਸਿਆ ਕਿ ਬਾਬਾ ਉਦੈ ਸਿੰਘ ਨੇ ਬੀਤੀ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸਰਪ੍ਰਸਤ ਵਜੋਂ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਅਪੀਲ ਨੂੰ ਸਵੀਕਾਰ ਕਰ ਲਿਆ| ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਇਸ ਟਾਸਕ ਫੋਰਸ ਦਾ ਗਠਨ ਚੁਣੇ ਹੋਏ ਨੁਮਾਇੰਦਿਆਂ, ਤਕਨੀਕੀ ਮਾਹਿਰਾਂ ਅਤੇ ਜਨਤਕ ਸ਼ਖ਼ਸੀਅਤਾਂ ਤੇ ਆਧਾਰ ਤੇ ਕੀਤਾ ਜਾਵੇ| ਇਹ ਟਾਸਕ ਫੋਰਸ ਸਨਅਤਾਂ ਦੇ ਪ੍ਰਦੂਸ਼ਿਤ ਵਹਾਅ ਨੂੰ ਸੋਧਣ, ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅਧਿਐਨ ਕਰਨ ਅਤੇ ਸੁਝਾਅ ਦੇਣ ਤੋਂ ਇਲਾਵਾ ਵੱਡੀ ਪੱਧਰ ਤੇ ਲੋਕਾਂ ਨੂੰ ਇਸ ਕਾਰਜ ਨਾਲ ਜੋੜਨ ਦਾ ਰਾਹ ਵੀ ਤਲਾਸ਼ੇਗੀ|
ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਮੌਜੂਦਾ ਸਮਰਥਾ 516 ਐਮ.ਐਲ.ਡੀ. ਤੋਂ ਵਧਾ ਕੇ 675 ਐਮ.ਐਲ.ਡੀ. ਕਰਨ ਤੋਂ ਇਲਾਵਾ ਸਨਅਤਾਂ ਦੀ ਨਿਕਾਸੀ ਨੂੰ ਸੋਧਣ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਬਾਰੇ ਤਜਵੀਜ਼ ਸੌਂਪਣ ਲਈ ਆਖਿਆ| ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਬਾਰੇ ਅਤੇ ਉਦਯੋਗਿਕ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਬੁੱਢੇ ਨਾਲੇ ਵਿੱਚੋਂ ਜ਼ਹਿਰੀਲੇ ਤੱਤਾਂ ਦੇ ਖ਼ਾਤਮੇ ਦੇ ਚੱਲ ਰਹੇ ਕੰਮ ਨੂੰ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ| ਕੈਪਟਨ ਅਮਰਿੰਦਰ ਸਿੰਘ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਬੁੱਢੇ ਨਾਲੇ ਦੀ 14 ਕਿਲੋਮੀਟਰ ਦੀ ਲੰਬਾਈ ਜੋ ਸ਼ਹਿਰ ਵਿੱਚੋਂ ਦੀ ਗੁਜ਼ਰਦਾ ਹੈ, ਦੀ ਚੈਨਲਿੰਗ ਅਤੇ ਸੁੰਦਰੀਕਰਨ ਸਬੰਧੀ ਵਿਸਥਾਰਤ ਯੋਜਨਾ ਉਲੀਕੀ ਜਾਵੇ|
ਸਮੱਸਿਆ ਦਾ ਪੱਕਾ ਹੱਲ ਲੱਭਣ ਦੀ ਲੋੜ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਜ ਨਾਲ ਸਨਅਤਾਂ ਦੇ ਨੁਮਾਇੰਦਿਆਂ ਅਤੇ ਲੋਕਾਂ ਨੂੰ ਸਰਗਰਮੀ ਨਾਲ ਜੋੜਿਆ ਜਾਵੇ ਤਾਂ ਕਿ ਸਾਰਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਯਤਨਾਂ ਨੂੰ ਨਤੀਜੇ ਤੇ ਲਿਜਾਇਆ ਜਾ ਸਕੇ| ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਿਹਤ ਪ੍ਰਤੀ ਸਰਕਾਰ ਸਭ ਤੋਂ ਵੱਧ ਫਿਕਰਮੰਦ ਹੈ ਅਤੇ ਬੁੱਢੇ ਨਾਲੇ ਵਿੱਚ ਪੈਂਦੇ ਗੰਦੇ ਪਾਣੀ ਨਾਲ ਖੇਤਰ ਵਿੱਚ ਪਾਣੀ ਦੀ ਗੁਣਵੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ|
ਇਸ ਮੌਕੇ ਬਾਬਾ ਉਦੈ ਸਿੰਘ ਨੇ ਇਸ ਨੇਕ ਕਾਰਜ ਪ੍ਰਤੀ ਸਰਕਾਰ ਦੇ ਉਪਰਾਲਿਆਂ ਵਿੱਚ ਪੂਰਨ ਸਹਿਯੋਗ ਅਤੇ ਮਦਦ ਦਾ ਪ੍ਰਣ ਲਿਆ| ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਵਿਆਪਕ ਕਾਰਜ ਨੂੰ ਤੈਅ ਸਮੇਂ ਵਿੱਚ ਮੁਕੰਮਲ ਕਰਨ ਲਈ ਹਰੇਕ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ| ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਵੇਲੇ 700 ਐਮ.ਐਲ.ਡੀ. ਪਾਣੀ ਬੁੱਢੇ ਨਾਲੇ ਵਿੱਚ ਵਹਿ ਰਿਹਾ ਹੈ ਜਿਸ ਵਿੱਚੋਂ 80 ਫੀਸਦੀ ਪਾਣੀ ਮਿਊਂਸਪਲ ਸੀਵਰੇਜ ਦਾ ਹੈ ਜਦਕਿ 15 ਫੀਸਦੀ ਉਦਯੋਗਾਂ ਦਾ ਹੈ|
ਇਸ ਮੌਕੇ ਵਾਤਾਵਰਨ ਮੰਤਰੀ ਓ.ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਨਵਤੇਜ ਸਿੰਘ ਚੀਮਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਹਾਜ਼ਰ ਸਨ|

Leave a Reply

Your email address will not be published. Required fields are marked *