ਕੈਪਟਨ ਅਮਰਿੰਦਰ ਸਿੰਘ ਹੋਣਗੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ : ਰਾਹੁਲ ਗਾਂਧੀ

ਮਜੀਠਾ, 27 ਜਨਵਰੀ (ਸ.ਬ.) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣ ਦਾ ਐਲਾਨ ਕੀਤਾ|
ਰੈਲੀ ਦੌਰਾਨ ਰਾਹੁਲ ਗਾਂਧੀ ਨੇ ਗਰਜਦੇ ਹੋਏ ਅਕਾਲੀ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਹੈ| ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਚਿੱਟੇ ਖਿਲਾਫ ਅਜਿਹੇ ਕਾਨੂੰਨ ਬਣਾਏ ਜਾਣਗੇ ਕਿ ਨਸ਼ਿਆਂ ਬਾਰੇ ਸੋਚ ਕੇ ਵੀ ਸਮੱਗਲਰ ਕੰਬ ਜਾਣਗੇ| ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਖੋਖਲੇ ਵਾਅਦੇ ਨਹੀਂ ਕਰਦੇ, ਸਗੋਂ ਵਾਅਦਿਆਂ ਨੂੰ ਪੂਰਾ ਕਰਕੇ ਦਿਖਾਉਂਦੇ ਹਾਂ|
ਉਹਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਵਿੱਚ ਹਨੇਰਾ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਇੰਡਸਟਰੀ ਨੂੰ ਬਰਬਾਦ ਕਰ ਖੁਦ ਦੀਆਂ ਬਸਾਂ ਚਲਾ ਲਈਆਂ| ਲੋਕਾਂ ਨੂੰ ਮਜ਼ਬੂਰਨ ਇਸ ਦੀਆਂ ਬੱਸਾਂ ਵਿੱਚ ਸਵਾਰ ਹੋਣਾ ਪੈਂਦਾ ਹੈ| ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਭ ਕੁਝ ਤੇਰਾ ਪਰ ਅਕਾਲੀ ਕਹਿੰਦੇ ਹਨ ਸਭ ਕੁਝ ਮੇਰਾ| ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਕਾਲੀ ਗੁਰੂਆਂ ਦੇ ਸਿਧਾਤਾਂ  ਨੂੰ ਵੀ ਭੁੱਲ ਚੁੱਕੇ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਚ ਦੀ ਦੁਹਾਈ ਦੇਣ ਤੇ ਵਾਰ ਕਰਦੇ ਰਾਹੁਲ  ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਭਾਜਪਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰੇਗੀ ਪਰ ਉਹ ਦੱਸਣਗੇ ਕਿ ਹਿੰਦੂ ਧਰਮ ਵਿੱਚ ਸਭ ਤੋਂ ਉਪਰ ਸੱਚ ਹੁੰਦਾ ਹੈ ਤੇ ਅਕਾਲੀਆਂ ਦੇ ਨਾਲ ਸਰਕਾਰ ਬਣਾ ਕੇ ਕਿਸ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਗੱਲ ਕਰਦੇ ਹਨ|
ਉਨ੍ਹਾਂ ਨੇ ਕੇਜਰੀਵਾਲ ਸਰਕਾਰ ਤੇ ਵੀ ਵਾਰ ਕੀਤੇ ਤੇ ਕਿਹਾ ਕਿ                       ਕੇਜਰੀਵਾਲ ਜਿਥੇ ਜਾਂਦੇ ਹਨ ਉਥੇ ਦੇ ਪੱਖ ਦੀ ਗੱਲ ਕਰਦੇ ਹਨ| ਦਿੱਲੀ ਜਾ ਕੇ ਕਹਿੰਦੇ ਹਨ ਪਾਣੀ ਦਿੱਲੀ ਦਾ ਹੈ| ਹਰਿਆਣਾ ਵਿੱਚ ਕਹਿੰਦੇ ਹਨ ਕਿ ਤੁਹਾਡਾ ਹੱਕ ਜ਼ਰੂਰ ਮਿਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹਨ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦਾ ਹੈ|
ਜਿਕਰਯੋਗ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਦੇ ਚੱਲਦੇ ਤਿੰਨ ਦਿਨਾਂ ਪੰਜਾਬ ਦੌਰੇ ਤੇ ਆਏ ਹਨ|

Leave a Reply

Your email address will not be published. Required fields are marked *