ਕੈਪਟਨ ਨੇ ਨਵੇਂ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਈ

ਕੈਪਟਨ ਨੇ ਨਵੇਂ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਈ
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੇ ਵੀ ਚੁੱਕੀ ਸੰਹੁ
ਪਟਿਆਲਾ, 11 ਜਨਵਰੀ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਖੇ ਇਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਪੰਚਾ, ਸਰਪੰਚਾਂ, ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਸਹੁੰ ਚੁਕਾਈ| ਇਸ ਸਮਾਗਮ ਵਿੱਚ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਰਪੰਚਾਂ ਤੇ ਪੰਚਾਂ ਨੂੰ ਸਹੁੰ ਚੁਕਾਈ ਗਈ| ਇਸ ਮੌਕੇ ਸੰਹੁ ਚੁੱਕਣ ਵਾਲੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣੇ ਪਿੰਡਾ ਨੂੰ ਨਸ਼ਾ ਮੁਕਤ ਕਰਨ ਲਈ ਅੱਗੇ ਹੋ ਕੇ ਕੰਮ ਕਰਨ|
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਜਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ, ਪੰਚਾਇਤਾਂ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਨਵੇਂ ਚੁਣੇ ਹੋਏ ਨੁਮਾਇੰਦਿਆਂ ਵਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਜਾਣੀ ਹੈ ਅਤੇ ਸਾਰਿਆਂ ਨੂੰ ਰਲ ਕੇ ਨਸ਼ਿਆਂ ਦੇ ਖਾਤਮੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰਖਿਅਤ ਭਵਿੱਖ ਲਈ ਕੰਮ ਕਰਨ ਦੀ ਲੋੜ ਹੈ|
ਉਹਨਾਂ ਕਿਹਾ ਕਿ ਨਵੇਂ ਚੁਣੇ ਨੁਮਾਇੰਦਿਆਂ ਨੂੰ ਉਹ ਸਭ ਤੋਂ ਪਹਿਲਾਂ ਇਹ ਜਿੰਮੇਵਾਰੀ ਦੇਣਾ ਚਾਹੁੰਦੇ ਹਨ ਕਿ ਨਸ਼ਿਆਂ ਦਾ ਸ਼ਿਕਾਰ ਹੋਈ ਸਾਡੀ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਅੱਗੇ ਆਉਣ| ਉਹਨਾਂ ਕਿਹਾ ਕਿ ਉਹਨਾਂ ਨੇ ਸੰਹੁ ਖਾਧੀ ਹੈ ਕਿ ਉਹ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਖਤਮ ਕਰਕੇ ਰਹਿਣਗੇ ਅਤੇ ਸਰਕਾਰ ਨੂੰ ਇਸ ਕੰਮ ਵਿੱਚ ਕਾਫੀ ਕਾਮਯਾਬੀ ਮਿਲੀ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਪੰਚਾਇਤ ਚੋਣਾਂ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਹੀ ਨੀਤੀਜਾ ਹੈ ਕਿ ਸੂਬੇ ਵਿੱਚ ਸ਼ਾਂਤਮਈ ਢੰਗ ਨਾਲ ਚੋਣਾਂ ਹੋਈਆਂ ਹਨ| ਉਹਨਾਂ ਕਿਹਾ ਕਿ ਵਿਰੋਧੀਆਂ ਵਲੋਂ ਇਹਨਾਂ ਚੋਣਾਂ ਵਿੱਚ ਲਾਏ ਗਏ ਧੱਕੇਸ਼ਾਹੀ ਦੇ ਦੋਸ਼ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਪੰਚਾਇਤ ਚੋਣਾਂ ਪਿੰਡਾਂ ਦੇ ਵਸਨੀਕਾਂ ਨੂੰ ਅਸਲ ਤਾਕਤ ਦਿੰਦਿਆਂ ਹਨ| ਇਸ ਮੌਕੇ ਉਹਨਾਂ ਦੇਸ਼ ਦੇ ਮਰਹੂਮ ਪ੍ਰਧਾਨਮੰਤਰੀ ਸ੍ਰੀ ਰਾਜੀਵ ਗਾਂਧੀ ਨੂੰ ਵੀ ਯਾਦ ਕੀਤਾ ਜਿਹਨਾਂ ਨੇ ਸੰਵਿਧਾਨ ਦੀ 73ਵੀਂ ਸੋਧ ਕਰਕੇ ਪੰਚਾਇਤੀ ਰਾਜ ਐਕਟ ਲਿਆਂਦਾ ਸੀ|

Leave a Reply

Your email address will not be published. Required fields are marked *