ਕੈਪਟਨ ਸਰਕਾਰ ਦਾ ਪਹਿਲਾ ਮਹੀਨਾ, ਵਿਵਾਦਾਂ ਦੇ ਘੇਰੇ ਵਿੱਚ ਰਹੀ ਸਰਕਾਰ

ਭੁਪਿੰਦਰ ਸਿੰਘ
ਐਸ ਏ ਐਸ ਨਗਰ 17 ਅਪ੍ਰੈਲ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੱਤਾ ਸੰਭਾਲਣ ਵਲੀ ਕਾਂਗਰਸ ਸਰਕਾਰ ਨੂੰ ਸੱਤਾ ਤੇ ਕਾਬਿਜ ਹੋਏ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ ਪਰੰਤੂ ਇਹ ਸਰਕਾਰ ਹੁਣ ਤਕ ਆਪਣੇ ਚੋਣ ਵਾਇਦੇ ਪੂਰੇ ਕਰਨ ਵਿੱਚ ਕਾਮਯਾਬ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ| ਪੰਜਾਬ ਵਿੱਚ ਇੱਕ ਮਹੀਨੇ ਵਿੱਚ ਨਸ਼ਿਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਵਲੋਂ ਭਾਵੇਂ ਇਸ ਸੰਬੰਧੀ ਵੱਡੀ ਗਿਣਤੀ ਲੋਕਾਂ ਨੂੰ ਕਾਬੂ ਕੀਤਾ ਜਾ ਚੁਕਿਆ ਹੈ ਪਰੰਤੂ ਪੁਲੀਸ ਵਲੋਂ ਕਾਬੂ ਕੀਤੇ ਗਏ ਜਿਆਦਾਤਰ ਵਿਅਕਤੀ ਅਜਿਹੇ ਹਨ ਜਿਹੜੇ ਖੁਦ ਨਸ਼ੇੜੀ ਹਨ ਅਤੇ ਪੁਲੀਸ ਵਲੋਂ ਇਹਨਾਂ ਨੂੰ ਹੀ ਨਸ਼ੇ ਦੇ ਸੌਦਾਗਰ ਸਾਬਿਤ ਕਰਕੇ ਵਾਹਵਾਹੀ ਹਾਸਿਲ ਕਰ ਲਈ ਗਈ ਹੈ ਜਦੋਂਕਿ ਪੰਜਾਬ ਵਿੱਚ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਮੱਛੀਆਂ ਨੂੰ ਫੜਣ ਵਿੱਚ ਪੁਲੀਸ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਹੈ|
ਇਸ ਦੌਰਾਨ ਸੱਤਾਧਾਰੀਆਂ ਦਾ ਵਿਵਹਾਰ ਸਰਕਾਰ ਲਈ ਜਰੂਰ ਵਿਵਾਦ ਪੈਦਾ ਕਰਨ ਵਾਲਾ ਰਿਹਾ ਹੈ| ਪੰਜਾਬ ਵਿੱਚ ਮੰਤਰੀ ਮੰਡਲ ਦਾ ਗਠਨ ਕੀਤੇ ਜਾਣ ਵਾਲੇ ਦਿਨ ਹੀ ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਦੇ ਮੰਤਰੀ ਗੱਡੀਆਂ ਤੇ ਲਾਲ ਬੱਤੀ ਨਹੀਂ ਲਗਾਉਣਗੇ ਪਰੰਤੂ ਇਸ ਫੈਸਲੇ ਤੇ ਵੀ ਪਹਿਲਾਂ ਪਹਿਲ ਸੱਤਾਧਾਰੀਆਂ ਦੇ ਵਿਰੋਧੀ ਸੁਰ ਸੁਣੇ ਜਾਂਦੇ ਰਹੇ ਹਨ| ਇਸੇ ਤਰ੍ਹਾਂ ਸੂਬੇ ਦੇ ਇੱਕ ਕੈਬਿਨਟ ਮੰਤਰੀ ਵਲੋਂ ਇੱਕ ਸਕੂਲ ਦੀ ਇਮਾਰਤ ਦੇ ਉਦਘਾਟਨ ਦੇ ਦੌਰਾਨ ਨੀਂਹ ਪੱਥਰ ਤੇ ਆਪਣਾ ਨਾਮ ਹੇਠਾਂ ਲਿਖੇ ਜਾਣ ਕਾਰਨ ਸਕੂਲ ਦੀ ਪ੍ਰਿਸੀਪਲ ਨੂੰ ਝਿੜਕਾਂ ਮਾਰਨ ਅਤੇ ਪਾਰਟੀ ਦੇ ਇੱਕ ਹੋਰ ਵਿਧਾਇਕ ਵਲੋਂ ਪੁਲੀਸ ਅਧਿਕਾਰੀਆਂ ਨੂੰ ‘ਪੁੱਠਾ ਟੰਗ ਦਿਆਂਗਾ’ ਦੀ ਚਿਤਾਵਨੀ ਦੇਣ ਦੀਆਂ ਕਾਰਵਾਈਆਂ ਨੇ ਸਰਕਾਰ ਲਈ  ਨਵੇਂ ਵਿਵਾਦ ਖੜ੍ਹੇ ਕੀਤੇ ਹਨ| ਇਹਨਾਂ ਮਸਲਿਆਂ ਸੰਬੰਧੀ ਭਾਵੇਂ ਮੁੱਖ ਮੰਤਰੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਨੀਂਹ ਪੱਥਰਾਂ ਤੇ ਕਿਸੇ ਵੀ ਸਿਆਸੀ ਆਗੂ ਦਾ ਨਾਮ ਲਿਖਣ ਤੇ ਲਾਈ ਰੋਕ ਅਤੇ ਪੁਲੀਸ ਨੂੰ ਕਿਸੇ ਵੀ ਸਿਆਸੀ ਦਬਾਅ ਵਿੱਚ ਨਾ ਆਉਣ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਸੰਬੰਧੀ ਦਿੱਤੇ ਗਏ ਹੁਕਮਾਂ ਨਾਲ ਇਹਨਾਂ ਵਿਵਾਦਾਂ ਨੂੰ ਹਲ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਗਈ ਹੈ|
ਇਸ ਦੌਰਾਨ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਹਧਾਨ ਅਤੇ ਵਿਧਾਇਕ ਸ੍ਰ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜਦੀਕੀ ਦੱਸੇ ਆਗੂ ਟ੍ਰਕ ਯੂਨੀਅਨ ਦ ਪ੍ਰਧਾਨ ਵਲੋਂ ਪੰਜਾਬੀ ਦੇ ਇੱਕ ਅਖਬਾਰ ਦੇ ਇੱਕ ਪੱਤਰਕਾਰ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਭਾਵੇਂ (ਮੁੱਖ ਮੰਤਰੀ ਦੀਆਂ ਹਿਦਾਇਤਾਂ ਤੇ) ਪੁਲੀਸ ਵਲੋਂ ਇਸ ਮਾਮਲੇ ਵਲੋਂ ਸ਼ਾਮਿਲ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਪਰੰਤੂ ਇਸ ਮਾਮਲੇ ਨੇ ਇੱਕ ਵਾਰ ਫਿਰ ਸੱਤਾਧਾਰੀਆਂ ਦੀ ਖੁਦ ਨੂੰ ਕਿਸ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਨੂੰ ਜਾਹਿਰ ਕਰ ਦਿੱਤਾ ਹੈ|
ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਦਾ ਪਹਿਲਾ ਮਹੀਨਾ ਪ੍ਰਾਪਤੀਆਂ ਲਈ ਘੱਟ ਅਤੇ ਸੱਤਾਧਾਰੀਆਂ ਦੇ ਵਿਵਾਦਾਂ ਕਰਕੇ ਜਿਆਦਾ ਚਰਚਾ ਵਿੱਚ ਰਿਹਾ ਹੈ| ਵੇਖਣਾ ਇਹ ਹੈ ਕਿ ਕੈਪਟਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਪ੍ਰਾਪਤੀਆਂ ਹਾਸਿਲ ਕਰਕੇ ਵਿਖਾਉਂਦੀ ਹੈ ਜਾਂ ਫਿਰ ਸੱਤਾਧਾਰੀਆਂ ਦੇ ਵਿਵਾਦ ਉਸਨੂੰ ਇਸੇ ਤਰ੍ਹਾਂ ਘੇਰ ਕੇ ਰੱਖਦੇ ਹਨ|

Leave a Reply

Your email address will not be published. Required fields are marked *