ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਨਿਰਾ ਢੌਂਗ : ਚੰਦੂਮਾਜਰਾ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਦਾ ਕਰਜ਼ਾ ਮੁਆਫੀ ਦਾ ਐਲਾਨ ਨਿਰਾ ਢੌਂਗ ਹੈ, ਕਰਜ਼ਾ ਮਾਫੀ ਸਬੰਧੀ ਕੈਪਟਨ ਸਰਕਾਰ ਗੰਭੀਰ ਨਹੀਂ ਹੈ| ਪ੍ਰੋ ਚੰਦੂਮਾਜਰਾ ਫੇਜ਼ 2 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ|
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਸਬੰਧੀ ਸਥਿਤੀ ਸਪਸ਼ਟ ਨਹੀਂ ਹੈ| ਕੈਪਟਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੈ| ਕਰਜ਼ਾ ਮੁਆਫੀ ਸਬੰਧੀ ਕਮਿਸ਼ਨ ਦੇ ਅੰਕੜੇ ਹੋਰ ਕੁਝ ਕਹਿੰਦੇ ਹਨ ਅਤੇ ਕੈਪਟਨ ਸਰਕਾਰ ਦੇ ਅੰਕੜੇ ਕੁਝ ਹੋਰ ਕਹਿੰਦੇ ਹਨ ਅਤੇ ਦੋਵਾਂ ਵਿਚ ਕੋਈ ਤਾਲਮੇਲ ਨਹੀਂ ਹੈ| ਇਸ ਤਰ੍ਹਾਂ ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਸਬੰਧੀ ਸੁਹਿਰਦ ਹੀ ਨਹੀਂ ਹੈ|
ਉਹਨਾਂ ਕਿਹਾ ਕਿ ਬਠਿੰਡਾ ਅਤੇ ਰੋਪੜ ਥਰਮਲ ਪਲਾਂਟ ਬੰਦ ਕਰਕੇ ਕੈਪਟਨ ਸਰਕਾਰ ਨਿੱਜੀ ਖੇਤਰ ਨੂੰ ਖੁਲ ਖੇਡਣ ਦਾ ਮੌਕਾ ਦੇ ਰਹੀ ਹੈ| ਕੈਪਟਨ ਸਰਕਾਰ ਪ੍ਰਾਈੇਵੇਟ ਖੇਤਰ ਦੀ ਪੁਸਤਪਨਾਹੀ ਕਰ ਰਹੀ ਹੈ| ਅਕਾਲੀ ਦਲ ਪਬਲਿਕ ਖੇਤਰ ਨੂੰ ਕਿਸੇ ਵੀ ਕੀਮਤ ਉਪਰ ਖਤਮ ਨਹੀਂ ਹੋਣ ਦੇਵੇਗਾ|
ਉਹਨਾਂ ਕਿਹਾ ਕਿ ਥਰਮਲ ਪਲਾਂਟ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਬਣੀਆਂ ਅਕਾਲੀ ਭਾਜਪਾ ਸਰਕਾਰਾਂ ਦੀ ਬਹੁਤ ਵੱਡੀ ਤੇ ਇਤਿਹਾਸਿਕ ਦੇਣ ਹੈ ਇਹਨਾਂ ਥਰਮਲ ਪਲਾਂਟਾ ਕਾਰਨ ਹੀ ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਵਧੀ ਹੈ| ਹੁਣ ਕੈਪਟਨ ਸਰਕਾਰ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ| ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਵਿਰੁੱਧ ਸੜਕਾਂ ਉਪਰ ਵੀ ਸੰਘਰਸ਼ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ| ਕੈਪਟਨ ਸਰਕਾਰ ਦੀ ਕੋਈ ਕਾਰਗੁਜਾਰੀ ਨਹੀਂ| 10 ਮਹੀਨਿਆਂ ਦੌਰਾਨ ਕੈਪਟਨ ਸਰਕਾਰ ਕਿਸੇ ਨੂੰ ਕੋਈ ਰੁਜਗਾਰ ਨਹੀਂ ਦੇ ਸਕੀ| ਉਹਨਾਂ ਕਿਹਾ ਕਿ ਰੁਜਗਾਰ ਦੇਣ ਦਾ ਲਾਰਾ ਲਾ ਕੇ ਹੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ ਪਰ ਰੁਜਗਾਰ ਦੇਣ ਦੀ ਥਾਂ ਇਸ ਸਰਕਾਰ ਨੇ ਪਹਿਲਾਂ ਤਂੋ ਹੀ ਭਰਤੀ ਕੀਤੇ ਹੋਏ ਮੁਲਾਜਮਾਂ ਨੂੰ ਨੌਕਰੀਆਂ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕੀਤੇ ਹੋਏ ਠੇਕਾ ਆਧਾਰਿਤ, ਡੇਲੀ ਵੇਸਿਜ ਅਤੇ ਹੋਰ ਕੱਚੇ ਮੁਲਾਜਮਾਂ ਨੂੰ ਕੈਪਟਨ ਸਰਕਾਰ ਨੇ ਨੌਕਰੀਆਂ ਤੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ| ਇਕਲੇ ਪੂਡਾ ਵਿੱਚ ਹੀ 350 ਮੁਲਾਜਮ ਨੌਕਰੀ ਤੋਂ ਕੱਢਣ ਦੇ ਹੁਕਮ ਹੋ ਚੁੱਕੇ ਹਨ| ਇਸ ਤਰ੍ਹਾਂ ਕੈਪਟਨ ਸਰਕਾਰ ਲੋਕਾਂ ਨੂੰ ਰੁਜਗਾਰ ਦੇਣ ਦੀ ਥਾਂ ਰੁਜਗਾਰ ਖੋਹਣ ਲੱਗ ਪਈ ਹੈ|
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ, ਕੰਵਲਜੀਤ ਸਿੰਘ ਰੂਬੀ, ਐਡਵੋਕੇਟ ਹਰਸਿਮਰਨ ਸਿੰਘ ਚੰਦੂਮਾਜਰਾ, ਓ ਐਸ ਡੀ ਹਰਦੇਵ ਸਿੰਘ ਹਰਪਾਲਪੁਰ, ਅਵਤਾਰ ਸਿੰਘ ਵਾਲੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *