ਕੈਪਟਨ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਦਲਿਤ ਵਰਗ ਭੋਗ ਰਿਹਾ ਹੈ ਦੁੱਖ : ਆਮ ਆਦਮੀ ਪਾਰਟੀ ‘ਆਪ’ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੰਬਰ-1 ਵਾਅਦਾ-ਖਿਲਾਫੀ ਅਤੇ ਦਲਿਤ ਵਿਰੋਧੀ ਦਾ ਦਿੱਤਾ ਖਿਤਾਬ

ਚੰਡੀਗੜ੍ਹ, 7 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੰਬਰ -1 ਵਾਅਦਾ-ਖਿਲਾਫੀ ਅਤੇ ਦਲਿਤ ਵਿਰੋਧੀ ਦਾ ਖਿਤਾਬ ਦਿੰਦਿਆ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਵਲੋਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪਾ ਕੇ ਵੋਟ ਬੈਂਕ ਦੀ ਗੰਦੀ ਰਾਜਨੀਤੀ ਕਰਦੇ ਹੋਏ ਇੱਕ ਨਵੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਲਿਤਾਂ ਦੇ ਹੱਕਾਂ ਦੇ ਰਾਖੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਪਰੰਤੂ ਸ਼ਾਇਦ ਉਹ ਭੁੱਲ ਗਏ ਹਨ ਕਿ ਉਨ੍ਹਾਂ ਨੇ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਂਦੇ ਹੋਏ ਕਲੀਨ ਚਿੱਟ ਦੇ ਦਿੱਤੀ ਸੀ, ਜਿਸ ਕਾਰਨ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਆ ਗਿਆ ਹੈ|
ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦਲਿਤ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਬਿਆਨ ਦੇ ਰਹੇ ਹਨ ਕਿ ਕੇਂਦਰ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰ ਦਿੱਤਾ ਹੈ, ਜਦਕਿ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਪੰਜਾਬ ਸਰਕਾਰ ਨੂੰ ਦਿੱਤਾ ਸੀ, ਪਰੰਤੂ ਘੋਟਾਲੇਬਾਜ ਕਾਂਗਰਸ ਦੀ ਪੰਜਾਬ ਸਰਕਾਰ ਨੇ ਉਸ ਪੈਸੇ ਨੂੰ ਆਪਣੇ ਨਿੱਜੀ ਕਾਰਜਾਂ ਲਈ ਇਸਤੇਮਾਲ ਕਰ ਲਿਆ| 
ਆਗੂਆਂ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਦਲਿਤ ਵਿਦਿਆਰਥੀ ਦੁੱਖ ਭੋਗ ਰਹੇ ਹਨ| ਕਾਂਗਰਸ ਦੇ ਰਾਜ ਕਾਲ ਦੌਰਾਨ ਦਲਿਤ ਵਿਦਿਆਰਥੀਆਂ ਦੇ ਕਾਲਜਾਂ ਵਿਚ ਦਾਖਲਿਆਂ ਦੀ ਗਿਣਤੀ ਘੱਟ ਕੇ 1.50 ਲੱਖ ਰਹਿ ਗਈ ਹੈ| ਪਹਿਲਾਂ ਸੂਬੇ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ 3.3 ਲੱਖ ਦਲਿਤ ਵਿਦਿਆਰਥੀ ਪੜ੍ਹਦੇ ਸਨ, ਜਿਨ੍ਹਾਂ ਦੀ ਗਿਣਤੀ ਘੱਟ ਕੇ ਹੁਣ 1.80 ਲੱਖ ਰਹਿ ਗਈ ਹੈ, ਜੋ ਕਿ ਪੰਜਾਬ ਲਈ ਬਹੁਤ ਹੀ ਮੰਦਭਾਗੀ ਗੱਲ ਹੈ| ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਦਲਿਤ ਵਰਗ ਦੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ           ਦੇਣ, ਦਲਿਤ ਵਰਗ ਦੀਆਂ ਧੀਆਂ ਨੂੰ 51,000 ਰੁਪਏ ਸ਼ਗਨ ਸਕੀਮ ਦੇਣ ਅਤੇ ਦਲਿਤ ਵਰਗ ਨੂੰ ਪੰਜ ਮਰਲੇ ਪਲਾਟ ਦੇਣ ਦੇ ਵਹਾਇਦੇ ਕੀਤੇ ਸਨ ਜੋ ਅਜੇ ਤੱਕ ਪੂਰੇ ਨਹੀਂ ਹੋਏ| ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਨ੍ਹਾਂ ਵਾਅਦਿਆਂ ਸਮੇਤ ਹੋਰ ਵੀ ਅਣਗਿਣਤ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ, ਪਰ ਵਾਅਦਿਆਂ ਨੂੰ ਪੂਰਾ ਨਾ ਕਰਕੇ ਉਨ੍ਹਾਂ ਨੇ ਵਾਅਦਾ-ਖਿਲਾਫੀ ਦੇ ਮਾਮਲੇ ਵਿਚ ਨੰਬਰ-1 ਦਾ ਖਿਤਾਬ ਜ਼ਰੂਰ ਹਾਸਿਲ ਕਰ ਲਿਆ ਹੈ|
ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ 2022 ਨਜ਼ਦੀਕ ਆਉਂਦੇ ਵੇਖ 2017 ਦੀ ਤਰ੍ਹਾਂ ਵੋਟ ਬੈਂਕ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਡੇਢ ਸਾਲਾਂ ਵਿਚ 1 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ| ਉਹਨਾਂ ਸਵਾਲ ਕੀਤਾ ਕਿ 1 ਲੱਖ ਨੌਕਰੀਆਂ ਦੇਣ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰੰਤੂ ਇਹ ਨੌਕਰੀਆਂ ਕਿਹੜੇ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ ਕਿਉਂਕਿ  ਸਰਕਾਰ ਵਲੋਂ ਤਾਂ ਪਹਿਲਾਂ ਹੀ ਜਲ ਸਰੋਤ ਵਿਭਾਗ, ਪੀ ਐਸ ਪੀ ਸੀ ਐਲ ਅਤੇ ਖੇਤੀਬਾੜੀ ਵਿਭਾਗ ਸਮੇਤ ਅਨੇਕਾਂ ਵਿਭਾਗਾਂ ਵਿਚ ਨੌਕਰੀਆਂ ਦੇਣੀਆਂ ਬੰਦ ਕਰ ਦਿੱਤੀਆਂ ਹਨ|

Leave a Reply

Your email address will not be published. Required fields are marked *