ਕੈਪਟਨ ਸਰਕਾਰ ਨੇ ਨਵਾਂ ਜਮੀਨ ਮਾਫੀਆ ਪੈਦਾ ਕੀਤਾ : ਖਹਿਰਾ

ਕੈਪਟਨ ਸਰਕਾਰ ਨੇ ਨਵਾਂ ਜਮੀਨ ਮਾਫੀਆ ਪੈਦਾ ਕੀਤਾ : ਖਹਿਰਾ
ਡੀ ਸੀ ਨੂੰ ਮੰਗ ਪੱਤਰ ਦੇ ਕੇ ਰਾਣਾ ਗੁਰਜੀਤ ਸਿੰਘ ਉਪਰ ਲਗਾਏ ਕਿਸਾਨਾਂ ਦੀ ਜਮੀਨ ਦੱਬਣ ਦੇ ਦੋਸ਼

ਐਸ ਏ ਐਸ ਨਗਰ,19 ਜੂਨ (ਸ. ਬ.)  ਕੈਪਟਨ ਸਰਕਾਰ ਨੇ ਪੰਜਾਬ ਵਿਚ ਹੁਣ ਨਵਾਂ ਜਮੀਨ ਮਾਫੀਆ ਪੈਦਾ ਕਰ  ਦਿਤਾ ਹੈ,ਜਿਸ ਦੀ ਅਗਵਾਈ ਰਾਣਾ ਗੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ, ਇਸ ਮਾਫੀਏ ਵਲੋਂ ਕਿਸਾਨਾਂ ਦੀਆਂ ਜਮੀਨਾਂ ਉਪਰ ਗੈਰਕਾਨੂੰਨੀ ਤਰੀਕੇ ਨਾਲ ਕਬਜੇ ਕੀਤੇ ਜਾ ਰਹੇ ਹਨ- ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੁਧਿਆਣਾ ਦੇ ਵਿਧਾਇਕ ਭਰਾਵਾਂ ਸ੍ਰ. ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ  ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ| ਇਹ ਸਾਰੇ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਖਰੜ ਤਹਿਸੀਲ ਦੇ ਪਿੰਡ ਸੂੰਕ ਦੇ ਵੱਡੀ ਗਿਣਤੀ ਵਸਨੀਕਾਂ ਨਾਲ ਕਿਸਾਨਾਂ ਦੀਆਂ ਜਮੀਨਾਂ ਨੂੰ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਵਲੋਂ ਆਪਣੇ ਨਾਮ ਰਜਿਸਟਰੀ ਕਰਵਾਉਣ ਵਿਰੁੱਧ ਮੰਗ ਪੱਤਰ ਦੇਣ ਆਏ ਸਨ|  ਇਸ ਮੌਕੇ ਸ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਨਾਮ ਪਹਿਲਾਂ ਰੇਤ ਖੱਡਾਂ ਦੇ ਘਪਲੇ ਵਿਚ ਵੀ ਆ ਚੁਕਿਆ ਹੈ, ਹੁਣ ਉਹਨਾਂ ਦੇ ਪਰਿਵਾਰ ਵਲੋਂ ਪਿੰਡ ਸੂੰਕ ਦੇ ਕਿਸਾਨਾਂ ਦੀ 458 ਕਨਾਲ 2ਮਰਲੇ ਜਮੀਨ ਆਪਣੇ ਨਾਮ ਰਜਿਸਟਰੀ ਕਰਵਾ ਲਈ ਗਈ ਹੈ| ਉਹਨਾਂ ਕਿਹਾ ਕਿ ਉਹ ਅਤੇ ਵਿਧਾਇਕ ਬੈਂਸ ਇਹ ਮਾਮਲੇ ਵਿਧਾਨ ਸਭਾ ਵਿਚ ਉਠਾ ਰਹੇ ਸਨ , ਇਸੇ ਕਾਰਨ ਹੀ ਉਹਨਾਂ ਨੂੰ ਵਿਧਾਨ ਸਭਾ ਦੇ ਬਜਟ ਸੈਸਨ ਤੋਂ ਮੁਅਤਲ ਕੀਤਾ ਗਿਆ ਹੈ|  ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਵਿਧਾਨ ਸਭਾ ਦੀ ਸਿਰਫ ਉਦੋਂ ਹੀ ਵੀਡੀਓ ਬਣਾਈ ਸੀ ਜਦੋਂ ਵਿਧਾਨ ਸਭਾ ਦਾ ਸੈਸਨ ਮੁਲਤਵੀ ਕੀਤਾ ਹੋਇਆ ਸੀ ਪਰ ਜਦੋਂ ਪਿਛਲੀ ਸਰਕਾਰ ਸਮੇਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਹੀ ਰਾਤ ਬਿਤਾਈ ਸੀ ਤਾਂ ਉਸ ਸਮੇਂ ਕਾਂਗਰਸੀ ਵਿਧਾਇਕਾਂ ਨੇ ਵੀ ਵਿਧਾਨ ਸਭਾ ਵਿਖੇ ਵੀਡੀਓ ਬਣਾ ਕੇ ਲਾਈਵ ਟੈਲੀਕਾਸਟ ਕੀਤਾ ਸੀ ਪਰ ਉਸ ਸਮੇਂ ਕਾਂਗਰਸੀ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ| ਹੈਰਾਨੀ ਤਾਂ ਇਸ ਗਲ ਦੀ ਹੈ ਕਿ ਖਹਿਰੇ ਅਤੇ ਬੈਂਸ ਲਈ ਕਾਨੂੰਨ ਹੋਰ ਹਨ ਅਤੇ ਕਾਂਗਰਸੀ ਵਿਧਾਇਕਾਂ ਲਈ ਕਾਨੂੰਨ ਹੋਰ ਹਨ|
ਉਹਨਾਂ ਕਿਹਾ ਕਿ 18 ਜਨਵਰੀ 2017 ਨੂੰ ਨਾਇਬ ਤਹਿਸੀਲਦਾਰ ਵਲੋਂ ਗੈਰਕਾਨੂੰਨੀ ਢੰਗ ਨਾਲ ਇਹਨਾਂ ਦੇ ਨਾਮ 458 ਕਨਾਲ 2 ਮਰਲੇ ਜਮੀਨ ਦੀ ਗਿਰਦਾਵਰੀ ਕਰ ਦਿਤੀ ਗਈ| ਇਸ ਜਮੀਨ ਵਿਚ ਪਿੰਡ ਦੇ ਖੇਵਟਕਾਰਾਂ ਦੀ ਜਮੀਨ , ਜੋ ਉਹਨਾਂ ਦੇ ਕਬਜੇ ਵਿਚ ਹੈ, ਉਹਨਾਂ ਨੂੰ ਬਿਨਾਂ ਕੋਈ ਨੋਟਿਸ ਦਿਤਿਆਂ ਰਾਣਾ ਰਣਜੀਤ ਸਿੰਘ ਤੇ ਸ੍ਰੀਮਤੀ ਸੁਖਜਿੰਦਰ ਕੌਰ ਦੇ ਨਾਮ ਗਿਰਦਾਵਰੀ ਕਰ ਦਿਤੀ ਗਈ,ਜੋ ਕਿ ਗੈਰਕਾਨੂੰਨੀ ਹੈ|
ਉਹਨਾਂ ਦੋਸ਼ ਲਾਇਆ ਕਿ ਰਾਣਾਂ ਗੁਰਜੀਤ ਸਿੰਘ ਹੁਣ ਆਪਣੇ ਬੰਦੇ  ਭੇਜ ਕੇ ਪਿੰਡ ਦੇ ਕਿਸਾਨਾਂ ਨੂੰ ਉਹਨਾਂ ਤੋਂ ਕਬਜਾ ਧੱਕੇ ਨਾਲ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਨਾਲ ਸਾਰੇ ਇਲਾਕੇ ਵਿਚ ਅਮਨ ਕਾਨੂੰਨ ਦੀ ਸਮਸਿਆ ਪੈਦਾ ਹੋ ਸਕਦੀ ਹੈ| ਉਹਨਾਂ ਕਿਹਾ ਕਿ ਨਾਇਬ ਤਹਿਸੀਲਦਾਰ ਨੇ ਇਹ ਗਿਰਦਾਵਰੀਆਂ ਗੈਰ ਕਾਨੂੰਨੀ ਤਰੀਕੇ ਨਾਲ  ਅਤੇ ਰਾਣਾ ਗੁਰਜੀਤ ਸਿੰਘ ਦੇ ਦਬਾਅ ਅਧੀਨ ਕੀਤੀਆਂ ਹਨ ਅਤੇ ਉਹਨਾਂ ਨੇ ਮਾਲ ਮਹਿਕਮੇ ਦੇ ਰਿਕਾਰਡ ਵਿਚ ਵੀ ਛੇੜਛਾੜ ਕਰਕੇ ਫੌਜਦਾਰੀ ਧਾਰਾਵਾਂ ਅਧੀਨ ਜੁਰਮ ਕੀਤਾ ਹੈ| ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਇਸ ਜਮੀਨ ਉਪਰ ਪਿਛਲੇ 15 ਸਾਲ ਤੋਂ ਆਪਣਾ ਕਬਜਾ ਹੋਣ ਦਾ ਦਾਅਵਾ ਕੀਤਾ ਹੈ, ਜਦੋਂ ਕਿ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਕਿਸੇ ਕਰਿੰਦੇ ਦੀ ਪਿੰਡ ਵਾਸੀਆਂ ਨੇ ਕਦੇ ਸ਼ਕਲ ਵੀ ਨਹੀਂ ਸੀ ਦੇਖੀ|
ਉਹਨਾਂ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਵਲੋਂ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੇ ਹੱਕ ਵਿਚ ਕੀਤੀਆਂ ਗਿਰਦਾਵਰੀਆਂ ਰੱਦ ਕੀਤੀਆਂ ਜਾਣ, ਇਸ ਜਮੀਨ ਦੀਆਂ ਗਿਰਦਾਵਰੀਆਂ ਪਿੰਡ ਦੇ ਲੋਕਾਂ ਦੇ ਕਬਜੇ ਮੁਤਾਬਿਕ ਕੀਤੀਆਂ ਜਾਣ, ਇਸ ਤੋਂਂ ਇਲਾਵਾ ਨਾਇਬ ਤਹਿਸੀਲਦਾਰ ਮਾਜਰੀ, ਰਾਣਾਂ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| ਉਹਨਾਂ ਕਿਹਾ ਕਿ ਜੇ ਡਿਪਟੀ ਕਮਿਸ਼ਨਰ ਨੇ ਇਹਨਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹਨਾਂ ਲਈ ਹੋਰ ਕਾਨੂੰਨੀ ਰਾਹ ਵੀ ਖੁਲੇ ਹਨ ਅਤੇ ਉਹ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਲੈ ਕੇ ਜਾਣਗੇ|
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਜੋਨ ਦੇ ਕਨਵੀਨਰ ਸ੍ਰ. ਦਰਸ਼ਨ ਸਿੰਘ ਧਾਲੀਵਾਲ ਤੋਂ ਇਲਾਵਾ ਪਿੰਡ ਸਿਊਂਕ ਦੇ ਵਸਨੀਕ ਬਲਵਿੰਦਰ ਸਿੰਘ,ਹਜਾਰਾ ਸਿੰਘ, ਸ਼ੇਰ ਸਿੰਘ, ਸੌਂਧਾ ਸਿੰਘ,  ਗੁਰਮੇਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਰਵਿੰਦਰ ਸਿੰਘ, ਨਿਰਮੈਲ ਸਿੰਘ,  ਅਜਮੇਰ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ  ਵੀ ਮੌਜੂਦ ਸਨ|
ਉਹਨਾਂ ਕਿਹਾ ਕਿ ਸਿਊਂਕ ਪਿੰਡ ਦੇ ਖੇਵਟਦਾਰ ਬਹੁਤ ਸਾਲਾਂ ਤੋਂ ਉਸ ਜਮੀਨ  ਉਪਰ ਖੇਤੀਬਾੜੀ  ਕਰ ਰਹੇ ਹਨ| ਹੁਣ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਰਣਜੀਤ ਸਿੰਘ ਅਤੇ ਉਸਦੀ ਪਤਨੀ ਸ੍ਰੀਮਤੀ ਸੁਖਜਿੰਦਰ ਕੌਰ ਸਾਬਕਾ ਵਿਧਾਇਕ  ਨੇ ਉਕਤ ਜਮੀਨ ਵਿਚੋਂ 142 ਕਨਾਲ ਦੇ ਜਮੀਨ ਖਰੀਦੀ ਹੋਈ ਹੈ ਜਿਸ ਵਿਚੋਂ ਕੁਝ ਜਮੀਨ ਛੱਡ ਕੇ ਜਿਆਦਾ ਹਿਸਾ ਜਮੀਨ ਗੈਰ ਮੁਮਕਿਨ ਪਹਾੜ ਹੈ| ਰਾਣਾ ਰਣਜੀਤ ਸਿੰਘ ਅਤੇ ਸੁਖਜਿੰਦਰ ਕੌਰ ਨੇ ਨਾਇਬ ਤਹਿਸੀਲਦਾਰ ਮਾਜਰੀ ਨੂੰ 14 ਦਸੰਬਰ 2016 ਨੂੰ ਦਰੁਸਤੀ ਗਿਰਦਾਵਰੀ ਦੀ ਇਕ ਦਰਖਾਸਤ ਦਿਤੀ ਜਿਸ ਵਿਚ ਦੂਜੀ ਧਿਰ ਮਕਬੂਜਾ ਮਾਲਾਕਾਨ ਵਾਕਾ ਪਿੰਡ ਸੂੰਕ ਤਹਿਸੀਲ ਖਰੜ ਨੂੰ ਪਾਰਟੀ ਬਣਾਇਆ ਗਿਆ ਹੈ| ਇਸ ਵਿਚ ਪਿੰਡ ਦੇ ਕਿਸੇ ਵੀ ਖੇਵਟਦਾਰ ਨੂੰ ਜਾਣਬੁਝ ਕੇ ਪਾਰਟੀ ਨਹੀਂ ਬਣਾਇਆ ਗਿਆ ਹੈ|

Leave a Reply

Your email address will not be published. Required fields are marked *