ਕੈਪਟਨ ਸਰਕਾਰ ਨੇ ਪੰਜਾਬ ਦੀ ਵਿਰਾਸਤ ਤੇ ਇਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਅਹਿਮ ਕਦਮ ਪੁੱਟੇ :ਪਰਨੀਤ ਕੌਰ


ਪਟਿਆਲਾ, 7 ਜਨਵਰੀ (ਸ.ਬ.) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇੱਥੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਕਿਲ੍ਹਾ ਮੁਬਾਰਕ ਦੇ ਬੁਰਜ਼ ਬਾਬਾ ਆਲਾ ਸਿੰਘ ਜਿੱਥੇ ਕਰੀਬ ਢਾਈ ਸਦੀਆਂ ਤੋਂ ਆਖੰਡ ਜੋਤ ਅਤੇ ਧੂਣਾ ਬਲ ਰਿਹਾ ਹੈ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੀ ਵਿਰਾਸਤ ਅਤੇ ਇਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਅਹਿਮ ਕਦਮ ਪੁੱਟੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਇਹ ਪੁਰਾਤਨ ਕਿਲ੍ਹਾ ਮਹਾਰਾਜਾ ਬਾਬਾ ਆਲਾ ਸਿੰਘ ਜੀ ਦੀ ਯਾਦਗਾਰ ਹੋਣ ਦੇ ਨਾਲ-ਨਾਲ ਪੁਰਾਤਨ ਇਮਾਰਤ ਕਲਾ ਦਾ ਵੀ ਇੱਕ ਅਹਿਮ ਨਮੂਨਾ ਹੈ, ਜਿਸ ਦੀ ਸਾਂਭ ਸੰਭਾਲ ਲਈ ਵਿਸੇਸ਼ ਤੌਰ ਤੇ ਉੱਦਮ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਵਿਸ਼ੇਸ਼ ਫੰਡ ਰਾਖਵੇਂ ਰੱਖੇ ਗਏ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *