ਕੈਪਟਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ : ਐਨ ਕੇ ਸ਼ਰਮਾ

ਕੈਪਟਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ : ਐਨ ਕੇ ਸ਼ਰਮਾ
ਡੇਰਾਬੱਸੀ ਅਤੇ ਲਾਲੜੂ ਵਿੱਚ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦੀ ਕੀਤੀ ਮੰਗ

ਐਸ ਏ ਐਸ ਨਗਰ, 27 ਦਸੰਬਰ (ਸ.ਬ.) ਪੰਜਾਬ ਦੀ ਕਾਂਗਰਸ ਸਰਕਾਰ ਲੋਕਤੰਤਰ ਦੇ ਘਾਣ ਦੀਆਂ ਕਾਰਵਾਈਆਂ ਵਿੱਚ ਤੁਲੀ ਹੋਈ ਹੈ ਅਤੇ ਇਸ ਦੌਰਾਨ ਸੱਤਾਧਾਰੀ ਆਗੂਆਂ ਵਲੋਂ ਜਿੱਥੇ ਅਕਾਲੀ ਭਾਜਪਾ ਗਠਜੋੜ ਦੇ ਆਗਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਸਰਕਾਰ ਵਲੋਂ ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਬਿਨਾ ਵਜ੍ਹਾ ਲਮਕਾਇਆ ਜਾ ਰਿਹਾ ਹੈ| ਇਹ ਗੱਲ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਡੇਰਾਬਸੀ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹ ਇੱਥੇ ਲਾਲੜੂ ਅਤੇ ਡੇਰਾਬੱਸੀ ਦੇ ਡੇਢ ਦਰਜਨ ਕੌਂਸਲਰਾਂ ਦੇ ਨਾਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਸੀ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਲਾਲੜੂ ਅਤੇ ਡੇਰਾਬਸੀ ਵਿੱਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਤੁਰੰਤ ਕਰਵਾਈ ਜਾਵੇ|
ਸ੍ਰੀ ਸ਼ਰਮਾ ਨੇ ਕਿਹਾ ਕਿ ਲਾਲੜੂ ਅਤੇ ਡੇਰਾਬਸੀ ਵਿਚ ਮੀਤ ਪ੍ਰਧਾਨ ਦੀ ਚੋਣ ਪ੍ਰਸ਼ਾਸਨ ਵਲੋਂ ਤਿੰਨ ਵਾਰ ਪਹਿਲਾਂ ਮੁਲਤਵੀ ਕੀਤੀ ਗਈ ਹੈ| ਅੱਜ ਇਹ ਚੋਣ ਕਰਵਾਉਣ ਲਈ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਨੇ ਇਹ ਚੋਣ ਫਿਰ ਮੁਲਤਵੀ ਕਰ ਦਿਤੀ ਹੈ| ਉਹਨਾਂ ਕਿਹਾ ਕਿ ਇਸ ਚੋਣ ਨੂੰ ਕਰਵਾਉਣ ਲਈ ਉਹ ਮੁਹਾਲੀ ਜਿਲ੍ਹੇ ਦੇ ਡੀ ਸੀ ਨੂੰ ਪਹਿਲਾਂ ਵੀ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਕਾਂਗਰਸੀ ਆਗੂਆਂ ਦੀ ਸ਼ਹਿ ਉਪਰ ਇਹ ਚੋਣ ਹਰ ਵਾਰ ਟਾਲ ਦਿੱਤੀ ਜਾਂਦੀ ਹੈ|
ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਕੈਪਟਨ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ| ਹਰ ਪਾਸੇ ਹੀ ਕਾਂਗਰਸੀ ਆਗੂਆਂ ਦੀ ਧੱਕੇਸ਼ਾਹੀ ਹੋ ਰਹੀ ਹੈ| ਨਗਰ ਕੌਂਸਲਾਂ ਉਪਰ ਜਬਰੀ ਕਬਜੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ| ਉਹਨਾਂ ਇਲਜਾਮ ਲਗਾਇਆ ਕਿ ਕਾਂਗਰਸੀ ਆਗੂਆਂ ਵਲੋਂ ਡੇਰਾਬਸੀ ਵਿੱਚ ਨਾਜਾਇਜ ਕਬਜੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਉਹਨਾਂ ਨੇ ਆਪਣੇ ਹਲਕੇ ਵਿੱਚ ਜੋ ਗ੍ਰਾਂਟਾ ਦਿੱਤੀਆਂ ਸਨ ਉਹਨਾਂ ਦੀ ਵੀ ਪ੍ਰਸਾਸਨ ਵਲੋਂ ਵਰਤੋਂ ਨਹੀਂ ਹੋਣ ਦਿੱਤੀ ਜਾ ਰਹੀ| ਉਹਨਾਂ ਕਿਹਾ ਕਿ ਡੇਰਾਬਸੀ ਵਿਖੇ ਚਾਰ ਟਿਊਬਵੈਲ ਲਗਾਉਣ ਲਈ ਉਹਨਾਂ ਨੇ ਗ੍ਰਾਂਟ ਦਿਤੀ ਸੀ ਪਰ ਉਹਨਾਂ ਦਾ ਕੰਮ ਇਸ ਸਮੇਂ ਬੰਦ ਪਿਆ ਹੈ| ਇਸ ਤੋਂ ਇਲਾਵਾ ਉਹਨਾਂ ਵਲੋਂ ਗ੍ਰਾਟਾਂ ਦੇ ਕੇ ਜੋ ਕੰਮ ਸ਼ੁਰੂ ਕਰਵਾਏ ਗਏ ਸਨ ਉਹ ਸਾਰੇ ਹੀ ਕਾਂਗਰਸ ਸਰਕਾਰ ਵਲੋਂ ਬੰਦ ਕਰਵਾ ਦਿਤੇ ਗਏ ਹਨ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਤੱਕ ਅਕਾਲੀ ਭਾਜਪਾ ਦੇ 20 ਕੌਂਸਲਰਾਂ ਤੇ ਨਗਰ ਕੌਂਸਲ ਪ੍ਰਧਾਨ ਵਿਰੁਧ ਨਾਜਾਇਜ ਪਰਚੇ ਦਰਜ ਕਰ ਚੁਕੀ ਹੈ|
ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਵਿਚ ਨਾਜਾਇਜ ਮਾਈਨਿੰਗ ਹੋ ਰਹੀ ਹੈ, ਸਭ ਕੁਝ ਕੈਪਟਨ ਸਰਕਾਰ ਦੀ ਸਹਿ ਉਪਰ ਹੋ ਰਿਹਾ ਹੈ| ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੁੰ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਵੱਖਵਾਦ ਦਾ ਪ੍ਰਚਾਰ ਕਰਨ ਵਾਲਿਆਂ ਵਿਰੁਧ ਦੇਸ ਧ੍ਰੋਹ ਦੇ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ ਹਨ| ਇਸ ਮੌਕੇ ਉਹਨਾਂ ਦੇ ਨਾਲ ਡੇਰਾਬਸੀ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸੈਣੀ, ਲਾਲੜੂ ਅਤੇ ਜੀਰਕਪੁਰ ਦੇ ਕੌਂਸਲਰਾਂ ਤੋਂ ਇਲਾਵਾ ਸ੍ਰ. ਪਰਮਜੀਤ ਸਿੰਘ ਕਾਹਲੋਂ ਅਤੇ ਸ੍ਰ. ਹਰਪਾਲ ਸਿੰਘ ਚਾਨਾ (ਦੋਵੇਂ ਐਮ ਸੀ, ਨਗਰ ਨਿਗਮ ਮੁਹਾਲੀ), ਸੀਨੀਅਰ ਆਗੂ ਅਸ਼ਵਨੀ ਸੰਭਾਲਕੀ ਅਤੇ ਅਕਾਲੀ ਭਾਜਪਾ ਗਠਜੋੜ ਦੇ ਹੋਰ ਆਗੂ ਹਾਜਿਰ ਸਨ|

Leave a Reply

Your email address will not be published. Required fields are marked *